ਲੱਕਤੋੜ ਟੈਕਸਾਂ ਦੀ ਇਹ ਸਿਰਫ ਸ਼ੁਰੂਆਤ : ਕੈਪਟਨ ਅਮਰਿੰਦਰ

ਚੰਡੀਗੜ੍ਹ, 29 ਅਗਸਤ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਵਲੋਂ ਕੱਲ੍ਹ ਸੂਬੇ ਦੇ ਲੋਕਾਂ ‘ਤੇ ਥੋਪੇ ਟੈਕਸਾਂ ਦੇ ਹੜ੍ਹ ਦੀ ਨਿੰਦਾ ਕੀਤੀ ਹੈ। ਜਿਸ ਨੂੰ ਉਨ੍ਹਾਂ ਨੇ ਲੱਕਤੋੜ ਟੈਕਸਾਂ ਦੀ ਸਿਰਫ ਸ਼ੁਰੂਆਤ ਕਰਾਰ ਦਿੱਤਾ ਹੈ, ਜਿਹੜੇ ਆਉਣ ਵਾਲੇ ਦਿਨਾਂ ‘ਚ ਗਠਜੋੜ…… ਸਰਕਾਰ ਪੰਜਾਬ ਦੇ ਲੋਕਾਂ ‘ਤੇ ਲੱਦਣ ਵਾਲੀ ਹੈ।
ਵੈਟ, ਇਨਫਰਾਸਟਰੱਕਚਰ ਸੈਸ ‘ਚ ਕੀਤੇ ਵਾਧੇ, ਸਾਰੀਆਂ ਪ੍ਰਾਰਪਟੀਆਂ ‘ਤੇ ਲਗਾਏ ਗਏ ਟੈਕਸ ਅਤੇ ਹੋਰਨਾਂ ਟੈਕਸਾਂ ‘ਤੇ ਸਖਤ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਇਸਦੀ ਉਹ ਪਹਿਲਾਂ ਤੋਂ ਹੀ ਸ਼ੰਕਾ ਜਤਾ ਰਹੇ ਸਨ। ਕਿਉਂਕਿ ਇਹ ਸਰਕਾਰ ਪਹਿਲਾਂ ਹੀ ਦੀਵਾਲਿਆ ਹੋ ਚੁੱਕੀ ਹੈ। ਜਿਹੜੀ ਪਹਿਲਾਂ ਹਾਊਸ ‘ਚ ਟੈਕਸ ਫਰੀ ਬਜਟ ਪੇਸ਼ ਕਰਨ ਤੋਂ ਬਾਅਦ ਹੁਣ ਲੋਕਾਂ ‘ਤੇ ਭਾਰੀ ਟੈਕਸ ਲਗਾ ਕੇ ਉਨ੍ਹਾਂ ਨੂੰ ਲੁੱਟ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਦੀ ਅਰਥ ਵਿਵਸਥਾ ਸੁਧਾਰਨ ਲਈ ਲੱਕਤੋੜ ਟੈਕਸ ਲਗਾਉਣ ਕੋਈ ਹੱਲ ਨਹੀਂ ਹੈ। ਇਸ ਦੀ ਬਜਾਏ ਸਰਕਾਰ ਨੂੰ ਸੂਬੇ ‘ਚ ਨਿਵੇਸ਼ ਲਿਆਉਣ ਲਈ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ ਹੈ ਤੇ ਨੌਕਰੀਆਂ ਅਤੇ ਸਾਧਨ ਪੈਦਾ ਕਰਨੇ ਚਾਹੀਦੇ ਹਨ। ਜਦੋਂ ਕਿ ਅਜਿਹੇ ਟੈਕਸ ਲਗਾ ਕੇ ਤੁਸੀਂ ਸਿਰਫ ਨਿਵੇਸ਼ਕਾਂ ਦਾ ਉਤਸਾਹ ਖਤਮ ਕਰ ਰਹੇ ਹੋ, ਜਿਸ ਨਾਲ ਉਨ੍ਹਾਂ ਦੇ ਮੰਨ ‘ਚ ਪੰਜਾਬ ‘ਚ ਨਿਵੇਸ਼ ਕਰਨ ਨੂੰ ਲੈ ਕੇ ਸਵਾਲ ਪੈਦਾ ਹੋਣਗੇ।