ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ: ਆਸਟਰੇਲੀਆ ਦੀ ਬਾਰਟੀ ਨੇ ਕੋਲਿਨਜ਼ ਨੂੰ ਹਰਾ ਕੇ ਖ਼ਿਤਾਬ ਜਿੱਤਿਆ

ਮੈਲਬਰਨ, 29 ਜਨਵਰੀ – ਆਸਟਰੇਲੀਅਨ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਆਸਟਰੇਲੀਆ ਦੀ ਖਿਡਾਰਨ ਐਸ਼ ਬਾਰਟੀ ਨੇ ਸ਼ਨਿਚਰਵਾਰ ਨੂੰ ਅਮਰੀਕਾ ਦੀ ਡੇਨੀਅਲ ਕੋਲਿਨਜ਼ ਨੂੰ 6-3, 7-6 ਨਾਲ ਹਰਾ ਕੇ ਮੇਜ਼ਬਾਨ ਦੇਸ਼ ਦਾ ਇੱਥੇ ਮਹਿਲਾ ਸਿੰਗਲਜ਼ ਖ਼ਿਤਾਬ ਦਾ 44 ਸਾਲਾਂ ਦਾ ਇੰਤਜ਼ਾਰ ਖ਼ਤਮ ਕੀਤਾ।
ਸਿਖਰਲਾ ਦਰਜਾ ਪ੍ਰਾਪਤ ਬਾਰਟੀ ਨੂੰ ਪਹਿਲਾ ਸੈੱਟ ਜਿੱਤਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸ ਨੇ ਇਸ ਸੈੱਟ ਨੂੰ ਇਕ ਸਰਵਿਸ ਬਰੇਕ ਨਾਲ ਜਿੱਤ ਲਿਆ ਪਰ ਦੂਜੇ ਸੈੱਟ ਦੇ ਦੂਸਰੇ ਤੇ ਛੇਵੇਂ ਗੇਮ ਵਿੱਚ ਸਰਵਿਸ ਗੁਆਉਣ ਤੋਂ ਬਾਅਦ ਉਹ 1-5 ਨਾਲ ਪਛੜ ਗਈ ਸੀ। ਅਮਰੀਕਾ ਦੀ 27ਵਾਂ ਦਰਜਾ ਪ੍ਰਾਪਤ ਕੋਲਿਨਜ਼ ਕੋਲ ਇਸ ਸੈੱਟ ਨੂੰ ਜਿੱਤਣ ਦੇ ਦੋ ਮੌਕੇ ਸਨ ਪਰ ਦੋਵੇਂ ਵਾਰ ਉਸ ਦੀ ਸਰਵਿਸ ਟੁੱਟ ਗਈ। ਬਾਰਟੀ ਨੇ ਇਸ ਦੌਰਾਨ ਵਾਪਸੀ ਕਰਦੇ ਹੋਏ ਅਗਲੇ ਛੇ ਵਿੱਚੋਂ ਪੰਜ ਗੇਮ ਜਿੱਤ ਕੇ ਸਕੋਰ 6-6 ਨਾਲ ਬਰਾਬਰ ਕੀਤਾ ਅਤੇ ਫਿਰ ਟਾਈਬਰੇਕਰ ਵਿੱਚ ਵੀ ਕੋਲਿਨਜ਼ ਖ਼ਿਲਾਫ਼ ਆਪਣਾ ਦਬਦਬਾ ਕਾਇਮ ਰੱਖਿਆ। ਬਾਰਟੀ 1980 ਵਿੱਚ ਵੈਂਡੀ ਟਰਨਬੁਲ ਤੋਂ ਬਾਅਦ ਆਸਟਰੇਲੀਅਨ ਓਪਨ ਦੇ ਸਿੰਗਲਜ਼ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਮਹਿਲਾ ਬਣੀ ਹੈ। ਉਹ 1978 ਵਿੱਚ ਕ੍ਰਿਸ ਓ’ਨੀਲ ਤੋਂ ਬਾਅਦ ਪਹਿਲੀ ਆਸਟਰੇਲਿਆਈ ਮਹਿਲਾ ਚੈਂਪੀਅਨ ਹੈ। ਇਸ ਖਿਡਾਰਨ ਦਾ ਇਹ ਤੀਜਾ ਪ੍ਰਮੁੱਖ ਖ਼ਿਤਾਬ ਹੈ। ਉਹ ਇਸ ਹਾਰਡ ਕੋਰਟ ਤੋਂ ਪਹਿਲਾਂ ਪਿਛਲੇ ਸਾਲ ਵਿੰਬਲਡਨ ਵਿੱਚ ਘਾਹ ਦੇ ਕੋਰਟ ‘ਤੇ ਅਤੇ 2019 ਵਿੱਚ ਫਰੈਂਚ ਓਪਨ ‘ਚ ਕਲੇਅ ਕੋਰਟ ‘ਤੇ ਚੈਂਪੀਅਨ ਬਣੀ ਸੀ।