ਵਿੱਤੀ ਸਾਲ 2022-23 ‘ਚ ਆਰਥਿਕ ਵਾਧਾ ਦਰ 8 ਤੋਂ 8.5 ਫ਼ੀਸਦ ਰਹਿਣ ਦਾ ਅਨੁਮਾਨ

ਨਵੀਂ ਦਿੱਲੀ, 31 ਜਨਵਰੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਬਜਟ ਪੂਰਵ ਆਰਥਿਕ ਸਮੀਖਿਆ ਪੇਸ਼ ਕੀਤੀ, ਜਿਸ ਵਿੱਚ ਵਿੱਤੀ ਸਾਲ 2022-23 ਵਾਸਤੇ ਸਰਕਾਰ ਦੇ ਬਜਟ ਤੋਂ ਪਹਿਲਾਂ ਅਰਥਵਿਵਸਥਾ ਦੀ ਸਥਿਤੀ ਦਾ ਬਿਓਰਾ ਦਿੱਤਾ ਗਿਆ। ਆਰਥਿਕ ਸਮੀਖਿਆ ਵਿੱਤੀ ਸਾਲ 2022-23 (ਅਪ੍ਰੈਲ 2022 ਤੋਂ ਮਾਰਚ 2023) ਵਿਚਕਾਰ ਭਾਰਤ ਦੀ ਅਰਥਵਿਵਸਥਾ 8 ਤੋਂ 8.5 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਰਥਵਿਵਸਥਾ ਅਗਲੇ ਵਿੱਤੀ ਸਾਲ ਵਿੱਚ 8 ਤੋਂ 8.5 ਫ਼ੀਸਦੀ ਦੀ ਆਰਥਿਕ ਵਾਧਾ ਦਰ ਹਾਸਲ ਕਰਨ ਲਈ ਬਿਹਤਰ ਸਥਿਤੀ ਵਿੱਚ ਹੈ, ਜੋ ਵਿੱਤੀ ਵਰ੍ਹੇ 2022-23 ਦੀਆਂ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਦੇ ਅਨੁਮਾਨ ਮੁਤਾਬਿਕ ਆਰਥਿਕ ਵਾਧਾ ਦਰ 9.2 ਫ਼ੀਸਦੀ ਰਹਿ ਸਕਦੀ ਹੈ। ਸਮੀਖਿਆ ਵਿੱਚ 2021-22 ਵਿੱਚ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਦੀ ਸਥਿਤੀ ਦੇ ਨਾਲ ਹੀ ਵਾਧੇ ਵਿੱਚ ਤੇਜ਼ੀ ਲਿਆਉਣ ਲਈ ਕੀਤੇ ਜਾਣ ਵਾਲੇ ਸੁਧਾਰਾਂ ਦਾ ਬਿਓਰਾ ਦਿੱਤਾ ਗਿਆ ਹੈ। ਵਿੱਤੀ ਸਾਲ 2021-22 ਵਿੱਚ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ 7.3 ਫ਼ੀਸਦ ਦੀ ਗਿਰਾਵਟ ਆਈ ਸੀ। ਆਰਥਿਕ ਸਮੀਖਿਆ ਅਰਥਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਪਲਾਈ-ਪੱਖ ਦੇ ਮੁੱਦਿਆਂ ਉੱਤੇ ਕੇਂਦਰਿਤ ਹੈ। ਸਮੀਖਿਆ ਮੁਤਾਬਿਕ, ਮਹਾਂਮਾਰੀ ਕਾਰਣ ਹੋਏ ਨੁਕਸਾਨ ਨਾਲ ਨਜਿੱਠਣ ਲਈ ਭਾਰਤ ਦੀ ਆਰਥਿਕ ਪ੍ਰਤੀਕਿਰਿਆ ਮੰਗ ਪ੍ਰਬੰਧਨ ਦੀ ਬਜਾਏ ਸਪਲਾਈ ਪੱਖ ‘ਚ ਸੁਧਾਰ ‘ਤੇ ਕੇਂਦਰ ਰਹੀ। ਵਿੱਤੀ ਸਾਲ 2022-23 ਵਿੱਚ ਵਾਧੇ ਨੂੰ ਵਿਆਪਕ ਟੀਕਾਕਰਣ, ਸਪਲਾਈ ਪੱਖ ਵਿੱਚ ਕੀਤੇ ਗਏ ਸੁਧਾਰਾਂ ਤੋਂ ਹਾਸਲ ਲਾਭ ਅਤੇ ਰੈਗੂਲੇਸ਼ਨ ਵਿੱਚ ਦਿੱਤੀ ਗਈ ਢਿੱਲ ਤੋਂ ਹਮਾਇਤ ਮਿਲੇਗੀ।