ਮੁੱਖ ਮੰਤਰੀ ਵਲੋਂ ਰਾਜਪੁਰਾ ਵਿਖੇ ਵਾਟਰ ਸਪਲਾਈ, ਸੀਵਰੇਜ਼ ਤੇ ਸੀਵਰੇਜ਼ ਟਰੀਟਮੈਂਟ ਪਲਾਂਟ ਲਈ ੪ ਕਰੋੜ ਮਨਜ਼ੂਰ

ਚੰਡੀਗੜ੍ਹ, 29 ਅਗਸਤ (ਏਜੰਸੀ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਰਾਜਪੁਰਾ ਵਿਖੇ ਚੱਲ ਰਹੇ ਵਾਟਰ ਸਪਲਾਈ, ਸਿਵਰੇਜ਼ ਅਤੇ ਸੀਵੇਜ਼ ਟਰੀਟਮੈਂਟ ਪਲਾਂਟ ਦੀ ਸਥਾਪਤੀ ਦੇ ਕੰਮਾਂ ਲਈ 4 ਕਰੋੜ ਰੁਪਏ ਜਾਰੀ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਸਬੰਧੀ ਫ਼ੈਸਲਾ ਸ. ਬਾਦਲ ਵਲੋਂ ਅੱਜ ਇੱਥੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਪੈਪਸੂ ਨਗਰ ਵਿਕਾਸ ਬੋਰਡ ਦੀ 94ਵੀਂ ਮੀਟਿੰਗ……. ਵਿੱਚ ਲਿਆ ਗਿਆ। ਗੱਲਬਾਤ ਦੌਰਾਨ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਨੇ ਇਹ ਸਪੱਸ਼ਟ ਰੂਪ ਵਿੱਚ ਜ਼ਾਹਰ ਕੀਤਾ ਕਿ ਸਰਕਾਰ ਵਲੋਂ ਸਿਵਰੇਜ਼ ਅਤੇ ਸੀਵੇਜ਼ ਟਰੀਟਮੈਂਟ ਪਲਾਂਟ ਦੇ ਕੰਮਾਂ ਨੂੰ ਉਚ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਹਦਾਇਤ ਕੀਤੀ ਕਿ ਉਹ ਇਸ ਸਾਰੇ ਕੰਮ ਨੂੰ ਆਪਣੀ ਨਿੱਜੀ ਨਿਗਰਾਨੀ ਹੇਠ ਕਰਵਾਉਣ।
ਮੁੱਖ ਮੰਤਰੀ ਵਲੋਂ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਵਿੱਚ ਇੱਕ 7 ਮੈਂਬਰੀ ਸੋਸਾਇਟੀ ਗਠਿਤ ਕੀਤੇ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਜੋ ਹਾਲ ਹੀ ਵਿੱਚ ਤ੍ਰਿਪੜੀ ਵਿਖੇ 1.25 ਏਕੜ ‘ਤੇ 2.51 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਜੰਝ ਘਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਏਗੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਰਾਜਪੁਰਾ ਵਿਖੇ 14.36 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਉਪ-ਮੰਡਲ ਕੰਪਲੈਕਸ ਵਿੱਚ ਰਾਜ ਸਰਕਾਰ ਦੇ ਬਹੁਤ ਸਾਰੇ ਦਫ਼ਤਰਾਂ ਨੂੰ ਤਬਦੀਲ ਕੀਤਾ ਜਾ ਚੁੱਕਾ ਹੈ ਜਦੋਂ ਕਿ ਰਾਜਪੁਰਾ ਵਿਖੇ ਸਥਾਪਤ ਕੀਤੀ ਜਾ ਰਹੀ ਮਲਟੀ ਡਸਿਪਲਨਰੀ ਅਕੈਡਮੀ ਦੇ ਪਹਿਲੇ ਪੜਾਅ ਦਾ ਕੰਮ 8.31 ਖਰਚ ਕਰਕੇ ਮੁਕੰਮਲ ਕੀਤਾ ਜਾ ਚੁੱਕਾ ਹੈ। ਰਾਜਪੁਰਾ ਵਿਖੇ ਗਰੀਬ ਲੋਕਾਂ ਲਈ ਉਸਾਰੇ ਜਾ ਰਹੇ ਰਹਿਣ ਬਸੇਰਾ ਪ੍ਰਾਜੈਕਟ ਤਹਿਤ 720 ਫਲੈਟਾਂ, ਜਿਨ੍ਹਾਂ ‘ਤੇ 2974 ਕਰੋੜ ਰੁਪਏ ਖਰਚ ਆਉਣੇ ਹਨ, ਦੇ ਸਬੰਧ ਵਿੱਚ ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸਰਕਾਰ ਦੀ ਭਾਈਵਾਲੀ ਨਾਲ ਉਸਾਰੇ ਜਾ ਰਹੇ ਇਸ ਪ੍ਰਾਜੈਕਟ ਲਈ ਬੋਰਡ ਵਲੋਂ ਆਪਣੇ ਬਣਦੇ 21.52 ਕਰੋੜ ਰੁਪਏ ਦੇ ਹਿੱਸੇ ਵਿਚੋਂ 11 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਜਦੋਂ ਕਿ ਕੇਂਦਰ ਸਰਕਾਰ ਵਲੋਂ ਆਪਣੇ ਕੁੱਲ ਹਿੱਸੇ ਦੇ 8.22 ਕਰੋੜ ਰੁਪਏ ਵਿਚੋਂ 4.11 ਕਰੋੜ ਰੁਪਏ ਹਿੱਸਾ ਪਾਇਆ ਗਿਆ ਹੈ।
ਮੀਟਿੰਗ ਦੌਰਾਨ ਰਾਜਪੁਰਾ ਵਿਖੇ ਭੋਗਲਾ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ, ਪ੍ਰਤਾਪ ਕਲੋਨੀ, ਗੁਰੂ ਅਰਜਨ ਦੇਵ ਵਿਸਥਾਰ ਕਲੋਨੀ ਅਤੇ ਹੋਰ ਥਾਵਾਂ ‘ਤੇ ਬੋਰਡ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਦੀ ਹੋਣ ਵਾਲੀ ਬੋਲੀ ਦੇ ਸਬੰਧ ਵਿੱਚ ਸ. ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਇਹ ਬੋਲੀ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਇਸ ਦੀ ਮੁਕੰਮਲ ਵੀਡੀਓਗ੍ਰਾਫੀ ਕਰਾਏ ਜਾਣ ਦੀ ਹਦਾਇਤ ਦਿੱਤੀ।
ਮੁੱਖ ਮੰਤਰੀ ਵਲੋਂ ਬੋਰਡ ਨੂੰ ਉਨ੍ਹਾਂ 14 ਵਿਅਕਤੀਆਂ ਜਿਨ੍ਹਾਂ ਦੁਆਰਾ ਅਲਾਟਮੈਂਟ ਉਪਰੰਤ ਪਲਾਟਾਂ ਦੇ ਬਕਾਏ ਦੀ ਰਾਸ਼ੀ ਬੋਰਡ ਨੂੰ ਅਦਾ ਨਹੀਂ ਕੀਤੀ ਗਈ ਦੇ ਪਲਾਟਾਂ ਨੂੰ ਪੈਪਸੂ ਨਗਰ ਵਿਕਾਸ ਬੋਰਡ ਡਿਸਪੋਜ਼ਲ ਆਫ਼ ਪ੍ਰਾਪਰਟੀ ਰੂਲਜ-2003 ਦੇ ਤਹਿਤ ਜ਼ਬਤ ਕੀਤੇ ਜਾਣ ਸਬੰਧੀ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਬਕਾਇਆ ਰਾਸ਼ੀ ਦੋ ਮਹੀਨੇ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ ਕਰਕੇ ਇੱਕ ਆਖ਼ਰੀ ਮੌਕਾ ਦਿੱਤੇ ਜਾਣ ਲਈ ਕਿਹਾ ਗਿਆ।
ਇਸ ਮੌਕੇ ‘ਤੇ ਮੀਟਿੰਗ ਵਿੱਚ ਸਾਬਕਾ ਪਾਰਲੀਮਾਨੀ ਸਕੱਤਰ ਸ਼੍ਰੀ ਰਾਜ ਖੁਰਾਨਾ, ਵਿੱਤ ਕਮਿਸ਼ਨਰ ਮਾਲ ਸ਼੍ਰੀ ਐਨ.ਐਸ. ਕੰਗ, ਡਾਇਰੈਕਟਰ ਤਕਨੀਕੀ ਸਿੱਖਿਆ ਸ਼੍ਰੀ ਬੀ. ਪੁਰਸ਼ਾਰਥਾ, ਸਪੈਸ਼ਲ ਸਕੱਤਰ ਹਾਊਸਿੰਗ ਸ਼੍ਰੀ ਪ੍ਰਿਥੀ ਚੰਦ, ਸਕੱਤਰ ਮਾਲ-ਕਮ-ਪ੍ਰਸ਼ਾਸ਼ਕ ਪੈਪਸੂ ਬੋਰਡ ਸ਼੍ਰੀ ਡੀ.ਡੀ. ਤਰਨੈਚ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਗੁਰਕੀਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸਥਾਨਕ ਸਰਕਾਰ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ, ਵਿਸ਼ੇਸ਼ ਸਕੱਤਰ ਖਰਚਾ ਸ਼੍ਰੀ ਦਲੀਪ ਕੁਮਾਰ, ਐਮ.ਡੀ. ਪੰਜਾਬ ਵਾਟਰ ਸਪਲਾਈ ਅਤੇ ਸਿਵਰੇਜ਼ ਬੋਰਡ ਸ਼੍ਰੀ ਸੱਤਪਾਲ ਅੰਗਰੂਲਾ, ਸਹਾਇਕ ਪ੍ਰਸ਼ਾਸ਼ਕ ਪੈਪਸੂ ਬੋਰਡ ਸ਼੍ਰੀ ਗੁਰਮੰਦਰ ਸਿੰਘ ਅਤੇ ਐਮ.ਸੀ. ਪਟਿਆਲਾ ਸ਼੍ਰੀਮਤੀ ਸਰਿਤਾ ਗੇਰਾ ਵੀ ਸ਼ਾਮਲ ਸਨ।