ਸਿਖਿਆਰਥੀ ਚੇਤਨਾ ਕੈਂਪ ਦੇ ਸਰਵੇ ਦੀ ਤਸਵੀਰ ਰਾਹੀਂ : ਦੇਸ਼ ਭਗਤ ਯਾਦਗਾਰ ਕਮੇਟੀ

ਸਿਖਿਆਰਥੀ ਦਿਖਾਇਆ ਸਮਾਜੀ ਹਕੀਕਤਾਂ ਦਾ ਦਰਪਣ 

ਜਲੰਧਰ, 29 ਅਗਸਤ – ਕਿਰਤੀ ਲਹਿਰ ਦੇ ਸਿਰਮੌਰ ਆਗੂ ਭਾਈ ਸੰਤੋਖ ਸਿੰਘ ‘ਕਿਰਤੀ’ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਿਖਿਆਰਥੀ ਚੇਤਨਾ ਕੈਂਪ ‘ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਜੁੜੇ ਸਿਖਿਆਰਥੀ ਜੋ ਕੈਂਪ ਦੀ ਸਮਾਪਤੀ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਦਿੱਤਾ ਸਰਵੇ-ਫਾਰਮ ਭਰ ਕੇ ਗਏ ਹਨ ਉਸ ਤੋਂ ਇਤਿਹਾਸ, ਵਿਰਸੇ, ਸਾਹਿਤ, ਕਲਾ, ਮਨੋ ਵਿਗਿਆਨ, ਸਿਖਿਆ, ਸਿਹਤ, ਰੁਜ਼ਗਾਰ, ਵਿਦਿਆਰਥੀਆਂ ਦੀਆਂ ਭਵਿੱਖੀ ਯੋਜਨਾਵਾਂ, ਉਨ੍ਹਾਂ ਦੇ ਸੁਪਨੇ, ਭਾਰਤੀ ਸਮਾਜ ਦੀ ਅਜੋਕੀ ਹਾਲਤ, ਅਜ਼ਾਦੀ ਸੰਗਰਾਮੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਕੀ ਕਰਨਾ ਲੋੜੀਏ ਆਦਿ ਬਾਰੇ ਸਿਖਿਆਰਥੀਆਂ ਦੇ ਸਬੱਬ ਨਾਲ ਸਾਡੇ ਸਮਾਜ, ਵਿਦਿਅਕ ਢਾਂਚੇ ਅਤੇ ਨੌਜਵਾਨ ਵਰਗ ਦੇ ਮਨਾਂ ਦੀ ਤਹਿ ਹੇਠਾਂ ਸੁਲਗਦੇ ਸੁਆਲਾਂ ਅਤੇ ਪ੍ਰਤੀਰੋਧ ਦੇ ਲਾਵੇ ਦੇ ਸਾਫ਼ ਸਾਫ਼ ਦੀਦਾਰ ਹੁੰਦੇ ਹਨ।
ਸਿਖਿਆਰਥੀਆਂ ਦੀ ਵੱਡੀ ਗਿਣਤੀ ਨੇ ਲਿਖਿਆ ਹੈ ਕਿ ਅਸੀਂ ਆਪਣੀ ਹੁਣ ਤੱਕ ਦੀ ਜੁਆਨੀ ਦੇ ਸਾਰੇ ਸਫ਼ਰ ‘ਚ ਜੋ ਨਹੀ ਸਿਖਿਆ ਉਹ ਸਿਰਫ਼ ਦੋ ਦਿਨਾਂ ਵਿਚ ਸਿਖਿਆ ਹੈ।  ਉਹਨਾਂ ਦੇ ਫਾਰਮਾਂ ‘ਚ ਭਰਿਆ ਹੈ ਕਿ ਸਾਡਾ ਵਿਦਿਅਕ ਪ੍ਰਬੰਧ ਸਾਨੂੰ ਪੁਰਜ਼ੇ ਬਣਾ ਰਿਹੈ।  ਸਾਡੇ ਨੈਣਾਂ ‘ਤੇ ਪਸ਼ੂਆਂ ਵਾਂਗ ਖੋਪੇ ਲਗਾ ਰਿਹੈ ਅਤੇ ਸਾਡੀ ਮਾਨਸਿਕਤਾ ਨੂੰ ਜਿੰਦਰੇ ਮਾਰ ਰਿਹਾ ਹੈ।  ਇਸ ਕੈਂਪ ਨੇ ਸਾਡੇ ਸੋਚ-ਪ੍ਰਬੰਧ ਉਪਰ ਨਵੇਂ ਸੁਆਲਾਂ ਅਤੇ ਖਿਆਲਾਂ ਦੀ ਦਸਤਕ ਦਿੱਤੀ ਹੈ।
ਕੈਂਪ ‘ਚ ਭਾਗ ਲੈਣ ਵਾਲਿਆਂ ‘ਚ ਸਕੀਆਂ ਭੈਣਾਂ, ਭੈਣ-ਭਰਾ, ਜੀਵਨ-ਸਾਥੀ ਅਤੇ ਪਿਓ-ਪੁੱਤਰ ਵੀ ਸਨ।  ਹਾਜ਼ਰੀ ਦੀ ਇਹ ਬਣਤਰ ਇਕ ਸੁਲੱਖਣੇ ਵਰਤਾਰੇ ਦੀ ਤਸਵੀਰ ਵੀ ਪੇਸ਼ ਕਰਦੀ ਹੈ।  ਇਨ੍ਹਾਂ ਵਿੱਚ ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ ਦੇ ਪਰਿਵਾਰਾਂ ‘ਚੋਂ ਸਿਖਿਆਰਥੀ ਸਨ। ਮਾਝਾ, ਮਾਲਵਾ, ਦੁਆਬਾ ਥਾਂਵਾਂ ਤੋਂ ਸਨ ਪਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਕੈਂਪ ਲੱਗਣ ਦੇ ਬਾਵਜੂਦ ਦੁਆਬੇ ਦੀ ਮੁਕਾਬਲਤਨ ਹਾਜ਼ਰੀ ਘੱਟ ਸੀ, ਜਿਸ ਖ਼ਿੱਤੇ ਬਾਰੇ aਪਰੀ ਪ੍ਰਭਾਵ ਜ਼ਿਆਦਾ ਵਿਕਸਤ ਵਾਲਾ ਪੈਂਦਾ ਰਹਿੰਦਾ ਹੈ।
ਸਿਖਿਆਰਥੀਆਂ ਨੇ ਫਾਰਮਾਂ ‘ਚ ਭਰਿਆ ਹੈ ਕਿ ਹਰਵਿੰਦਰ ਭੰਡਾਲ ਦੇ ਭਾਸ਼ਣ ਰਾਹੀਂ ਅਸੀਂ ਜ਼ਿੰਦਗੀ ‘ਚ ਪਹਿਲੀ ਵਾਰ ਆਜ਼ਾਦ ਹਿੰਦ ਫੌਜ ਬਾਰੇ ਨਵੇਂ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।  ਇਸ ਪੱਖੋਂ ਅਸੀਂ ਤਾਜ਼ਾ ਜਾਣਕਾਰੀ ਦੇ ਸਨਮੁਖ ਤਾਂ ਅਨਪੜ੍ਹ ਹੀ ਜਾਪਦੇ ਹਾਂ।  ਡਾ. ਅਮਰਜੀਤ ਸਿੱਧੂ ਦੇ ਭਾਸ਼ਣ ਤੋਂ ਵਿਸ਼ਵੀਕਰਣ ਦੀਆਂ ਨੀਤੀਆਂ ਦੀ ਚੀਰਫਾੜ ਨੂੰ ਜਿਥੇ ਸਲਾਹਿਆ ਗਿਆ ਉਥੇ ਪ੍ਰਿਥੀਪਾਲ ਮਾੜੀਮੇਘਾ ਦੁਆਰਾ ਗ਼ਦਰ ਸ਼ਤਾਬਦੀ ਦੇ ਸੰਦੇਸ਼ ਨਾਲ ਉਨ੍ਹਾਂ ਨੇ ਸ਼ਤਾਬਦੀ ਲਈ ਆਪਣਾ ਫਰਜ਼ ਅਦਾ ਕਰਨ ਦਾ ਮਨ ਵੀ ਬਣਾਇਆ।
ਅਤੀ ਮਹੱਤਵਪੂਰਣ ਪੱਖ ਫਾਰਮਾਂ ਦਾ ਸਰਵੇਖਣ ਕੀਤਿਆਂ ਇਹ ਸਾਹਮਣੇ ਆਉਂਦਾ ਹੈ ਕਿ ਜਿਹੜੇ ਵਿਦਿਆਰਥੀ ਸਾਫਗੋਈ ਨਾਲ ਲਿਖ ਕੇ ਗਏ ਹਨ ਕਿ ਅਸੀਂ ‘ਜੱਟ ਐਂਡ ਜੂਲੀਅਟ’ ਵਰਗੀਆਂ ਫਿਲਮਾਂ ਕਰੇਜ਼ ਨਾਲ ਦੇਖੀਆਂ ਹੁਣ ਜਦੋਂ ਅਸੀਂ ਪੀਪਲਜ਼ ਵਾਇਸ ਦੁਆਰਾ ਦਿਖਾਈ ਆਨੰਦ ਪਟਵਰਧਨ ਦੀ ਦਸਤਾਵੇਜ਼ੀ ਫਿਲਮ ‘ਬੰਬੇ ਹਮਾਰਾ ਸ਼ਹਿਰ’ ਦੇਖੀ ਤਾਂ ਸਾਡੀ ਸੋਚ ਹੀ ਬਦਲ ਗਈ ਕਿ ਫਿਲਮਾਂ ਅਸਲ ‘ਚ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ।
ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ, ਪ੍ਰੋ. ਜਸਕਰਨ ਦੁਆਰਾ ਨਿਰਦੇਸ਼ਤ, ਅਮਰਦੀਪ ਥੀਏਟਰ ਐਕਾਡਮੀ ਮੁਕੰਦਪੁਰ ਦੁਆਰਾ ਰਾਤ ਨੂੰ ਖੇਡੇ ਨਾਟਕ ‘ਰੌਂਗ ਨੰਬਰ’ ਬਾਰੇ ਸਿਖਿਆਰਥੀਆਂ ਨੇ ਲਿਖਿਆ ਹੈ ਕਿ ਇਸ ਦੇ ਪ੍ਰਭਾਵ ਦੀ ਸਾਡੇ ਮਨ ‘ਤੇ ਅਮਿੱਟ ਛਾਪ ਰਹੇਗਾ।
ਮਨ-ਪਸੰਦ ਸ਼ਖ਼ਸੀਅਤਾਂ ਵਾਲੇ ਕਾਲਮ ਵਿੱਚ ਸਿਖਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਗੁਰਸ਼ਰਨ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਅਜ਼ਾਦ ਹਿੰਦ ਫੌਜ ਦੇ ਨਾਇਕਾਂ ਦੇ ਨਾਲ ਨਾਲ ਮਾਰਕਸ, ਲੈਨਿਨ ਅਤੇ ਗੋਰਕੀ ਦਾ ਨਾਂਅ ਦਰਜ ਕੀਤਾ ਹੈ।
ਮਨਪਸੰਦ ਪੁਸਤਕਾਂ ਵਿੱਚ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਪੁਸਤਕਾਂ ਦਾ ਸਥਾਨ ਸਿਰਮੌਰ ਹੈ।
ਸਭਨਾਂ ਲਿਖਿਆਂ ਹੈ ਕਿ ਅਜੋਕਾ ਸਮਾਜ ਸ਼ਹੀਦਾਂ ਦੇ ਸੁਪਨਿਆਂ ਦੀ ਤਰਜਮਾਨੀ ਨਹੀਂ ਕਰਦਾ।  ਸਿਖਿਆਰਥੀਆਂ ਨੇ ਇਹ ਵੀ ਲਿਖਿਆ ਹੈ ਕਿ ਅਸੀਂ (ਜਿਹੜੇ ਪੀ. ਐੱਚ. ਡੀ., ਮੈਡੀਕਲ, ਇੰਜੀਨੀਅਰਿੰਗ ਆਦਿ ਕਰ ਰਹੇ ਨੇ) ਇਹ ਮੁਕੰਮਲ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਸੀ-ਵਿਦੇਸੀ ਲੁੱਟ, ਦਾਬੇ, ਜਬਰ ਤੋਂ ਮੁਕਤ ਆਜ਼ਾਦ, ਖੁਸ਼ਹਾਲ, ਬਰਾਬਰੀ ਭਰਿਆ ਸਮਾਜ ਸਿਰਜਣ ਲਈ ਭਰਵਾਂ ਯੋਗਦਾਨ ਪਾਵਾਂਗੇ।  ਇਹ ਕੈਂਪ ਨੇ ਸਾਡੇ ਮਨ ਉਪਰ ਗੂੜ੍ਹਾ ਪ੍ਰਭਾਵ ਪਾਇਆ ਹੈ।  ਕਾਲਜ ਤੱਕ ਪੜਦੇ ਕੁਝ ਵਿਦਿਆਰਥੀਆਂ ਨੇ ”ਕੈਂਪ ਦੀ ਅਮਿੱਟ ਛਾਪ ਕੀ ਹੈ?” ਵਾਲਾ ਕਾਲਮ ਖਾਲੀ ਛੱਡਿਆ ਹੈ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ‘ਅਮਿੱਟ ਛਾਪ’ ਬਾਰੇ ਹੀ ਸਮਝ ਨਹੀਂ ਆਈ।  ਇਕ ਨਿੱਕੜੀ ਤਸਵੀਰ ਇਹ ਵੀ ਹੈ ਜਿਹੜੀ ਸਾਨੂੰ ਧੁਰ ਜੜ੍ਹਾਂ ਤੱਕ ਹਰ ਪੱਖੋਂ ਹੋਰ ਜੁੜਨ ਦੀ ਸੈਨਤ ਕਰਦੀ ਹੈ।  ਸਿਖਿਆਰਥੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਬੰਧ ਤੋਂ ਅਸ਼-ਅਸ਼ ਕਰਕੇ ਗਏ ਹਨ।  ਇਹ ਜਾਣਕਾਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਨੇ ਦਿੱਤੀ।