ਨਿਊਜ਼ੀਲੈਂਡ ‘ਚ ਕੋਰੋਨਾ ਨਾਲ 1 ਹੋਰ ਮੌਤ ਗਿਣਤੀ 18 ਹੋਈ ਅਤੇ 5 ਨਵੇਂ ਮਾਮਲੇ ਸਾਹਮਣੇ ਆਏ, ਗਿਣਤੀ 1,461 ‘ਤੇ ਪੁੱਜੀ

ਵੈਲਿੰਗਟਨ, 25 ਅਪ੍ਰੈਲ – ਨਿਊਜ਼ੀਲੈਂਡ ‘ਚ ਬੀਤੀ ਰਾਤ ਆਕਲੈਂਡ ਦੀ ਇੱਕ 70 ਸਾਲਾ ਮਹਿਲਾ ਦਾ ਦਿਹਾਂਤ ਹੋਣ ਤੋਂ ਬਾਅਦ ਹੁਣ ਕੋਵਿਡ -19 ਨਾਲ 18 ਲੋਕਾਂ ਦੀ ਮੌਤ ਹੋ ਗਈ ਹੈ। ਮਨਿਸਟਰੀ ਆਫ਼ ਹੈਲਥ ਨੇ ਤਾਜ਼ਾ ਮੌਤ ਦੇ ਨਾਲ 5 ਨਵੇਂ ਕੋਵਿਡ -19 ਮਾਮਲਿਆਂ ਦੀ ਪੁਸ਼ਟੀ ਕੀਤੀ। 4 ਕੇਸ ਮੌਜੂਦਾ ਕਲਸਟਰ ਨਾਲ ਜੁੜੇ ਹੋਏ ਹਨ ਅਤੇ ਇੱਕ ਅਜੇ ਵੀ ਜਾਂਚ ਅਧੀਨ ਹੈ।
ਆਕਲੈਂਡ ਦੀ ਜਿਸ ਮਹਿਲਾ ਦੀ ਬੀਤੀ ਰਾਤ ਮੌਤ ਹੋਈ ਸੀ, ਉਹ ਵੈੱਟਾਕੇਅਰ ਹਸਪਤਾਲ ਵਿੱਚ ਸੀ ਅਤੇ ਉਸ ਨੂੰ ਸੀਐਚਟੀ ਸੈਂਟ ਮਾਰਗਰੇਟ ਹਸਪਤਾਲ ਅਤੇ ਰੈਸਟ ਹੋਮ ਤੋਂ ਤਬਦੀਲ ਕਰ ਦਿੱਤਾ ਗਿਆ ਸੀ। ਉਹ ਵਾਇਰਸ ਨਾਲ ਮਰਨ ਵਾਲੀ ਦੂਜੀ ਨਿਵਾਸੀ ਹੈ, ਜੋ ਸੀਐਚਟੀ ਸੈਂਟ ਮਾਰਗਰੇਟ ਤੋਂ ਵੈੱਟਾਕੇਅਰ ਵਿੱਚ ਤਬਦੀਲ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,461 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,118 ਹੋ ਗਈ ਹੈ। ਹਸਪਤਾਲ ਵਿੱਚ 7 ਲੋਕ ਹਨ, ਜੋ ਕੱਲ੍ਹ ਦੇ ਮੁਕਾਬਲੇ ਇੱਕ ਘੱਟ ਹੈ। 1 ਵਿਅਕਤੀ ਆਈ.ਸੀ.ਯੂ. ਵਿੱਚ ਮਿਡਲਮੋਰ ਹਸਪਤਾਲ ਵਿਖੇ ਹੈ।
ਨਿਊਜ਼ੀਲੈਂਡ ਦੇ 1,461 ਕੇਸਾਂ ਵਿੱਚੋਂ 1,116 ਕੰਨਫ਼ਰਮ ਅਤੇ 345 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 325 ਐਕਟਿਵ ਅਤੇ 1,118 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 18 ਮੌਤਾਂ ਹੋਈਆ ਹਨ। 77% ਕੰਨਫ਼ਰਮ ਅਤੇ ਪ੍ਰੋਬੈਵਲੀ ਕੇਸ ਰਿਕਵਰ ਹੋਏ ਹਨ।