ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦੇਹਾਂਤ

ਨਵੀਂ ਦਿੱਲੀ, 6 ਮਈ – ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਦੀ 4 ਮਈ ਦਿਨ ਮੰਗਲਵਾਰ ਦੀ ਰਾਤ ਨੂੰ ਤਬੀਅਤ ਬੇਹੱਦ ਵਿਗੜ ਗਈ ਸੀ। ਜਿਸ ਕਾਰਣ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਉਹ 82 ਸਾਲ ਦੇ ਸਨ, ਉਨ੍ਹਾਂ ਸਵੇਰੇ 8.20 ਵਜੇ ਆਖ਼ਰੀ ਸਾਹ ਲਿਆ।
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਚੌਧਰੀ ਅਜੀਤ ਸਿੰਘ ਦਾ ਜਨਮ 12 ਫਰਵਰੀ 1939 ਨੂੰ ਮੇਰਠ ਵਿੱਚ ਹੋਇਆ ਸੀ। ਉਹ ਜੱਦੀ ਪੁਰਖੀ ਸੀਟ ਬਾਗਪਤ ਤੋਂ 7 ਵਾਰ ਸਾਂਸਦ ਚੁਣੇ ਗਏ ਅਤੇ ਉਹ ਇੱਕ ਵਾਰ ਰਾਜ ਸਭਾ ਮੈਂਬਰ ਵੀ ਰਹੇ ਸਨ। ਚੌਧਰੀ ਅਜੀਤ ਸਿੰਘ ਪਹਿਲੀ ਵਾਰ 1989 ਵਿੱਚ ਚੋਣ ਲੜੇ ਅਤੇ ਬਾਗਪਤ ਤੋਂ ਵੱਡੀ ਜਿੱਤ ਨਾਲ ਸੰਸਦ ਲਈ ਚੁਣੇ ਗਏ।
ਚੌਧਰੀ ਅਜੀਤ ਸਿੰਘ ਦੇ ਦੇਹਾਂਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਮੁੱਖ ਮੰਤਰੀ ਅਦਿੱਤੇਨਾਥ ਜੋਗੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਹੋਰ ਆਗੂਆਂ ਨੇ ਦੁੱਖ ਜਤਾਇਆ ਹੈ।