ਸ. ਕੁਲਬੀਰ ਸਿੰਘ ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੇ ਪ੍ਰਧਾਨ ਬਣੇ

ਪਹਿਲੇ ਦਸਤਾਰਧਾਰੀ ਪ੍ਰਧਾਨ ਹੋਣ ਦਾ ਮਾਣ ਮਿਲਿਆ
ਆਕਲੈਂਡ, 24 ਜੁਲਾਈ –
ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਜੋ ਕਿ 2015 ਤੋਂ ਇੱਥੇ ਬਹੁਤ ਸਾਰੇ ਸਮਾਜਿਕ ਕੰਮਾਂ ਜਿਵੇਂ ਬਿਮਾਰੀਆਂ ਨਾਲ ਲੜਨ ਲਈ ਫ਼ੰਡ ਰੇਜਿੰਗ, ਸਥਾਨਿਕ ਕਮਿਊਨਿਟੀ ਲਈ ਫੂਡ ਬੈਂਕ ਵਿੱਚ ਸਹਾਇਤਾ, ਫੂਡ ਪੈਂਟਰੀ ਅਤੇ ਹੋਰ ਵੱਖ-ਵੱਖ ਕਮਿਊਨਿਟੀ ਦੇ ਲੋਕ ਭਲਾਈ ਕੰਮਾਂ ਵਿੱਚ ਆਪਣੀ ਮੁੱਖ ਭੂਮਿਕਾ ਨਿਭਾਉਂਦਾ ਹੈ, ਦੀ ਸਲਾਨਾ ਮੀਟਿੰਗ (ਚੇਂਜ ਓਵਰ) ਬੀਤੇ ਦਿਨੀਂ ਹੋਈ। ਮੀਟਿੰਗ ਦੇ ਵਿੱਚ ਪਹਿਲੀ ਇਕ ਦਸਤਾਰਧਾਰੀ ਸ਼ਖ਼ਸੀਅਤ ਸ. ਕੁਲਬੀਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੀ ਚੋਣ ਭਾਵੇਂ ਇਕ ਸਾਲ ਪਹਿਲਾਂ ਹੀ ਕੀਤੀ ਹੁੰਦੀ ਹੈ ਪਰ ਕਾਰਜਭਾਰ ਸਲਾਨਾ ਮੀਟਿੰਗ ਦੇ ਵਿੱਚ ਪ੍ਰਧਾਨਗੀ ਦੀ ਪਿੰਨ ਨਾਲ ਦਿੱਤਾ ਜਾਂਦਾ ਹੈ। ਸ. ਕੁਲਬੀਰ ਸਿੰਘ ਨੂੰ ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੇ ਜ਼ਿਲ੍ਹਾ ਗਵਰਨਰ (ਡਿਸਟ੍ਰਿਕਟ-9920) ਸ੍ਰੀ ਗੈਰੀ ਲੌਂਗਫੋਰਡ ਨੇ ਪ੍ਰਧਾਨਗੀ ਦੀ ਪਿੰਨ ਸਜਾਈ।
ਸ. ਕੁਲਬੀਰ ਸਿੰਘ 2002 ਦੇ ਵਿੱਚ ਸ਼ਹਿਰ ਲੁਧਿਆਣਾ ਤੋਂ ਇੱਥੇ ਆ ਕੇ ਵਸੇ ਹਨ। ਉਹ ਸਿਵਲ ਇੰਜੀਨੀਅਰ ਪਾਸ ਹਨ। ਇੱਥੇ ਆ ਕੇ ਉਨ੍ਹਾਂ ਕੰਸਟਰੱਕਸ਼ਨ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਫਿਰ ਸਿੱਖਿਆ ਦੇ ਖੇਤਰ ਵਿੱਚ ਆ ਕੇ ਵਧੀਆ ਉੱਚ ਦਰਜੇ ਦਾ ਕਾਲਜ ਖੋਲ੍ਹਿਆ।
ਰੋਟਰੀ ਕਲੱਬ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਇਹ ਨਿਯੁਕਤੀ ਇਕ ਸਾਲ ਵਾਸਤੇ ਕੀਤੀ ਗਈ ਹੈ। ਉਨ੍ਹਾਂ ਦੀ ਬਾਕੀ ਟੀਮ ਦੇ ਵਿੱਚ ਸਕੱਤਰ ਯਸ਼ਵੀਨ ਸਿੰਘ, ਸਹਾਇਕ ਸਕੱਤਰ ਸ੍ਰੀਮਤੀ ਦਮਨਦੀਤ ਕੌਰ ਅਤੇ ਖ਼ਜ਼ਾਨਚੀ ਸ. ਗੁਰਜਿੰਦਰ ਸਿੰਘ ਘੁੰਮਣ (ਇਮੀਗ੍ਰੇਸ਼ਨ ਸਲਾਹਕਾਰ) ਹਨ। ਨਿਊਜ਼ੀਲੈਂਡ ਦੇ ਵਿੱਚ ਰੋਟਰੀ ਕਲੱਬ ਦੀਆਂ 6 ਜ਼ਿਲ੍ਹਾ ਇਕਾਈਆਂ (ਡਿਸਟ੍ਰਿਕਟਸ) ਕੰਮ ਕਰਦੀਆਂ ਹਨ। ਰੋਟਰੀ ਕਲੱਬ ਪਾਪਾਟੋਏਟੋਏ ਡਿਸਟ੍ਰਿਕਟ 9920 ਦੇ ਅਧੀਨ ਕੰਮ ਕਰਦਾ ਹੈ ਜੋ ਕਿ ਨਿਊਜ਼ੀਲੈਂਡ ਅਤੇ ਸਾਊਥ ਪੈਸੀਫਿਕ ਵਿੱਚ ਕਾਰਜਸ਼ੀਲ ਰਹਿੰਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਅਤੇ ਮੀਡੀਆ ਕਰਮੀਆਂ ਵੱਲੋਂ ਸ. ਕੁਲਬੀਰ ਸਿੰਘ ਨੂੰ ਬਹੁਤ ਬਹੁਤ ਵਧਾਈ।