ਸਿੱਖਾਂ ‘ਤੇ ਹੁੰਦੇ ਜੁਲਮ ਸਬੰਧੀ ਅਮਰੀਕਾ ਸਰਕਾਰ ਨਾਲ ਕੀਤੀ ਵਿਸ਼ੇਸ਼ ਗੱਲਬਾਤ

ਕੈਵਿਨ ਅਤੇ ਕੈਥਰਿਨ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ

84 ਵਿੱਚ ਦੰਗੇ ਨਹੀਂ ਸਗੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ : ਹਿੰਮਤ ਸਿੰਘ

ਨੌਰਵਿੱਚ (ਅਮਰੀਕਾ), 11 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਨਾਰਥ ਈਸਟ ਕੋਸਟ ਦੀਆਂ 140 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅਮਰੀਕਾ ਦੇ ਸਟੇਟ ਰੀਪ੍ਰਜੇਟਿਟਵ ਕੈਵਿਨ ਰਿਆਨ ਅਤੇ ਸਟੇਟ ਸੈਨੇਟਰ ਕੈਥਰਿਨ ਅੱਨ ਓਸਟਨ ਨਾਲ ਗੱਲਬਾਤ ਕਰਦਿਆਂ ਅਮਰੀਕਾ ਵਿੱਚ ਸਿੱਖਾਂ ਨਾਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾਂਦੇ ਨਫ਼ਰਤ ਭਰੇ ਅਪਰਾਧ ਨੂੰ ਠੱਲਣ ਲਈ ਯੋਗ ਕਾਰਵਾਈ ਕਰਨ ਦੀ ਮੰਗ ਕੀਤੀ, ਇੱਥੇ ਨੌਰਵਿੱਚ ਵਿੱਚ ਸ. ਸਵਰਨਜੀਤ ਸਿੰਘ ਖਾਲਸਾ ਦੀ ਰਿਹਾਇਸ ਵਿੱਚ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਅਮਰੀਕਾ ਦੇ ਕੈਵਿਨ ਅਤੇ ਕੈਥਰਿਨ ਨਾਲ ਗੱਲ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਨੇ ਭਾਰਤ ਵਿੱਚ ਦਿੱਲੀ ਦੇ ਹੋਏ ਸਿੱਖ ਕਤਲੇਆਮ ਸਬੰਧੀ ਯੂਐਨਓ ਨੂੰ ਦਿੱਤੀ ਰਿਪੋਰਟ ਵੀ ਸਾਂਝੀ ਕੀਤੀ। ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਨੌਰਵਿੱਚ ਦੇ ਸਵਰਨਜੀਤ ਸਿੰਘ ਖਾਲਸਾ ਰੈਜੀਡੈਂਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਅਮਰੀਕਾ ਦੇ ਸਟੇਟ ਰੀਪ੍ਰਜੇਟਿਟਵ ਕੈਵਿਨ ਰਿਆਨ ਅਤੇ ਸਟੇਟ ਸੈਨੇਟਰ ਕੈਥਰਿਨ ਅੱਨ ਓਸਟਨ ਨੇ ਉਨ੍ਹਾਂ ਨਾਲ ਡਿਨਰ ਵੀ ਕੀਤਾ ਅਤੇ ਸਿੱਖ ਮਾਮਲਿਆਂ ਸਬੰਧੀ ਗਹਿਰ ਗੰਭੀਰ ਵਿਚਾਰ ਚਰਚਾ ਵੀ ਕੀਤੀ ਗਈ। ਇਸ ਸਮੇਂ ਸਵਰਨਜੀਤ ਸਿੰਘ ਖਾਲਸਾ ਸਿੰਘ, ਕੁਲਜੀਤ ਸਿੰਘ, ਮਨਮੋਹਨ ਸਿੰਘ, ਮਨਜਿੰਦਰ ਸਿੰਘ ਭਰਾੜਾ, ਮਨੀ ਸਿੰਘ ਬੈਕੱਸ ਹਸਪਤਾਲ, ਜਸਪਾਲ ਸਿੰਘ ਬਾਠ ਵਪਾਰੀ ਆਦਿ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿੱਚ ਕੈਵਿਨ ਤੇ ਕੈਥਰਿਨ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਵਿੱਚ 1984 ਦੌਰਾਨ ਅਸਲ ਵਿੱਚ ਦੰਗੇ ਨਹੀਂ ਹੋਏ ਸਨ ਉਸ ਵੇਲੇ ਇਕ ਪਾਸੜ ਤੌਰ ‘ਤੇ ਸਾਜ਼ਿਸ਼ੀ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਉਸ ਸਮੇਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸਾੜ ਦਿੱਤੇ ਗਏ ਸਨ। ਉਨਾਂ ਦੇ ਵਪਾਰ ਖ਼ਤਮ ਕਰ ਦਿੱਤੇ ਗਏ ਸਨ। ਦੁਨੀਆ ਦੇ ਦਰਜਨ ਦੇ ਕਰੀਬ ਦੇਸ਼ਾਂ ਨੇ ਇਹ ਮੰਨ ਲਿਆ ਹੈ ਕਿ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਇਹੀ ਰਿਪੋਰਟ ਯੂਐਨਓ ਵਿੱਚ ਪੇਸ਼ ਕੀਤੀ ਗਈ ਹੈ। ਇਸ ਸਮੇਂ ਸਿੱਖਾਂ ਦੇ ਨੈਸ਼ਨਲ ਡੇਅ ਵਿਸਾਖੀ ਬਾਰੇ ਵੀ ਗੱਲ ਕੀਤੀ ਗਈ।
ਗੁਰਮੀਤ ਸਿੰਘ ਔਲਖ ਐਵਾਰਡ ਦੇਣ ਦਾ ਐਲਾਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਰਦਾਰ ਗੁਰਮੀਤ ਸਿੰਘ ਔਲਖ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਮ ‘ਤੇ ਇਕ ਵੱਡਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ ਇਹ ਐਵਾਰਡ ਸਿੱਖੀ ਨਾਲ ਸਬੰਧਿਤ ਵੱਡਾ ਕੰਮ ਕਰਨ ਵਾਲੇ, ਸਿੱਖਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਬਦਲੇ ਕੰਮ ਕਰਨ ਵਾਲੇ ਕਿਸੇ ਸਿੱਖ ਨੂੰ ਹਰ ਸਾਲ ਦਿੱਤਾ ਜਾਵੇਗਾ। ਇਹ ਐਲਾਨ ਉਨਾਂ ਦੀਆਂ ਅੰਤਿਮ ਰਸਮਾਂ ਮੌਕੇ ਸਰਧਾਂਜਲੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਸ. ਹਰਜਿੰਦਰ ਸਿੰਘ ਨੇ ਕੀਤਾ।  ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਨੇ ਸਿੱਖਾਂ ਨੂੰ ਹੱਕ ਦਿਵਾਉਣ ਲਈ ਵੱਡੇ ਕੰਮ ਕੀਤੇ ਹਨ। ਵਾਸ਼ਿੰਗਟਨ ਡੀਸੀ ਵਿੱਚ ਰਹਿੰਦਿਆ ਉਨ੍ਹਾਂ ਨੇ ਕੌਮੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ, ਸਰਦਾਰ ਔਲਖ 21 ਜੂਨ ਨੂੰ ਦੁਨੀਆ ਛੱਡ ਗਏ ਹਨ।