ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਦੀ ਯਾਦ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ੋਕ ਸਭਾ

ਜਲੰਧਰ, 7 ਫਰਵਰੀ (ਅਮੋਲਕ ਸਿੰਘ) – ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸੰਗੀਤ ਅਤੇ ਕਲਾ ਜਗਤ ਦੀ ਵਿਸ਼ਵ ਪ੍ਰਸਿੱਧ, ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਦੇ ਵਿਛੋੜੇ ‘ਤੇ ਸ਼ੋਕ ਸਭਾ ਕੀਤੀ ਗਈ। ਲਤਾ ਮੰਗੇਸ਼ਕਰ ਦੀ ਯਾਦ ‘ਚ ਖੜ੍ਹੇ ਹੋ ਕੇ ਉਨ੍ਹਾਂ ਦੀ ਕਲਾ ਜਗਤ ਨੂੰ ਅਮਿੱਟ ਦੇਣ ਨੂੰ ਨਤਮਸਤਕ ਹੋਇਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਨੇ ਇਸ ਮੌਕੇ ਲਤਾ ਮੰਗੇਸ਼ਕਰ ਦੀ ਸੁਰ-ਸੰਗੀਤ ਦੀ ਦੁਨੀਆ ਤੱਕ ਪਹੁੰਚਣ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੋਰ ਗ਼ਰੀਬੀ ਵਿੱਚੋਂ ਉੱਠ ਕੇ, ਸਖ਼ਤ ਰਿਆਜ਼ ਕਰਦਿਆਂ ਇਸ ਮੁਕਾਮ ਤੱਕ ਪਹੁੰਚਣ ਵਾਲੀਆਂ ਪੈੜਾਂ ਤੋਂ ਲੋਕ ਸੰਗੀਤ ਪ੍ਰੇਮੀਆਂ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਾਂਝੇ ਮੁਲਕ ਦੀ ਜੰਮਪਲ ਲਤਾ ਮੰਗੇਸ਼ਕਰ ਅਤੇ ਮਲਕਾ-ਏ-ਤਰੰਨਮ ਨੂਰਜਹਾਂ ਵਰਗੀਆਂ ਦੇ ਮੇਲ ਮਿਲਾਪ ਉੱਪਰ ਵੀ ਰੋਕਾਂ ਮੜ੍ਹਨ ਵਰਗੀਆਂ ਉੱਸਰੀਆਂ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਅਜੇਹੇ ਨਿਜ਼ਾਮ ਦੀ ਸਿਰਜਣਾ ਦੀ ਲੋੜ ਹੈ, ਜਿੱਥੇ ਸੰਗੀਤ ਦਾ ਗੱਲਾ ਘੁੱਟਣ ਵਾਲਾ ਮਾਹੌਲ ਸਿਰਜਣ ਵਾਲੀਆਂ ਤਾਕਤਾਂ ਨੂੰ ਮਾਤ ਦਿੱਤੀ ਜਾ ਸਕੇ।