ਸਿਸਟੀਮਾ ਪਲਾਸਟਿਕ ‘ਲੌਕਡਾਊਨ’ ਦੌਰਾਨ 4 ਹਫ਼ਤਿਆਂ ਲਈ ‘ਬੰਦ’ ਰਹੇਗੀ

ਆਕਲੈਂਡ, 27 ਮਾਰਚ – ਇੱਥੇ ਪਲਾਸਟਿਕ ਦੇ ਪ੍ਰੋਡਕਟ ਬਣਾਉਣ ਵਾਲੀ ਸਿਸਟੀਮਾ ਪਲਾਸਟਿਕ ਕੰਪਨੀ ਨੇ ਦੇਸ਼ ਭਰ ਵਿੱਚ 26 ਮਾਰਚ ਤੋਂ ਸ਼ੁਰੂ ਹੋਏ ‘ਲੌਕਡਾਊਨ’ ਦੌਰਾਨ ਕੰਪਨੀ ਨੂੰ 4 ਹਫ਼ਤਿਆਂ ਲਈ ਬੰਦ ਕਰ ਦਿੱਤਾ ਹੈ। ਕੰਪਨੀ ਦੇ ਇਸ ਫ਼ੈਸਲੇ ਨਾਲ ਵਰਕਰਾਂ ਨੂੰ ਸੁੱਖ ਦਾ ਸਾਹ ਆਇਆ ਹੈ। ਲੌਕਡਾਊਨ ਦੌਰਾਨ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਬੇਸ ਪੇਅ ਦੇ ਹਿਸਾਬ ਨਾਲ ਤਨਖ਼ਾਹ ਦੇਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਕਰਮਚਾਰੀਆਂ ਦਾ ਖ਼ਿਆਲ ਰੱਖਦੀ ਹੈ ਅਤੇ ਕੰਪਨੀ ਨੇ ਲੌਕਡਾਊਨ ਦੌਰਾਨ ਵਰਕਰਾਂ ਨੂੰ ਸਿਹਤਯਾਬ ਰਹਿਣ ਦੀ ਅਪੀਲ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ 25 ਮਾਰਚ ਦਿਨ ਬੁੱਧਵਾਰ ਨੂੰ ਸਿਸਟੀਮਾ ਪਲਾਸਟਿਕ ਕੰਪਨੀ ਦੇ ਵਰਕਰਾਂ ਨੇ ਸਰਕਾਰ ਵੱਲੋਂ ਐਲਾਨੇ ਲੈਵਲ 4 ਦੇ ਅਲਰਟ ਦੇ ‘ਲੌਕਡਾਊਨ’ ਦੌਰਾਨ ਕੰਮ ਨਾ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਸੀ, ਜਿਸ ਦੇ ਬਾਅਦ ਸਿਸਟੀਮਾ ਕੰਪਨੀ ਦੀ ਮੈਨੇਜਮੈਂਟ ਕਮੇਟੀ ਨੇ ਕੰਪਨੀ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।