ਸਾਬਕਾ ਹਾਕੀ ਖਿਡਾਰੀ ਸ. ਪ੍ਰਗਟ ਸਿੰਘ ਵੱਲੋਂ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼ 2022’ ਦਾ ਪੋਸਟਰ ਜਾਰੀ

ਨਿਊਜ਼ੀਲੈਂਡ ਵੱਲੋਂ 2028 ਜਾਂ 2032 ਦੀਆਂ ਉਲੰਪਿਕਸ ਖੇਡਾਂ ‘ਚ ਪੰਜਾਬੀ ਖਿਡਾਰੀਆਂ ਦੀ ਨੁਮਾਇੰਦਗੀ ਹੋਵੇ
ਨਿਊਜ਼ੀਲੈਂਡ ਦੀਆਂ ਕਬੱਡੀ ਫੈਡਰੇਸ਼ਨਾ ਨੂੰ ‘ਕਬੱਡੀ ਨੂੰ ਡਰੱਗ ਫ਼ਰੀ’ ਕਰਨ ਦੀ ਅਪੀਲ ਕੀਤੀ
ਆਕਲੈਂਡ, 2 ਅਕਤੂਬਰ – ਇੱਥੇ 26 ਤੇ 27 ਨਵੰਬਰ ਨੂੰ ਹੋਣ ਵਾਲੀਆਂ ‘ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ, ਇਸੇ ਹੀ ਸੰਬੰਧ ਵਿੱਚ ਅੱਜ ਸ. ਪ੍ਰਗਟ ਸਿੰਘ ਨੇ ਖੇਡਾਂ ਦਾ ਰੰਗਦਾਰ ਪੋਸਟਰ ਭਰਵੇਂ ਸਮਾਗਮ ਦੌਰਾਨ ਜਾਰੀ ਕੀਤਾ ਗਿਆ।
ਐਨਜ਼ੈੱਡ ਸਿੱਖ ਗੇਮਜ਼ ਦਾ ਪੋਸਟਰ ਜਾਰੀ ਕਰਨ ਵਾਸਤੇ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਭਾਰਤ ਦੇ ਸਾਬਕਾ ਹਾਕੀ ਸਟਾਰ ਸ. ਪ੍ਰਗਟ ਸਿੰਘ ਪਹੁੰਚੇ। ਮੈਨੂਕਾਓ ਦੇ ‘ਦਾ ਕੇਵ’ ਪਾਰਟੀ ਹਾਲ ਦੇ ‘ਚ ਹੋਏ ਸਮਾਗਮ ਦੇ ਵਿੱਚ ਸ. ਪ੍ਰਗਟ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਐਨਜ਼ੈੱਡ ਸਿੱਖ ਗੇਮਜ਼ ਦੀ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਨੂੰ ਸਟੇਜ ਉੱਤੇ ਸਵਾਗਤੀ ਸ਼ਬਦ ਬੋਲਣ ਉਪਰੰਤ ਐਨਜ਼ੈੱਡ ਸਿੱਖ ਗੇਮਜ਼ ਦੀ ਸਮੁੱਚੀ ਟੀਮ ਨੂੰ ਸਾਰਿਆਂ ਦੇ ਰੂਬਰੂ ਕਰਵਾਇਆ। ਐਨਜ਼ੈੱਡ ਸਿੱਖ ਗੇਮਜ਼ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਐਨਜ਼ੈੱਡ ਸਿੱਖ ਗੇਮਜ਼ ਦੇ ਪਿਛੋਕੜ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਮੁੱਖ ਮਹਿਮਾਨ ਸਾਬਕਾ ਹਾਕੀ ਖਿਡਾਰੀ ਸ. ਪ੍ਰਗਟ ਸਿੰਘ ਹੋਰਾਂ ਨੂੰ ਭਵਿੱਖ ‘ਚ ਹੋਣ ਵਾਲੀਆਂ ਐਨਜ਼ੈੱਡ ਸਿੱਖ ਗੇਮਜ਼ ‘ਤੇ ਆਉਣ ਦਾ ਸੱਦਾ ਵੀ ਦਿੱਤਾ। ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਨਿਊਜ਼ੀਲੈਂਡ ਦੇ ਵਿੱਚ ਭਾਰਤੀਆਂ ਦੀ ਆਮਦ ਤੇ ਕਾਮਯਾਬੀਆਂ ‘ਤੇ ਚਾਨਣਾ ਪਾਇਆ।
ਐਨਜ਼ੈੱਡ ਸਿੱਖ ਗੇਮਜ਼ ਦੀ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਸ. ਪ੍ਰਗਟ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਟਰਾਫ਼ੀ ਭੇਂਟ ਕੀਤੀ ਗਈ। ਸ. ਪ੍ਰਗਟ ਸਿੰਘ ਹੋਰਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ, ‘ਪੰਜਾਬੀਓ ਪੰਜਾਬ ਨਾਲ ਜੁੜੇ ਰਹਿਓ, ਬਹੁਤ ਕੁੱਝ ਅਜੇ ਕਰਨ ਵਾਲਾ ਹੈ, ਤੁਹਾਡੇ ਸਹਿਯੋਗ ਦੀ ਹਮੇਸ਼ਾ ਲੋੜ ਰਹੇਗੀ’। ਉਨ੍ਹਾਂ ਐਨਜ਼ੈੱਡ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਵੱਲੋਂ ਆਰੰਭੇ ਕਾਰਜ ਲਈ ਵਧਾਈਆਂ ਦਿੱਤੀਆਂ।
ਸ. ਪ੍ਰਗਟ ਸਿੰਘ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਨਿਊਜ਼ੀਲੈਂਡ ਵੱਲੋਂ 2028 ਜਾਂ 2032 ਦੀਆਂ ਉਲੰਪਿਕਸ ਖੇਡਾਂ ‘ਚ ਪੰਜਾਬੀ ਖਿਡਾਰੀਆਂ ਦੀ ਨੁਮਾਇੰਦਗੀ ਹੋਵੇ। ਸਾਡੇ ਆਪਣੇ ਪੰਜਾਬੀ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਨਜ਼ਰ ਆਉਣ ਤਾਂ ਹੀ ਸਾਡੀ ਮਿਹਨਤ ਸਾਰਥਿਕ ਲੱਗੇਗੀ।
ਉਨ੍ਹਾਂ ਨੇ ਨਿਊਜ਼ੀਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਅਪੀਲ ਕੀਤੀ ਕਿ ਹੋਰ ਸੁਚਾਰੂ ਤਰੀਕੇ ਨਾਲ ਕੰਮ ਕਰਨ ਅਤੇ ਕਬੱਡੀ ਨੂੰ ਡਰੱਗ ਫ਼ਰੀ ਬਣਾਓ ਅਤੇ ਨਸ਼ਿਆਂ ਨੂੰ ਖੇਡ ਦਾ ਹਿੱਸਾ ਨਾ ਬਣਨ ਦਿਓ। ਕਬੱਡੀ ਨੂੰ ਉਲੰਪਿਕ ਤੱਕ ਲਿਜਾਉਣ ਦੀ ਗੱਲ ਕੀਤੀ। ਕਬੱਡੀ ਬਾਰੇ ਕਿਹਾ ਕਿ ਇਹ ਅਜਿਹੀ ਖੇਡ ਹੈ, ਜਿਸ ਦੇ ਲਈ ਕੋਈ ਸਾਮਾਨ ਦੀ ਲੋੜ ਨਹੀਂ, ਚੰਗੀ ਸਿਹਤ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੀ ਹੈ।
ਇਸ ਦੌਰਾਨ ਖੇਡਾਂ ਨੂੰ ਹੁਲਾਰਾ ਦੇਣ ਲਈ ਫ਼ੰਡ ਰੇਜਿੰਗ ਵੀ ਕੀਤੀ ਗਈ, ਜਿਸ ਵਿੱਚ ਸ. ਪ੍ਰਗਟ ਸਿੰਘ ਦੇ ਆਪਣੇ ਦਸਤਖਤਾਂ ਵਾਲੀਆਂ ਹਾਕੀਆਂ ਅਤੇ ਟੀ-ਸ਼ਰਟਾਂ ਸ਼ਾਮਿਲ ਸਨ। ਐਨਜ਼ੈੱਡ ਸਿੱਖ ਗੇਮਜ਼ ਦੇ ਸਪਾਂਸਰਜ਼ ਅਤੇ ਖੇਡ ਕਲੱਬਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ। ਐਨਜ਼ੈੱਡ ਸਿੱਖ ਗੇਮਜ਼ ਦੇ ਪ੍ਰਬੰਧਕ ਵੱਲੋਂ ਸਾਰੇ ਪਹੁੰਚੇ ਸੱਜਣਾਂ ਦਾ ਦੰਨ ਵਾਦ ਕੀਤਾ।