ਸਿੱਖ ਯੂਥ ਨਿਊਜ਼ੀਲੈਂਡ (SYNZ) ਵੱਲੋਂ ‘ਟਰਬਨ-ਡੇਅ’ ਮਨਾਇਆ ਗਿਆ

ਆਕਲੈਂਡ, 23 ਅਪ੍ਰੈਲ – ਸਿੱਖ ਯੂਥ ਨਿਊਜ਼ੀਲੈਂਡ (SYNZ) ਵੱਲੋਂ ਸਿੱਖਾਂ ਦੀ ‘ਦਸਤਾਰ (ਪੱਗੜੀ)’ ਪ੍ਰਤੀ ਦੇਸ਼ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮਕੱਸਦ ਨਾਲ 21 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਿਟੀ ਦੇ ‘ਓਟੀਆ ਸੁਕੇਅਰ (Aotea Square)’ ਵਿਖੇ ‘Turban Day 2018’ ਮਨਾਇਆ ਗਿਆ। ਸਿੱਖ ਯੂਥ ਨਿਊਜ਼ੀਲੈਂਡ (SYNZ) ਨੇ ਇਸ ‘ਦਸਤਾਰ ਦਿਵਸ’ ਦਾ ਆਯੋਜਨ ਹੋਰ ਸੰਸਥਾਵਾਂ ਜਿਵੇਂ ਖਾਲਸਾ ਫਾਊਂਡੇਸ਼ਨ, ਆਕਲੈਂਡ ਇੰਟਰ ਫੇਥ ਆਦਿ ਦੇ ਨਾਲ ਮਿਲ ਕੇ ਕੀਤਾ। ਇਸ ਦਿਨ ਹਰ ਭਾਈਚਾਰੇ ਦੇ ਅਤੇ ਹਰ ਉਮਰ ਵਰਗ ਦੇ ਲੋਕਾਂ ਦੇ ਸਿਰਾਂ ਉੱਤੇ ਪੱਗਾਂ ਸਜਾ ਕੇ ਸਿੱਖੀ ਅਤੇ ਪੱਗੜੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਿੱਖ ਯੂਥ ਨਿਊਜ਼ੀਲੈਂਡ (SYNZ) ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੱਜ ਦੁਪਿਹਰ 12.00 ਤੋਂ ਲੈ ਕੇ 2.00 ਵਜੇ ਤੱਕ ਚੱਲੇ ਇਸ ‘ਟਰਬਨ ਡੇਅ’ ਪ੍ਰੋਗਰਾਮ ਵਿੱਚ 600 ਦੇ ਲਗਭਗ ਲੋਕਾਂ ਨੂੰ ਪੱਗਾਂ ਬੰਨ੍ਹਿਆਂ ਗਈਆਂ।

ਜ਼ਿਕਰਯੋਗ ਹੈ ਕਿ 2016 ਵਿੱਚ ਸਿੱਖ ਯੂਥ ਨਿਊਜ਼ੀਲੈਂਡ ਵੱਲੋਂ ਗੋਰਿਆਂ ਦੇ ਨਾਲ ਹਰ ਭਾਈਚਾਰੇ ਦੇ ਲੋਕਾਂ ਨੂੰ 300 ਤੋਂ ਵੱਧ ਪੱਗਾਂ ਬੰਨ੍ਹ ਕੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਅਤੇ ਪੱਗ ਦੀ ਪਹਿਚਾਣ ਨਾਲ ਜਾਣੂ ਕਰਵਾਇਆ ਗਿਆ ਸੀ। ਸਿੱਖ ਯੂਥ ਨਿਊਜ਼ੀਲੈਂਡ (SYNZ) ਦਾ ਕਹਿਣਾ ਹੈ ਕਿ ਸਾਡਾ ਮੁੱਖ ਨਿਸ਼ਾਨਾ ਹੈ ਗੈਰ ਸਿੱਖਾਂ ਵਿੱਚ ਸਿੱਖਾਂ ਬਾਰੇ ਅਤੇ ਪੱਗ ਬਾਰੇ ਭੁਲੇਖਿਆਂ ਨੂੰ ਦੂਰ ਕਰਨਾ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਪੱਗਾਂ ਬੰਨ੍ਹ ਕੇ ਪੱਗ ਦੀ ਵਿਲੱਖਣਤਾ ਦਾ ਇਹਸਾਸ ਕਰਾਉਣਾ ਅਤੇ ਸਿੱਖਾਂ ਦੀ ਹੁੰਦੀ Misidentification ਨੂੰ ਦੂਰ ਕਰਨਾ ਹੈ।