ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ ਦਾ ਦੇਹਾਂਤ, ਲੋਕ ਗਾਇਕੀ ਦੇ ਇੱਕ ਯੁੱਗ ਦਾ ਅੰਤ

ਅੰਮ੍ਰਿਤਸਰ, 22 ਨਵੰਬਰ – ਲੰਮੀ ਹੇਕ ਦੀ ਮਲਿਕਾ ਤੇ ਸਾਫ਼-ਸੁਥਰੀ ਗਾਇਕੀ ਰਾਹੀਂ ਅੱਧੀ ਸਦੀ ਤੋਂ ਵੱਧ ਸਮਾਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦੇਹਾਂਤ ਹੋ ਗਿਆ। ਲਗਭਗ 77 ਸਾਲ ਦੀ ਗਾਇਕਾ ਗੁਰਮੀਤ ਬਾਵਾ ਨੇ 21 ਨਵੰਬਰ ਨੂੰ ਸਵੇਰੇ ਅੰਮ੍ਰਿਤਸਰ ਸਥਿਤ ਆਪਣੇ ਘਰ ‘ਚ ਆਖ਼ਰੀ ਸਾਹ ਲਏ। ਲੰਮੀ ਹੇਕ ਦੀ ਮਲਿਕਾ ਗਾਇਕਾ ਗੁਰਮੀਤ ਬਾਵਾ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਸਵੇਰੇ ਗੁਰਦੁਆਰਾ ਸ਼ਹੀਦਗੰਜ ਚਾਟੀਵਿੰਡ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ‘ਤੇ ਫੁਲਕਾਰੀ ਪਾਈ ਹੋਈ ਸੀ। ਗੁਰਮੀਤ ਬਾਵਾ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਨੇ ਵਿਖਾਈ। ਇਸ ਮੌਕੇ ਪੰਜਾਬ ‘ਚੋਂ ਵੱਡੀ ਗਿਣਤੀ ‘ਚ ਗਾਇਕ ਪੁੱਜੇ ਹੋਏ ਸਨ, ਜਿਨ੍ਹਾਂ ਗੁਰਮੀਤ ਬਾਵਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਬਾਰੇ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਅਤੇ ਉਨ੍ਹਾਂ ਦੀ ਬੇਟੀ ਗਲੋਰੀ ਬਾਵਾ ਨੇ ਦੱਸਿਆ ਕਿ ਗੁਰਮੀਤ ਬਾਵਾ ਦੀ ਸਿਹਤ ਬੀਤੇ ਦੋ ਤਿੰਨ ਦਿਨਾਂ ਤੋਂ ਕੁੱਝ ਢਿੱਲੀ ਚੱਲ ਰਹੀ ਸੀ ਅਤੇ ਅੱਜ ਐਤਵਾਰ ਨੂੰ ਸਵੇਰੇ 11 ਵਜੇ ਦੇ ਲਗਭਗ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਗੁਰਮੀਤ ਬਾਵਾ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਵੱਡੀ ਗਿਣਤੀ ਵਿੱਚ ਸਾਹਿਤਕਾਰ, ਗਾਇਕ, ਲੇਖਕ, ਸੰਗੀਤਕਾਰ ਅਤੇ ਹੋਰ ਸ਼ਖ਼ਸੀਅਤਾਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਗਈਆਂ, ਜਿਨ੍ਹਾਂ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਅਤੇ ਬੇਟੀ ਗਲੋਰੀ ਬਾਵਾ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਪਰਗਟ ਸਿੰਘ, ਪਦਮਸ੍ਰੀ ਸੂਫ਼ੀ ਗਾਇਕ ਪੂਰਨ ਚੰਦ ਵਡਾਲੀ, ਸੂਫ਼ੀ ਗਾਇਕ ਲਖਵਿੰਦਰ ਵਡਾਲੀ, ਲੋਕ ਗਾਇਕ ਪੰਮੀ ਬਾਈ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਪੰਜਾਬ ਕਲਾ ਪ੍ਰੀਸ਼ਦ ਵੱਲੋਂ ਦੀਵਾਨ ਮਾਨ, ਪ੍ਰੋ. ਸੁਰਜੀਤ ਜੱਜ, ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਲੰਮੀ ਹੇਕ ਦੀ ਮਲਿਕਾ ਗਾਇਕਾ ਗੁਰਮੀਤ ਬਾਵਾ ਦੇ ‘ਮੇਰੀ ਜੁਗਨੀ ਦੇ ਧਾਗੇ ਬੱਗੇ…..’, ‘ਮਿਰਜ਼ਾ’, ‘ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ’, ‘ਹਰੀਏ ਨੀ ਰਸ ਭਰੀਏ ਖਜੂਰੇ, ਕਿੰਨ੍ਹੇ ਦਿੱਤਾ ਏਨੀ ਦੂਰ ਏ’ ਵਰਗੇ ਅਨੇਕਾਂ ਹੀ ਲੋਕ ਗੀਤਾਂ ਅਤੇ ਹੋਰ ਗੀਤ ਮਸ਼ਹੂਰ ਸਨ। ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਵਾਈ। ਉਨ੍ਹਾਂ ਦੀ ਗਾਇਕੀ ਦਾ ਇੱਕ ਆਪਣਾ ਵੱਖਰਾ ਹੀ ਅੰਦਾਜ਼ ਸੀ।