ਸਾਹਿਤਕ ਸੱਥ ਨਿਊਜ਼ੀਲੈਂਡ ਨੂੰ ਗਿਆਰਾਂ ਮੈਂਬਰੀ ਕਾਰਜਕਾਰਨੀ ਕਮੇਟੀ ਚਲਾਵੇਗੀ

ਨਿਊਜ਼ੀਲੈਂਡ ਦੇ ਲੇਖਕ ਅਤੇ ਪਾਠਕ ਹੋਏ ਜਥੇਬੰਦ
ਆਕਲੈਂਡ, 23 ਜੁਲਾਈ (ਅਵਤਾਰ ਸਿੰਘ ਟਹਿਣਾ) –
ਪੰਜਾਬੀ ਸਾਹਿਤ ਦਾ ਇਤਿਹਾਸ ਪੰਜ ਸੌ ਸਾਲ ਤੋਂ ਵੀ ਕਿਤੇ ਪੁਰਾਣਾ ਹੈ ਤੇ ਸਾਹਿਤਕ ਸੰਸਥਾਵਾਂ ਅਤੇ ਮਜਲਿਸਾਂ ਦਾ ਇਤਿਹਾਸ ਵੀ ਸਵਾ ਸੌ ਸਾਲ ਤੋਂ ਵਧੇਰੇ ਪੁਰਾਣਾ ਹੈ। ਗ਼ਦਰ ਪਾਰਟੀ ਅਤੇ ਗੂੰਜਾਂ ਗ਼ਦਰ ਦੀਆਂ ਨੇ ਵਿਦੇਸ਼ ਵਿੱਚ ਸਭ ਤੋਂ ਪਹਿਲਾ ਸਾਹਿਤਕ ਤੌਰ ‘ਤੇ ਜਥੇਬੰਦਕ ਕੰਮ ਕੀਤਾ। ਅਮਰੀਕਾ ਤੇ ਕੈਨੇਡਾ ਦਾ ਇਹ ਸਫ਼ਰ ਦੁਨੀਆ ਦੇ ਹਰ ਮੁਲਕ ਵਿੱਚ ਪ੍ਰਵਾਹ ਕਰਦਾ ਰਿਹਾ। ਪਰ ਨਿਊਜ਼ੀਲੈਂਡ ਸਵਾ ਸੌ ਸਾਲ ਦਾ ਪਰਵਾਸ ਜਿੱਥੇ ਸਾਂਭੀ ਬੈਠਾ ਹੈ, ਪਰ ਸਾਹਿਤਕ ਤੌਰ ‘ਤੇ ਗਤੀਵਿਧੀਆਂ ਦਾ ਜਥੇਬੰਦਕ ਰੂਪ ਨਜ਼ਰ ਨਹੀਂ ਆਇਆ। ਵਿਅਕਤੀਗਤ ਤੌਰ ‘ਤੇ ਸਾਹਿਤਕ ਸਮਾਗਮ ਵੀ ਹੁੰਦੇ ਰਹੇ। ਪਰ ਵਿਚਾਰਕ ਤੌਰ ‘ਤੇ ਭਾਈਚਾਰੇ ਦੀ ਤਸਵੀਰ ਬਣਾਉਣ ਵਾਲਾ ਕੋਈ ਵੀ ਜਥੇਬੰਦਕ ਸਾਹਿਤਕ ਵਿੰਗ ਇਸ ਮੁਲਕ ਵਿੱਚ ਹੋਂਦ ਵਿੱਚ ਨਹੀਂ ਆਇਆ ਸੀ।
ਜਿਸ ਦੇ ਤਹਿਤ ਨਿਊਜ਼ੀਲੈਂਡ ਦੇ 2020 ਦੇ ਚੜ੍ਹਦੇ ਸਾਉਣ ਦੇ ਪਹਿਲੇ ਐਤਵਾਰ ਨਿਊਜ਼ੀਲੈਂਡ ਦੇ ਪਾਠਕਾਂ ਅਤੇ ਲੇਖਕਾਂ ਨੇ ਸਾਂਝੇ ਰੂਪ ਵਿੱਚ ਆਪਣਾ ਯਤਨ ਇੱਕ ਜਥੇਬੰਦੀ ਦੇ ਰੂਪ ਵਿੱਚ ਸਮੁੱਚੇ ਭਾਈਚਾਰੇ ਦੇ ਸਨਮੁੱਖ ਰੱਖਿਆ। ਜਿਸ ਤਹਿਤ “ਸਾਹਿਤਕ ਸੱਥ ਨਿਊਜ਼ੀਲੈਂਡ” ਦਾ ਗਠਨ ਕੀਤਾ ਗਿਆ। ਜਿਸ ਦੀ ਗਿਆਰਾਂ ਮੈਂਬਰੀ ਕਾਰਜਕਾਰਨੀ ਵੀ ਗਠਿਤ ਕੀਤੀ ਗਈ। ਇਨ੍ਹਾਂ ਸਾਰੇ ਇਤਿਹਾਸਕ ਯਤਨਾਂ ਨੂੰ ਬੂਰ ਪਾਉਣ ਵਿੱਚ ਮੁਖਤਿਆਰ ਸਿੰਘ ਤੇ ਜੱਗੀ ਜੌਹਲ ਦੀ ਅਹਿਮ ਭੂਮਿਕਾ ਰਹੀ। ਜਿਨ੍ਹਾਂ ਇੱਕ ਵਟਾਸਐਪ ਗਰੁੱਪ ਤੇ ਰਚਨਾਵਾਂ ਸਾਂਝੀਆਂ ਕਰਨ ਦੇ ਉਪਰਾਲੇ ਨੂੰ ਜਥੇਬੰਦਕ ਰੂਪ ਦੇਣ ਲਈ ਮਿਹਨਤ ਕੀਤੀ। ਸੰਗਠਿਤ ਰੂਪ ਵਿੱਚ ਸਾਹਮਣੇ ਆਈ ਸਾਹਿਤਕ ਸੱਥ ਨਿਊਜ਼ੀਲੈਂਡ ਦਾ ਜਰਨਲ ਇਜਲਾਸ ਲਵ ਪੰਜਾਬ ਰੈਸਟੋਰੈਂਟ ਮੈਨੁਰੇਵਾ ਵਿਖੇ ਆਯੋਜਿਤ ਹੋਇਆ। ਜਿਸ ਵਿੱਚ ਹਾਜ਼ਰੀਨ ਦੋ ਦਰਜਨ ਮੈਂਬਰਾਂ ਨੇ ਗਿਆਰਾਂ ਮੈਂਬਰੀ ਕਾਰਜਕਾਰਨੀ ਦੀ ਸਥਾਪਨਾ ਕੀਤੀ। ਜਿਨ੍ਹਾਂ ਨੂੰ ਅੱਗੇ ਨਿਊਜ਼ੀਲੈਂਡ ਦੇ ਹੋਰ ਪਾਠਕਾਂ, ਸਾਹਿਤਕ ਗਤੀਵਿਧੀਆਂ ਤੱਕ ਘੇਰਾ ਵਧਾਉਣ ਦੇ ਅਧਿਕਾਰ ਵੀ ਸੌਂਪੇ ਗਏ। ਇਸ ਚੋਣ ਦੀ ਸਮੁੱਚੀ ਕਾਰਵਾਈ ਮੁਖਤਿਆਰ ਸਿੰਘ ਅਤੇ ਬਿਕਮਜੀਤ ਸਿੰਘ ਮਟਰਾਂ ਨੇ ਚਲਾਈ ਜਿਸ ਤਹਿਤ ਬਿਕਰਮਜੀਤ ਮਟਰਾਂ ਨੇ ਜੱਗੀ ਜੌਹਲ ਦਾ ਨਾਮ ਪ੍ਰਧਾਨ ਵਜੋਂ ਅਤੇ ਮੁਖਤਿਆਰ ਸਿੰਘ ਨੇ ਕਰਮਜੀਤ ਅਕਲੀਆ ਬਤੌਰ ਜਰਨਲ ਸਕੱਤਰ ਅਤੇ ਗੁਰਦੀਪ ਸਿੰਘ ਲੂਥਰ ਬਤੌਰ ਖ਼ਜ਼ਾਨਚੀ ਵਜੋਂ ਨਾਂ ਤਜਵੀਜ਼ ਕੀਤੇ, ਜਿਨ੍ਹਾਂ ਨੂੰ ਪਰਵਾਨ ਕਰ ਲਿਆ ਗਿਆ। ਤਰਨਦੀਪ ਬਿਲਾਸਪੁਰ ਨੇ ਇਸ ਮੌਕੇ ਸੋਸ਼ਲ ਮੀਡੀਆ ਵਿੰਗ ਚਲਾਉਣ ਲਈ ਪ੍ਰਚਾਰ ਸਕੱਤਰ ਵਜੋਂ ਰਣਜੀਤ ਸੰਧੂ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਹਾਜ਼ਰੀਨ ਨੇ ਮੌਕੇ ‘ਤੇ ਪ੍ਰਵਾਨ ਕੀਤਾ ਗਿਆ। ਇਸ ਮੌਕੇ ਸੱਥ ਦੇ ਸੀਨੀਅਰ ਮੈਂਬਰ ਗੁਰਦੀਪ ਸਿੰਘ ਲੂਥਰ ਨੇ ਤਿੰਨੇ ਅਹਿਮ ਅਹੁਦੇਦਾਰਾਂ ਦੇ ਨਾਲ ਇੱਕ ਇੱਕ ਸਹਾਇਕ ਵੀ ਲਾਉਣ ਦਾ ਮਤਾ ਵੀ ਪੇਸ਼ ਕੀਤਾ ਤਾਂ ਕਿ ਕਿਸੇ ਕਿਸਮ ਦੀ ਗ਼ੈਰ ਹਾਜ਼ਰੀ ਵਿੱਚ ਸੰਸਥਾ ਦੇ ਕੰਮ ਪ੍ਰਭਾਵਿਤ ਨਾ ਹੋ ਸਕਣ, ਇਸੇ ਤਹਿਤ ਸਰਬਸੰਮਤੀ ਨਾਲ ਮੀਤ ਪ੍ਰਧਾਨ ਵਜੋਂ ਅਮਰਜੀਤ ਸਿੰਘ ਲੱਖਾ, ਸਕੱਤਰ ਵਜੋਂ ਤਰਨਦੀਪ ਬਿਲਾਸਪੁਰ ਅਤੇ ਸਹਾਇਕ ਖ਼ਜ਼ਾਨਚੀ ਵਜੋਂ ਬਿਕਰਮਜੀਤ ਸਿੰਘ ਮਟਰਾਂ ਦੇ ਨਾਮ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਕਾਰਜਕਾਰਨੀ ਵਿੱਚ ਚਾਰ ਜਰਨਲ ਮੈਂਬਰ ਚੁਣੇ ਗਏ ਜਿਨ੍ਹਾਂ ਚ ਸੱਤਾ ਵੈਰੋਵਾਲੀਆ, ਮੁਖਤਿਆਰ ਸਿੰਘ, ਮਨਵੀਰ ਸਿੰਘ ਤੇ ਅਵਤਾਰ ਸਿੰਘ ਟਹਿਣਾ ਸ਼ਾਮਿਲ ਹੋਏ।
ਇਹ ਦੇ ਨਾਲ ਹੀ ਸੰਸਥਾ ਵੱਲੋਂ ਸਲਾਨਾ ਮੈਂਬਰਸ਼ਿਪ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਸਾਹਿਤਕ ਮੱਸ ਰੱਖਣ ਵਾਲਾ ਪਾਠਕ ਅਤੇ ਲੇਖਕ ਉਕਤ ਸੰਸਥਾ ਮੈਂਬਰ ਬਣ ਸਕਦਾ ਹੈ, ਜਿਸ ਲਈ ਕੋਈ ਵੀ ਸਾਹਿਤ ਪ੍ਰੇਮੀ ਸੰਸਥਾ ਦੇ ਜਰਨਲ ਸਕੱਤਰ ਕਰਮਜੀਤ ਅਕਲੀਆ ਨਾਲ ਫ਼ੋਨ ਨੰਬਰ 02108128300 ‘ਤੇ ਸੰਪਰਕ ਵੀ ਕਰ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਉਕਤ ਸੰਸਥਾ ਨਿਊਜ਼ੀਲੈਂਡ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਅਕਾਦਮੀ ਲੁਧਿਆਣਾ ਦੀ ਪਾਰਟਨਰ ਮੈਂਬਰ ਵੀ ਹੋਵੇਗੀ ਤਾਂ ਕਿ ਅਧਿਕਾਰਕ ਤੌਰ ‘ਤੇ ਨਿਊਜ਼ੀਲੈਂਡ ਵਿੱਚ ਸਾਹਿਤਕ ਗਤੀਵਿਧੀਆਂ ਦਾ ਇੱਕ ਪੁਲ ਬਣ ਕੇ ਕੰਮ ਕੀਤਾ ਜਾਵੇ। ਇਸੇ ਮੌਕੇ ਸੰਸਥਾ ਨੇ ਸਥਾਨਿਕ ਸਿਆਸਤ ਦੀਆਂ ਗਤੀਵਿਧੀਆਂ ਜਾਂ ਕਿਸੇ ਵਿਸ਼ੇਸ਼ ਧਿਰ ਦੇ ਨਾਲ ਜੁੜ ਕੇ ਕੰਮ ਕਰਨ ਦੀ ਥਾਂ ‘ਤੇ ਵਿਚਾਰਕ ਪ੍ਰਵਾਹ ਨੂੰ ਚਲਾਉਣ ਲਈ ਯਤਨਸ਼ੀਲ ਰਹਿਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ।