ਬਿੱਟੂ ਅਤੇ ਸਿੱਧੂ ਵਲੋਂ ਪਿੰਡ ਰਾਏਪੁਰ ਕਲਾਂ ਵਿਖੇ 2 ਲੱਖ ਰੁਪਏ ਦੀ ਗ੍ਰਾਂਟ ਭੇਂਟ

ਮੋਹਾਲੀ, 29 ਅਗਸਤ (ਏਜੰਸੀ) – ਕੇਂਦਰ ਦੀ ਯੂ. ਪੀ. ਏ. ਸਰਕਾਰ ਵਲੋਂ ਗ਼ਰੀਬ ਲੋਕਾਂ ਦੀ ਭਲਾਈ ਵਾਸਤੇ ਵਿਸ਼ੇਸ਼ ਸਕੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨਾਲ ਦੇਸ਼ ਦੇ ਗ਼ਰੀਬ ਤਬਕਿਆਂ ਦੇ ਲੋਕਾਂ ਨੂੰ ਕਾਫੀ ਲਾਭ ਪੁੱਜਾ ਹੈ। ਇਹ ਵਿਚਾਰ ਨਜ਼ਦੀਕੀ ਪਿੰਡ ਰਾਏਪੁਰ ਕਲਾਂ ਵਿਖੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਨਾਲ ਪਿੰਡ ਦੀ ਐੱਸ. ਸੀ. ਧਰਮਸ਼ਾਲਾ ਵਾਸਤੇ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਂਟ ਕਰਨ ਮਗਰੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪ੍ਰਗਟ ਕੀਤੇ। ਪਿੰਡ ਵਿਖੇ ਆਯੋਜਿਤ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਨਰੇਗਾ, ਸਿੱਖਿਆ ਦਾ ਅਧਿਕਾਰ ਕਾਨੂੰਨ ਅਤੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਆਦਿ ਨਾਲ ਦੇਸ਼ ਦੇ ਗ਼ਰੀਬ ਲੋਕਾਂ ਨੂੰ ਜਿਥੇ ਰੁਜ਼ਗਾਰ ਮਿਲਿਆ ਹੈ, ਉਥੇ ਹੀ ਉਨ੍ਹਾਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ……… ਮੁਹੱਈਆ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਗ਼ਰੀਬ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਸਕੀਮਾਂ ਪ੍ਰਤੀ ਜਾਗਰੂਕ ਹੋ ਕੇ ਇਨ੍ਹਾਂ ਵੱਡੀ ਪੱਧਰ ‘ਤੇ ਲਾਹਾ ਲੈਣ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨੂੰ ਜਲਦ ਤੋਂ ਜਲਦ ਸਬੰਧਿਤ ਵਿਕਾਸ ਕਾਰਜਾਂ ਉੱਤੇ ਖਰਚ ਕਰਨ ਤਾਂ ਕਿ ਉਨ੍ਹਾਂ ਨੂੰ ਹੋਰਨਾਂ ਵਿਕਾਸ ਕਾਰਜਾਂ ਵਾਸਤੇ ਹੋਰ ਗ੍ਰਾਂਟ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪੋ ਆਪਣੇ ਇਲਾਕਿਆਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਐਸਟੀਮੇਟ ਬਣਾ ਕੇ ਉਨ੍ਹਾਂ ਤੱਕ ਪਹੁੰਚਾਉਣ ਤਾਂ ਕਿ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਸਾਂਸਦਾਂ ਦੇ ਅਖ਼ਤਿਆਰੀ ਕੋਟੇ ਵਿੱਚ ਗ੍ਰਾਂਟਾਂ ਦੇ ਗੱਫੇ ਲਿਆ ਕੇ ਹਲਕਾ ਵਿੱਚ ਵੰਡ ਸਕਣ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸ੍ਰੀ ਬਿੱਟੂ ਅਤੇ ਸ੍ਰੀ ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਰਾਜਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ, ਭੁਪਿੰਦਰ ਸਿੰਘ ਸੁਰਮਾ, ਕਰਮਜੀਤ ਸਿੰਘ ਕਰਮਾ ਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਚੌ. ਦੀਪ ਚੰਦ ਗੋਬਿੰਦਗੜ੍ਹ, ਚੌ. ਰਿਸ਼ੀਪਾਲ ਸਨੇਟਾ, ਕਰਮਜੀਤ ਸਿੰਘ ਭਾਗੋ ਮਾਜਰਾ, ਠੇਕੇਦਾਰ ਮੋਹਨ ਸਿੰਘ ਬਠਲਾਣਾ ਕਰਮ ਸਿੰਘ ਮਾਣਕਪੁਰ ਕਲੱਰ, ਜੀ.ਐੱਸ. ਮਾਨ, ਇੰਦਰਜੀਤ ਸਿੰਘ ਖੋਖਰ ਆਦਿ ਵੀ ਹਾਜ਼ਰ ਸਨ।