ਸ੍ਰੀ ਅਨੰਦਪੁਰ ਸਾਹਿਬ ਦੇ ੩੫੦ਵੇਂ ਸਥਾਪਨਾ ਦਿਵਸ ‘ਤੇ ਵਿਸ਼ੇਸ਼

imagesਸਦਾ ਅਨੰਦ ਪ੍ਰਕਾਸ਼ ਅਨੰਦਪੁਰ ਬਾਸ ਮੋ
ਮਨੁੱਖਤਾ ਦੇ ਕਲਿਆਣ ਅਤੇ ਸਿੱਖੀ ਦੇ ਬੂਟੇ ਨੂੰ ਪ੍ਰਫੁਲਿਤ ਕਰਨ ਲਈ ਗੁਰੂ ਸਾਹਿਬਾਨ ਨੇ ਆਪਣੇ ਗੁਰਿਆਈ ਕਾਲ ਵਿੱਚ ਨਵੇਂ-ਨਵੇਂ ਨਗਰਾਂ ਦਾ ਨਿਰਮਾਣ ਕਰਵਾਇਆ ਅਤੇ ਇਨ੍ਹਾਂ ਨਗਰਾਂ ਨੂੰ ਸਮਾਜਿਕ, ਧਾਰਮਿਕ ਅਤੇ ਆਰਥਿਕ ਪੱਖ ਤੋਂ ਪ੍ਰਫੁਲਿਤ ਕੀਤਾ। ਨਵੇਂ ਨਗਰ ਵਸਾਉਣ ਦੀ ਇਸੇ ਪਰੰਪਰਾ ਤਹਿਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ੧੯ ਜੂਨ, ੧੬੬੫ ਈ: ਨੂੰ ‘ਚੱਕ ਨਾਨਕੀ’ (ਸ੍ਰੀ ਅਨੰਦਪੁਰ ਸਾਹਿਬ) ਦੀ ਨੀਂਹ ਰੱਖੀ। ਗਿਆਨੀ ਗਿਆਨ ਸਿੰਘ ਇਸ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ :
ਜੈਸੇ ਪੂਰਾ ਗੁਰੂ ਬਹੁ ਗ੍ਰਾਮ ਹੈ ਬਸਾਏ, ਤੈਸੇ ਹਮ ਭੀ ਨਗਰ ਏਕ ਰਚੀਏ ਸੁਛੰਦ ਹੈ॥
ਐਸੇ ਮਨਿ ਧਾਰਿਕੈ ਨਿਹਾਰਕੈ ਜ਼ਮੀਨ ਵਰ, ਬਾਂਧਯੋ ਅਨੰਦ ਪੁਰ ਦਾਇ ਪਰਮਾਨੰਦ ਹੈ॥
ਇਸ ਨਵੇਂ ਨਗਰ ਦੇ ਨਿਰਮਾਣ ਲਈ ਗੁਰੂ ਜੀ ਨੇ ਵੱਖ-ਵੱਖ ਕਲਾਵਾਂ ਦੇ ਕਾਰੀਗਰ ਬੁਲਾਏ ਜੋ ਸ਼ਿਲਪਕਾਰੀ ਨਾਲ ਸੁੰਦਰ ਮਕਾਨ ਬਣਾਉਣ ਲੱਗ ਪਏ :
ਮੰਦਿਰ ਸੁੰਦਰ ਹੇਤ ਕਰਾਵਨਿ। ਸ੍ਰੀ ਗੁਰੂ ਸ਼ਿਲਪੀ ਕਰੇ ਅਵਾਹਿਨ।
ਦਾਰ ਬਿਲੰਦ ਸੁਗੰਧਤਿ ਬ੍ਰਿੰਦ। ਨਾਨਾ ਚਿੱਤਰਤਿ ਬਨ ਅਰਬਿੰਦ।
ਇਸ ਤਰ੍ਹਾਂ ਨਵਾਂ ਨਗਰ ਵਸਾ ਕੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਤੋਂ ਇੱਥੇ ਆ ਕੇ ਰਹਿਣ ਲੱਗ ਪਏ। ਕੁੱਝ…… ਸਮਾਂ ਇੱਥੇ ਰਹਿਣ ਮਗਰੋਂ ਗੁਰੂ ਜੀ ਉੱਤਰ-ਪੂਰਬੀ ਖੇਤਰਾਂ ਦੇ ਪ੍ਰਚਾਰ ਦੌਰਿਆਂ ‘ਤੇ ਚਲੇ ਗਏ। ਮਨੁੱਖਤਾ ਦਾ ਉਧਾਰ ਕਰਦੇ ਹੋਏ, ਗੁਰੂ ਜੀ ਆਪਣੀ ਯਾਤਰਾ ਸਮਾਪਤ ਕਰਕੇ ੧੬੭੨ ਈ: ਨੂੰ ਵਾਪਸ ‘ਚੱਕ ਨਾਨਕੀ’ ਪਰਤੇ। ਬਾਅਦ ਵਿੱਚ (ਗੁਰੂ) ਗੋਬਿੰਦ ਰਾਏ ਵੀ ਆਪਣੇ ਦਾਦੀ ਅਤੇ ਮਾਤਾ ਸਮੇਤ ਇਸ ਨਵੇਂ ਨਗਰ ਵਿੱਚ ਆ ਕੇ ਰਹਿਣ ਲੱਗ ਪਏ। ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਨਗਰੀ ਨੂੰ ੧੬੭੨ ਈ: ਤੋਂ ੧੭੦੪ ਈ: ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਕੇ ਇੱਥੇ ਲਾਸਾਨੀ ਇਤਿਹਾਸ ਸਿਰਜਿਆ।
ਆਪਣੇ ਪੁਰਖਿਆਂ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਕੌਮ ਦੀ ਸੁਚੇਤਤਾ ਦਾ ਪ੍ਰਮਾਣ ਹੁੰਦਾ ਹੈ। ਆਪਣੇ ਇਸੇ ਫ਼ਰਜ਼ ਨੂੰ ਨਿਭਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ, ਸੂਰਬੀਰ ਯੋਧਿਆਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਨੂੰ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਤਾਬਦੀਆਂ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਮਨਾਉਂਦੀਆਂ ਰਹੀ ਹੈ। ਮੇਰੀ ਸੇਵਾ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਚੌਥੀ ਸ਼ਤਾਬਦੀ (੨੦੦੬), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਤੀਜੀ ਸ਼ਤਾਬਦੀ (੨੦੦੬), ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਚੌਥੀ ਸ਼ਤਾਬਦੀ (੨੦੦੬), ਸਰਹਿੰਦ ਫ਼ਤਹਿ ਦਿਵਸ ਦੀ ਤੀਸਰੀ ਸ਼ਤਾਬਦੀ (੨੦੧੦) ਆਦਿ ਵੱਡੇ ਪੱਧਰ ‘ਤੇ ਮਨਾਈਆਂ ਗਈਆਂ ਹਨ। ਇਨ੍ਹਾਂ ਸ਼ਤਾਬਦੀਆਂ ਵਿੱਚ ਕਰਵਾਏ ਜਾਂਦੇ ਵੱਖ-ਵੱਖ ਗੁਰਮਤਿ ਸਮਾਗਮ, ਵਿਸ਼ੇਸ਼ ਸੈਮੀਨਾਰ ਅਤੇ ਪ੍ਰਕਾਸ਼ਿਤ ਕੀਤੇ ਜਾਂਦੇ ਸੋਵੀਨਰ ਆਦਿ ਉਪਰਾਲੇ ਸੰਗਤਾਂ ਲਈ ਗੁਰਬਾਣੀ ਦੇ ਲੜ ਲੱਗਣ, ਗੁਰਮਤਿ ਰਹਿਣੀ ਦੇ ਧਾਰਨੀ ਬਣਨ, ਸਿੱਖੀ ਸਰੂਪ ਵਿੱਚ ਪਰਪੱਕ ਰਹਿਣ, ਨਸ਼ਿਆਂ, ਪਤਿਤਪੁਣੇ ਅਤੇ ਹੋਰ ਸਮਾਜਿਕ ਅਲਾਮਤਾਂ ਦਾ ਤਿਆਗ ਕਰਕੇ ਗੁਰੂ ਦੇ ਚਰਨੀਂ ਲੱਗਣ ਦਾ ਸਫਲ ਯਤਨ ਹੋ ਨਿੱਬੜਦੇ ਹਨ। ਅਸੀਂ ਪਿੱਛੇ ਮਨਾਈਆਂ ਸ਼ਤਾਬਦੀਆਂ ਵਿੱਚ ਸਿੱਖੀ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ।
ਇਤਿਹਾਸਕ ਦਿਹਾੜੇ ਮਨਾਉਣ ਦੀ ਇਸੇ ਪਿਰਤ ਨੂੰ ਜਾਰੀ ਰੱਖਦਿਆਂ ‘ਚੱਕ ਨਾਨਕੀ’ (ਸ੍ਰੀ ਅਨੰਦਪੁਰ ਸਾਹਿਬ) ਦੀ ਸਥਾਪਨਾ ਦੇ ੩੫੦ ਸਾਲ ਪੂਰੇ ਹੋਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਸਮੂਹ ਸਿੱਖ ਜਗਤ ਇਸ ਸਮੇਂ ‘ਚੱਕ ਨਾਨਕੀ’ (ਸ੍ਰੀ ਅਨੰਦਪੁਰ ਸਾਹਿਬ) ਦਾ ੩੫੦ ਸਾਲਾ ਸਥਾਪਨਾ ਦਿਵਸ ਪੰਥਕ ਰਵਾਇਤਾਂ ਅਨੁਸਾਰ ਮਨਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਬ੍ਰਹਿਮੰਡ ਦਾ ਉਹ ਟੁਕੜਾ ਹੈ ਜਿੱਥੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਸੁਤੰਤਰਤਾ ਦੇ ਜ਼ਾਮਨ ਬਣ ਆਪਣਾ ਸੀਸ ਨਿਛਾਵਰ ਕਰਨ ਦਾ ਪ੍ਰਣ ਲਿਆ ਅਤੇ ਦਿੱਲੀ ਜਾ ਕੇ ਸ਼ਹਾਦਤ ਦਿੱਤੀ। ਇਹ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦਾ ਸੰਦੇਸ਼ ਦੇਣ ਵਾਲੀ ਉਹ ਸਰਜ਼ਮੀਨ ਹੈ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਹਿੰਦ ਵਾਸੀਆਂ ਦੀ ਮੁਰਦਾ ਹੋ ਚੁੱਕੀ ਰੂਹ ਨੂੰ ਪੁਨਰ ਸੁਰਜੀਤ ਕੀਤਾ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਖ਼ਾਲਸਾਈ ਵਿਰਾਸਤ ਦੀ ਲੰਮੀ ਦਾਸਤਾਨ ਅਤੇ ਕੁਰਬਾਨੀਆਂ ਭਰੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ।
ਸ੍ਰੀ ਅਨੰਦਪੁਰ ਸਾਹਿਬ ਦਾ ੩੫੦ ਸਾਲਾ ਸਥਾਪਨਾ ਦਿਵਸ ਮਨਾਉਣ ਦਾ ਇਹ ਉਪਰਾਲਾ ਖਾਲਸੇ ਦੀ ਰੂਹਾਨੀ ਵਿਰਾਸਤ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਯਤਨ ਵਜੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਜਿੱਥੇ ਹਰ ਨਾਨਕ ਨਾਮ ਲੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਪ੍ਰਤੀ ਉਤਸ਼ਾਹ ਪ੍ਰਗਟ ਕਰ ਰਿਹਾ ਹੈ, ਉੱਥੇ ਗਿਆਨੀ ਮੱਲ ਸਿੰਘ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿਸ਼ੇਸ਼ ਉੱਦਮ ਅਤੇ ਪ੍ਰੇਰਨਾ ਸਦਕਾ ਵੱਖ-ਵੱਖ ਇਲਾਕਿਆਂ ਦੀਆਂ ਸਿੱਖ ਸੰਗਤਾਂ ਸੈਂਕੜੇ ਤੋਂ ਵੱਧ ਨਗਰ ਕੀਰਤਨ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਪਰ ਪੁੱਜੀਆਂ ਹਨ ਅਤੇ ਇਹ ਪ੍ਰਵਾਹ ਲਗਾਤਾਰ ਜਾਰੀ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਸਦਕਾ ਇਕ ਵਿਸ਼ੇਸ਼ ਬੱਸ ਰਾਹੀਂ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ। ਇਸੇ ਸਬੰਧ ਵਿੱਚ ੧੦ ਜੂਨ ਨੂੰ ਵਿਰਾਸਤ-ਏ-ਖ਼ਾਲਸਾ ਵਿਖੇ ‘ਸ੍ਰੀ ਅਨੰਦਪੁਰ ਸਾਹਿਬ ਵਿਰਸਾ ਅਤੇ ਸੰਦੇਸ਼’ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੀਆਂ ਬਖ਼ਸ਼ੀਸ਼ਾਂ ਅਤੇ ਖ਼ਾਲਸਾਈ ਵਿਰਾਸਤ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਚਿਤਰ ਸੋਵੀਨਰ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਇਕ ਇਤਿਹਾਸਕ ਸੋਵੀਨਰ ਹੋ ਨਿੱਬੜੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੁਸ਼ੋਭਿਤ ਪੰਜ ਕਿਲ੍ਹਿਆਂ ਨੂੰ ਕਾਰ ਸੇਵਾ ਰਾਹੀਂ ਪੁਰਾਤਨ ਦਿੱਖ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਕਾਰਜ ਲਈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਆਰਕੀਟੈਕਟ ਡਾ. ਕਰਮਜੀਤ ਸਿੰਘ ਚਾਹਲ ਅਤੇ ਪ੍ਰੋ. ਰਾਵਲ ਸਿੰਘ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਠੰਢੇ ਬੁਰਜ, ਕੱਚੀ ਗੜ੍ਹੀ ਅਤੇ ਟੋਡਰ ਮੱਲ ਦੀ ਹਵੇਲੀ ਨੂੰ ਵੀ ਪੁਰਾਤਨ ਦਿੱਖ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਕਾਰਜ ਦੇ ਸੰਪੂਰਨ ਹੋਣ ‘ਤੇ ਸੰਗਤਾਂ ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਉਸ ਰੂਪ ਵਿੱਚ ਕਰ ਸਕਣਗੀਆਂ, ਜਿਸ ਰੂਪ ਵਿੱਚ ਇਹ ਗੁਰੂ ਸਾਹਿਬ ਦੇ ਸਮੇਂ ਮੌਜੂਦ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵਿਚੋਂ ਤਿੰਨ ਸਾਹਿਬਜ਼ਾਦਿਆਂ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਇਸੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਹੋਇਆ, ਉਨ੍ਹਾਂ ਦੀ ਯਾਦ ਵਿੱਚ ਨਵਾਂ ਗੁਰਦੁਆਰਾ ਸਾਹਿਬ ਉਸਾਰਿਆ ਜਾ ਰਿਹਾ ਹੈ। ਗੁਰਦੁਆਰਾ ਭੋਰਾ ਸਾਹਿਬ, ਗੁਰੂ ਕੇ ਮਹਿਲ ਨੂੰ ਵੀ ਕਾਰ ਸੇਵਾ ਰਾਹੀਂ ਪੁਰਾਤਨ ਦਿੱਖ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰੂ-ਘਰ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਧਰਮਸ਼ਾਲਾ ਦਾ ਨਿਰਮਾਣ ਕਰਵਾਉਣ ਦੇ ਹਵਾਲੇ ਇਤਿਹਾਸਕ ਗ੍ਰੰਥਾਂ ਵਿੱਚ ਮਿਲਦੇ ਹਨ :
ਇਕ ਧਰਮਸਾਲ ਬਡੀ ਬਨਾਈ। ਜਿਸ ਮਹਿੰ ਸੰਗਤਿ ਉਤਰਹਿੰ ਆਈ।
ਗੁਰੂ ਕੀ ਇਸ ਪਾਵਨ ਨਗਰੀ ਦਾ ਸਥਾਪਨਾ ਦਿਵਸ ਮਨਾਉਂਦਿਆਂ ਇੱਥੇ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮ ਪੂਰੇ ਜਾਹੋ-ਜਲਾਲ ਵਾਲੇ ਹੋਣਗੇ, ਜੋ ਮਨੁੱਖਤਾ ਅੰਦਰ ਹੱਕ-ਸੱਚ ਅਤੇ ਗ਼ੈਰਤ ਭਰਪੂਰ ਜੀਵਨ ਜਿਊਂਦਿਆਂ, ਮਜ਼ਲੂਮਾਂ ਦੀ ਰਾਖੀ ਦੇ ਜ਼ਾਮਨ ਬਣਨ ਦੀ ਪ੍ਰੇਰਨਾ ਪੈਦਾ ਕਰਨਗੇ। ਇਹ ਸਮਾਗਮ ਪੰਥ ਅੰਦਰ ਏਕਤਾ, ਇਤਫ਼ਾਕ ਵੀ ਪੈਦਾ ਕਰਨਗੇ। ਮੈਨੂੰ ਪੂਰਨ ਆਸ ਹੈ ਕਿ ਅਸੀਂ ਇਹ ਸਥਾਪਨਾ ਦਿਵਸ ਮਨਾਉਣ ਦੇ ਉਪਰਾਲੇ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੀ ਗੌਰਵਮਈ ਵਿਰਾਸਤ ਨੂੰ ਘਰ-ਘਰ ਪਹੁੰਚਾਉਣ ਵਿੱਚ ਸਫਲ ਹੋਵਾਂਗੇ ਅਤੇ ਜਿਹੜੇ ਗੁਰਸਿੱਖ ਪਰਿਵਾਰ ਹੁਣ ਤੱਕ ਗੁਰੂ ਵਾਲੇ ਨਹੀਂ ਬਣੇ, ਉਹ ਇੱਥੇ ਹੋ ਰਹੇ ਸਮਾਗਮਾਂ ਤੋਂ ਆਪਣੇ ਵਿਰਸੇ ਪ੍ਰਤੀ ਜਾਗਰੂਕ ਹੋ ਪੰਥਕ ਪਰਿਵਾਰ ਦੇ ਮੈਂਬਰ ਬਣ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਅਖਵਾਉਣ ਵਿੱਚ ਮਾਣ ਮਹਿਸੂਸ ਕਰਨਗੇ। ਇਸ ਮੌਕੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਹੁੰਮ-ਹੁੰਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਹੁੰਚਣ ਅਤੇ ਕਲਗੀਧਰ ਪਿਤਾ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।