ਵਾਲਸ਼ ਸੋਨ ਤਗਮੇ ਨਾਲ ਨਿਊਜ਼ੀਲੈਂਡ ਦੇ ਪਹਿਲੇ ‘ਵਰਲਡ ਚੈਂਪੀਅਨ’ ਬਣੇ 

ਲੰਡਨ – ਇੱਥੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ 7 ਅਗਸਤ ਨੂੰ ਪੁਰਸ਼ਾਂ ਦੇ ਸ਼ਾਟ ਪੁੱਟ ਮੁਕਾਬਲਾ ਵਿੱਚ ਨਿਊਜ਼ੀਲੈਂਡ ਦੇ ਟੌਮਸ ਵਾਲਸ਼ ਨੇ ਪਿਛਲੇ ਵਰਲਡ ਚੈਂਪੀਅਨ ਜੋਅ ਕੋਵਾਕਸ ਨੂੰ ਪਛਾੜ ਕੇ ਖ਼ਿਤਾਬ ਜਿੱਤ ਲਿਆ। ਇਸ ਦੇ ਨਾਲ ਹੀ 25 ਸਾਲਾ ਵਾਲਸ਼ ਅਥਲੈਟਿਕਸ ਦੇ ਕਿਸੇ ਵੀ ਮੁਕਾਬਲੇ ਵਿੱਚ ਵਰਲਡ ਖ਼ਿਤਾਬ ਜਿੱਤਣ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਪੁਰਸ਼ ਖਿਡਾਰੀ ਬਣ ਗਏ ਹਨ। ਵਾਲਸ਼ ਤੋਂ ਪਹਿਲਾਂ ਸਿਰਫ਼ ਔਰਤਾਂ ਦੇ ਵਰਗ ਵਿੱਚ ਡੈਮ ਵਲੇਰੀ ਐਡਮਜ਼ ਹੀ ਇਹ ਉਪਲਬਧੀ ਹਾਸਲ ਕਰ ਸੱਕੀ ਹੈ, ਵਲੇਰੀ 4 ਵਾਰ ਵਰਲਡ ਚੈਂਪੀਅਨ ਅਤੇ 2 ਵਾਰ ਉਲੰਪਿਕ ਚੈਂਪੀਅਨ ਰਹਿ ਚੁੱਕੀ ਹੈ। 32 ਸਾਲਾਂ ਦੀ ਵਲੇਰੀ ਜੋ ਇਸ ਵਾਰ ਵਰਲਡ ਚੈਂਪੀਅਨਸ਼ਿਪ ਦੇ ਮੁਕਾਬਲੇ ਵਿੱਚ ਪ੍ਰੈਗਨੈਂਟ ਹੋਣ ਕਾਰਣ ਭਾਗ ਨਹੀਂ ਲੈ ਸੱਕੀ।
ਰੀਓ ਉਲੰਪਿਕ ‘ਚ ਕਾਂਸੀ ਦਾ ਤਗਮਾ ਜੇਤੂ ਵਾਲਸ਼ ਨੇ ਆਖ਼ਰੀ ਕੋਸ਼ਿਸ਼ ਵਿੱਚ 22.03 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਕੈਰੀਅਰ ਦਾ ਪਹਿਲਾ ਸੋਨੇ ਦਾ ਤਗਮਾ ਜਿੱਤਿਆ। ਹਾਲਾਂਕਿ ਉਨ੍ਹਾਂ ਨੇ ਤੀਸਰੇ ਕੋਸ਼ਿਸ਼ ਵਿੱਚ 21.75 ਮੀਟਰ ਸ਼ਾਟ ਪੁੱਟ ਸੁੱਟ ਕੇ ਹੀ ਇਹ ਪੱਕਾ ਕਰ ਲਿਆ ਸੀ। ਜਦੋਂ ਕਿ ਅਮਰੀਕਾ ਦੇ ਜੋਅ ਕੋਵਾਕਸ ਨੇ ਆਖ਼ਰੀ ਕੋਸ਼ਿਸ਼ ਵਿੱਚ 22.08 ਮੀਟਰ ਤੱਕ ਗੋਲਾ ਸੁੱਟਿਆ ਪਰ ਉਸ ਦੀ ਇਹ ਕੋਸ਼ਿਸ਼ ਫਾਊਲ ਨਿਕਲੀ। ਜਿਸ ਦੇ ਕਰਕੇ ਕੋਵਾਕਸ ਨੂੰ ਆਪਣੀ ਤੀਜੀ ਕੋਸ਼ਿਸ਼ ਵਿੱਚ 21.66 ਮੀਟਰ ਦੀ ਥ੍ਰੋ ਨਾਲ ਚਾਂਦੀ ਦਾ ਤਗਮਾ ਅਤੇ ਕ੍ਰੋਏਸ਼ੀਆ ਦੇ ਸਟਿੱਪ ਜੂਨਿਕ ਨੇ 21.46 ਮੀਟਰ ਦੀ ਦੂਰੀ ਤੱਕ ਸ਼ਾਟ ਪੁੱਟ ਥ੍ਰੋ ਕਰਕੇ ਕਾਂਸ਼ੀ ਦਾ ਤਗਮਾ ਹਾਸਲ ਕੀਤਾ। ਗੌਰਤਲਬ ਹੈ ਕਿ ਕਾਂਸੀ ਦਾ ਤਗਮਾ ਜਿੱਤਣ ਵਾਲੇ 26 ਸਾਲ ਦੇ ਸਟਿੱਪ ਜੂਨਿਕ ਦਾ ਸੀਨੀਅਰ ਮੁਕਾਬਲੇ ‘ਚ ਪਹਿਲਾ ਅੰਤਰਰਾਸ਼ਟਰੀ ਤਗਮਾ ਹੈ। ਉਲੰਪਿਕ ਚੈਂਪੀਅਨ ਰੇਯਾਨ ਕਰੇਜਰ 21.20 ਮੀਟਰ ਨਾਲ ੬ਵੇਂ ਸਥਾਨ ਉੱਤੇ ਰਹੇ। ਵਾਲਸ਼ ਦਾ ਸਾਥੀ ਕੀਵੀ ਜੈਕੋ ਗਿੱਲ ਨੇ 20.82 ਮੀਟਰ ਨਾਲ 9ਵਾਂ ਸਥਾਨ ਹਾਸਲ ਕੀਤਾ।