ਸੁਖਬੀਰ ਸਿੰਘ ਬਾਦਲ ਵੱਲੋਂ ਮੁੱਲਾਂਪੁਰ ਵਿਸਥਾਰ ਯੋਜਨਾ ਨੂੰ ਪ੍ਰਵਾਨਗੀ

ਐਸ.ਏ.ਐਸ. ਨਗਰ (ਮੁਹਾਲੀ), 29 ਅਗਸਤ (ਏਜੰਸੀ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੁੱਲਾਂਪੁਰ ਦੀ ਵਿਸਥਾਰ ਯੋਜਨਾ ਨੂੰ ਪ੍ਰਵਾਨਗੀ ਦੇ ਕੇ ਭਵਿੱਖ ਵਿਚ ਹੋਣ ਵਾਲੇ ਵਿਕਾਸ ਲਈ ਇਸ ਖੇਤਰ ਦੇ ਕੇਂਦਰ ਬਿੰਦੂ ਬਣਨ ਦਾ ਮੁੱਢ ਬੰਨ੍ਹ ਦਿੱਤਾ ਹੈ।
ਬੀਤੀ ਸ਼ਾਮ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੁੱਲਾਂਪੁਰ ਟਾਊਨਸ਼ਿਪ…… ਨੂੰ ਅਤਿ ਆਧੁਨਿਕ ਸਹੂਲਤਾਂ ਵਾਲੀ ਭਵਿੱਖ ਦੀ ਟਾਊਨਸ਼ਿਪ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਸ਼ਹਿਰ ਦਾ ਸੜਕੀ ਨੈਟਵਰਕ ਮਾਸਟਰ ਪਲਾਨ ਨਾਲ ਪੂਰੀ ਤਰ੍ਹਾਂ ਇਕਸੁਰ ਹੋਵੇ ਅਤੇ ਸੜਕਾਂ ਦੀ ਵਿਉਂਤਬੰਦੀ ਅਗਲੇ 50 ਸਾਲਾਂ ਤੱਕ ਹੋਣ ਵਾਲੇ ਵਿਕਾਸ ਦੇ ਮੱਦੇਨਜ਼ਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਵੀ ਲਾਜ਼ਮੀ ਬਣ ਗਿਆ ਹੈ ਕਿ ਮੁੱਲਾਂਪੁਰ ਖੇਤਰ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਮੈਡੀਸਿਟੀ ਤੇ ਐਜ਼ੂਸਿਟੀ ਲਈ ਵਿਸ਼ਵ ਪੱਧਰੀ ਹਸਪਤਾਲਾਂ ਅਤੇ ਯੂਨੀਵਰਸਿਟੀਆਂ ਨੂੰ ਕੈਂਪਸ ਸਥਾਪਿਤ ਕਰਨ ਲਈ ਆਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਐਜ਼ੂਸਿਟੀ ਨੂੰ ਆਕਸਫੋਰਡ ਯੂਨੀਵਰਸਿਟੀ ਪੈਟਰਨ ‘ਤੇ ਵਿਕਸਿਤ ਕੀਤਾ ਜਾਵੇਗਾ।
ਮੁੱਲਾਂਪੁਰ ਦੇ ਯੋਜਨਾਬੱਧ ਖੇਤਰ ਵਿੱਚ ਅਣਅਧਿਕਾਰਤ ਤੇ ਗੈਰਪ੍ਰਵਾਨਿਤ ਕਾਲੋਨੀਆਂ ਦੀ ਭਰਮਾਰ ਬਾਰੇ ਚੌਕਸ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਲਈ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਉਹ ਅਣਅਧਿਕਾਤ ਨਿਰਮਾਣ ਨੂੰ ਸਖਤੀ ਨਾਲ ਰੋਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਲੌਨਾਈਜ਼ਰ ਨੂੰ ਉਸ ਦੇ ਪਲਾਨ ਦੀ %ਪ੍ਰਵਾਨਗੀ ਤੋਂ ਬਿਨ੍ਹਾਂ ਨਿਰਮਾਣ ਦੀ ਆਗਿਆ ਨਾ ਦਿੱਤੀ ਜਾਵੇ ਤੇ ਗਮਾਡਾ ਇਹ ਯਕੀਨੀ ਬਣਾਵੇ ਕਿ ਹਰ ਮਨਜ਼ੂਰਸੁਦਾ ਕਾਲੋਨੀ ਲਈ ਵਿਸ਼ਵ ਪੱਧਰੀ ਸੜਕੀ ਨੈਟਵਰਕ ਤੋਂ ਇਲਾਵਾ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਲੋਨੀਆਂ ਦੇ ਕੰਮ ਕਾਜ ਦੀ ਸਮੀਖਿਆ ਕਰਦਿਆਂ ਉੱਥੇ ਮੁਹੱਈਆ ਕਰਵਾਉਣ ਵਾਲੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ।
ਗਮਾਡਾ ਨੂੰ ਜ਼ੀਰਕਪੁਰ ਤੇ ਡੇਰਾਬੱਸੀ ਨੇੜੇ ਇਕ ਨਵੀਂ ਟਾਊਨਸ਼ਿਪ ਦੀ ਸਥਾਪਨਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੇ ਨਿਰਦੇਸ਼ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਗਮਾਡਾ ਨੂੰ  ਭਵਿੱਖ ਵਿੱਚ ਅਣਅਧਿਕਾਰਤ ਕਾਲੋਨੀਆਂ ਦੀ ਭਰਮਾਰ ਦੀ ਚੁਣੌਤੀ ਨੂੰ ਰੋਕਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਅਤਿ ਆਧੁਨਿਕ ਸਹੂਲਤਾਂ ਵਾਲੀਆਂ ਨਵੀਆਂ ਟਾਊਨਸ਼ਿਪਾਂ ਦੀ ਕਾਇਮੀ ਲਈ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਪੁੱਡਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਬਠਿੰਡਾ ਦੀਆਂ ਵਿਸਥਾਰ ਯੋਜਨਾਵਾਂ ਬਾਰੇ ਖਾਕੇ ਤਿਆਰ ਕਰਨ ਤਾਂ ਜੋ ਲੋਕਾਂ  ਨੂੰ ਜਾਇਜ਼ ਦਰਾਂ ‘ਤੇ ਘਰ ਮੁਹੱਈਆ ਕਰਵਾਏ ਜਾ ਸਕਣ।
ਮੀਟਿੰਗ ਵਿੱਚ ਸ੍ਰੀ ਅਜੌਏ ਸਿਨਹਾ ਮੁੱਖ ਪ੍ਰਸ਼ਾਸ਼ਕ ਗਮਾਡਾ, ਸ੍ਰੀ ਮਨਵੇਸ਼ ਸਿੰਘ ਸਿੱਧੂ ਮੁੱਖ ਪ੍ਰਸ਼ਾਸ਼ਕ ਪੁੱਡਾ, ਸ੍ਰੀ ਮਨਜੀਤ ਸਿੰਘ ਬਰਾੜ ਵਧੀਕ ਮੁੱਖ ਪ੍ਰਸ਼ਾਸ਼ਕ ਗਮਾਡਾ ਅਤੇ ਸ੍ਰੀ ਅਜੇ ਕੁਮਾਰ ਮਹਾਜਨ ਵਿਸ਼ੇਸ਼ ਪ੍ਰਮੁੱਖ ਸਕੱਤਰ /ਉਪ ਮੁੱਖ ਮੰਤਰੀ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੋਏ।