ਲੌਕਡਾਉਨ ਦੌਰਾਨ ‘ਐਨਜ਼ੈਕ ਡੇਅ’ ਦੇ ਜੰਗੀ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ

ਆਕਲੈਂਡ, 25 ਅਪ੍ਰੈਲ – ਕੋਰੋਨਾਵਾਇਰਸ ਮਹਾਂਮਾਰੀ ਦੇ ਲੌਕਡਾਉਨ ਦੇ ਚੱਲਦਿਆਂ ਅੱਜ ਦੇਸ਼ ਭਰ ਵਿੱਚ ‘ਐਨਜ਼ੈਕ ਡੇਅ’ ਵਾਲੇ ਦਿਨ ‘ਪਹਿਲੀ ਵਿਸ਼ਵ ਜੰਗ’ ਵਿੱਚ ਨਿਊਜ਼ੀਲੈਂਡ, ਆਸਟਰੇਲੀਆ ਤੇ ਭਾਰਤੀ ਖ਼ਾਸ ਕਰਕੇ ਸਿੱਖਾਂ ਵੱਲੋਂ ਗੋਲੀਪਲੀ ਦੀ ਜੰਗ ਦੌਰਾਨ ਸ਼ਹਾਦਤ ਦੇਣ ਵਾਲੇ ਤੇ ਜ਼ਖ਼ਮੀ ਫ਼ੌਜੀਆਂ ਨੂੰ ਵੱਖਰੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਗਈ। ਕੋਵਿਡ -19 ਲੌਕਡਾਉਨ ਦੇ ਕਰਕੇ ਅੱਜ ‘ਐਨਜ਼ੈਕ ਡੇਅ’ ਦੀ ‘ਡੌਨ ਸਰਵਿਸ’ ਤੇ ਹੋਰ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ, ਪਰ ਅੱਜ ਸਵੇਰੇ ਹਜ਼ਾਰਾਂ ਕੀਵੀ ਜੰਗੀ ਸ਼ਹੀਦਾਂ ਦਾ ਸਨਮਾਨ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੇ। ਇਸ ਮੌਕੇ ਸੂਰਜ ਚੜ੍ਹਨ ਤੋਂ ਪਹਿਲਾ ਸਵੇਰੇ ਲਗਭਗ 6.00 ਵਜੇ ਦੇਸ਼ ਭਰ ਵਿੱਚ ਕੀਵੀਆਂ ਨੇ ਆਪਣੇ ਲੈਟਰ ਬਾਕਸ, ਲਿਵਿੰਗ ਰੂਮ, ਡ੍ਰਾਈਵਵੇਅ, ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਸਾਹਮਣੇ ਖੜ੍ਹ ਕੇ ‘ਸਟੈਂਡ ਐਟ ਡੌਨ’ ਮੁਹਿੰਮ ਦੇ ਹਿੱਸੇ ਵਜੋਂ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਗਵਰਨਰ ਜਨਰਲ ਡੈਮੀ ਪੇਟਾ, ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਾਸੀਆਂ ਨੇ ਹਾਜ਼ਰੀ ਭਰੀ ਤੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਆਰਡਰਨ ਨੇ ਵੈਲਿੰਗਟਨ ਦੇ ਪ੍ਰੀਮੀਅਰ ਹਾਊਸ ਦੇ ਡ੍ਰਾਈਵਵੇਅ ਉੱਤੇ ਸਵੇਰੇ ਤੜਕੇ ਆਪਣੇ ਸਾਥੀ ਕਲਾਰਕ ਗੇਫੋਰਡ ਅਤੇ ਪਿਤਾ ਰੌਸ ਆਰਡਰਨ ਨਾਲ ਖੜੇ ਹੋ ਕੇ ਹਿੱਸਾ ਲਿਆ।
ਅੱਜ ਸਵੇਰੇ ਇੱਕ ਪ੍ਰਸਾਰਣ ਭਾਸ਼ਣ ਵਿੱਚ ਰੱਖਿਆ ਮੰਤਰੀ ਰੋਨ ਮਾਰਕ ਨੇ ਕਿਹਾ ਕਿ ਆਮ ਤੌਰ ‘ਤੇ ਐਨਜ਼ਕ ਡੇਅ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਇਸ ਸਾਲ ਲੌਕਡਾਉਨ ਦੇ ਅਧੀਨ ਨਹੀਂ ਹੋ ਸਕੀਆਂ. ਹਾਲਾਂਕਿ, ਇਸ ਦਿਨ ਨੂੰ ਮਨਾਉਣ ਲਈ ਬਹੁਤੇ ਕੀਵੀਆਂ ਨੇ ਸ਼ਰਧਾਂਜਲੀ ਦਿੱਤੀ ਹੈ।
‘ਐਨਜ਼ੈਕ ਡੇਅ’ ਨੂੰ ਯਾਦ ਕਰਦੇ ਹੋਏ ਪਾਪਾਟੋਏਟੋਏ ਆਰਐੱਸਏ ਦੇ ਬਾਹਰ ਵਾਲੇ ਪਾਸੇ ਸ਼ਰਧਾਂਜਲੀ ਦੇ ਚਿੰਨ੍ਹ ਰੱਖੇ ਗਏ ਹਨ। ਅਦਾਰਾ ‘ਕੂਕ ਪੰਜਾਬੀ ਸਮਾਚਾਰ’ ਨੇ ਵੀ ਆਪਣੇ ਦਫ਼ਤਰ ਵਿਖੇ ਪੌਪੀ ਫੁੱਲ ਲੱਗਾ ਕੇ ਸ਼ਹੀਦ ਫ਼ੌਜੀਆਂ ਨੂੰ ਯਾਦ ਕੀਤਾ। ਗੌਰਤਲਬ ਹੈ ਕਿ ਹੋਰ ਬਹੁਤ ਸਾਰੇ ਕੀਵੀਆਂ ਨੇ ਘਰਾਂ ਦੀਆਂ ਵਿੰਡੋਜ਼, ਗੇਟ, ਲੈਟਰ ਬਾਕਸ ਆਦਿ ਸ਼ਰਧਾਂਜਲੀ ਵਜੋਂ ਸਜਾਏ ਗਏ ਹਨ। ਸਿਟੀ ਵਿਖੇ ਸਕਾਈ ਟਾਵਰ, ਹਾਰਬਰ ਬ੍ਰਿਜ ਤੇ ਆਕਲੈਂਡ ਮਿਊਜ਼ੀਅਮ ਨੂੰ ਵੀ ਸ਼ਹੀਦ ਫ਼ੌਜੀਆਂ ਦੀ ਯਾਦ ਵਜੋਂ ਸਜਾਇਆ ਗਿਆ।