ਸਰਕਾਰ ਵਧੀਆ ਅਤੇ ਸਸਤੀਆਂ ਸਿਹਤ ਸੰਭਾਲ ਸੇਵਾਵਾਂ ਦੇਣ ਲਈ ਵਚਨਬੱਧ – ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 8 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਸਿਹਤ ਦਿਵਸ ਮੌਕੇ ਕਿਹਾ ਕਿ ਸਰਕਾਰ ਦੇਸ਼ ਦੇ ਸਿਹਤ ਢਾਂਚੇ ਨੂੰ ਸੁਧਾਰਨ ਦੀਆਂ ਅਣਥੱਕ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਧਿਆਨ ਲੋਕਾਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸੰਭਾਲ ਸੇਵਾਵਾਂ ਦੇਣ ‘ਤੇ ਕੇਂਦਰਿਤ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਆਯੁਸ਼ਮਾਨ ਭਾਰਤ ‘ਚ ਚਲਾਈ ਜਾ ਰਹੀ ਹੈ। ‘ਮੈਂ ਜਦੋਂ ਜਨ ਔਸ਼ਧੀ ਵਰਗੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਾ ਹਾਂ ਤਾਂ ਮੈਨੂੰ ਖ਼ੁਸ਼ੀ ਮਹਿਸੂਸ ਹੁੰਦੀ ਹੈ। ਸਰਕਾਰ ਵੱਲੋਂ ਆਯੁਸ਼ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ‘ਚ ਕਈ ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ।