ਸੁਪਰੀਮ ਕੋਰਟ ਨੇ ਵਿਰੋਧੀ ਧਿਰਾਂ ਨੂੰ ਝਟਕਾ ਦਿੱਤਾ – ਪ੍ਰਧਾਨ ਮੰਤਰੀ ਮੋਦੀ

ਹੈਦਰਾਬਾਦ/ਚੇਨਈ, 8 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਖ਼ਿਲਾਫ਼ ਵੱਖ-ਵੱਖ ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਦੇ ਮੁੱਦੇ ਉਤੇ ਸੁਪਰੀਮ ਕੋਰਟ ਦਾ ਰੁਖ਼ ਕਰਨ ਵਾਲੀਆਂ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਿਖ਼ਰਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਕੇ, ਇਨ੍ਹਾਂ ਦਲਾਂ ਨੂੰ ‘ਕਰਾਰਾ ਝਟਕਾ’ ਦਿੱਤਾ ਹੈ। ਮੋਦੀ ਨੇ ਹੈਦਰਾਬਾਦ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨਾਲ ਸਹਿਯੋਗ ਦੀ ਕਮੀ ਕਾਰਨ ਤਿਲੰਗਾਨਾ ’ਚ ਕਈ ਕੇਂਦਰੀ ਯੋਜਨਾਵਾਂ ਮੁਕੰਮਲ ਹੋਣ ਵਿਚ ਦੇਰੀ ਹੋ ਰਹੀ ਹੈ। ਮੋਦੀ ਨੇ ਇਸ ਮੌਕੇ ਵੰਸ਼ਵਾਦ ਦੀ ਰਾਜਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੰਸ਼ਵਾਦੀ ਤਾਕਤਾਂ ਦੇ ਭ੍ਰਿਸ਼ਟਾਚਾਰ ਦੀ ਅਸਲੀ ਜੜ੍ਹ ਉਤੇ ਹੱਲਾ ਬੋਲਿਆ ਹੈ ਜੋ ਹਰ ਵਿਵਸਥਾ ਉਤੇ ਆਪਣਾ ਕਾਬੂ ਰੱਖਣਾ ਚਾਹੁੰਦੀਆਂ ਹਨ। ਇਸੇ ਦੌਰਾਨ ਸ੍ਰੀ ਮੋਦੀ ਨੇ ਚੇਨੱਈ ਹਵਾਈ ਅੱਡੇ ’ਤੇ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ।