ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿੱਲੀ ਕਮੇਟੀ ਵਲੋਂ ਮਨਾਇਆ ਗਿਆ

ਨਵੀਂ ਦਿੱਲੀ, 23 ਜੁਲਾਈ – ਅਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਸਮੁੱਚੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਕਥਾ ਵਾਚਕਾਂ ਨੇ ਸੰਗਤਾਂ ਨੂੰ ਗਰੂ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਮੁੱਖ ਸਮਾਗਮ ਵਿੱਚ ਪੰਥਕ ਵਿਚਾਰਾਂ ਦੇ ਸਮੇਂ ਦੌਰਾਨ ਗੈਰ ਰਾਜਸੀ ਤਕਰੀਰ ਦਿੰਦੇ ਹੋਏ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੋਂ ਸਿਖਿਆਂ ਲੈਣ ਦੀ ਸੰਗਤਾਂ ਨੂੰ ਬੇਨਤੀ ਕਰਦੇ ਹੋਏ ਦਸਿਆ ਕਿ ਜਿਸ ਪ੍ਰਕਾਰ ਗੁਰੂ ਸਾਹਿਬ ਨੇ ਸਰਬ ਲੋਕਾਈ ਦੀ ਸੇਵਾ ਬਿਨਾ ਕਿਸੀ ਭੇਦਭਾਵ ਦੇ ਕੀਤੀ ਉਸੇ ਰਸਤੇ ਤੇ ਚਲਦੇ ਹੋਏ ਗੁਰੂ ਕਿਰਪਾ ਸਦਕਾ ਦਿੱਲੀ ਕਮੇਟੀ ਨੇ ਉੱਤਰਾਖੰਡ ਵਿਖੇ ਕੁਦਰਤੀ ਕਰੋਪੀ ਦੌਰਾਨ ਸਮੁੱਚੀ ਮਾਨਵਤਾ ਦੀ ਸੇਵਾ ਕਰਕੇ ਲੋਕਾਂ ਨੂੰ ਇਹ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਅਗਰ ਉਹ ਅੱਜ ਜਿੰਦਾ ਹਨ, ਸੈਨਾ ਤੇ ਸਿੱਖਾਂ ਦੇ ਕਾਰਣ ਹਨ। ਉਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਂ ਤੇ ਚਲਦੇ ਵਿਦਿਅਕ ਅਦਾਰਿਆਂ ਵਿੱਚ ਕਮੇਟੀ ਵਲੋਂ ਲਾਗੂ ਕੀਤੇ ਜਾ ਰਹੇ “ਵਿਦਿਅਕ ਸੁਧਾਰਾਂ” ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਉਂਦੇ ਹੋਏ ਭਰੋਸਾ ਦਿੱਤਾ ਕਿ ਛੇਤੀ ਹੀ ਇਨ੍ਹਾਂ ਸਕੂਲਾਂ ਦਾ ਵਿਦਿਅਕ ਮਿਆਰ ਉਚਾ ਚੁੱਕ ਕੇ ਪੁਰਾਣੇ ਸੁਨਹਿਰੀ ਦੌਰ ਨੂੰ ਵਾਪਿਸ ਲਿਆਇਆ ਜਾਵੇਗਾ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀ ਵੱਖਵਾਦੀ ਜਾਂ ਅਤਿਵਾਦੀ ਨਹੀਂ ਹਾਂ ਪਰ ਬੀਤੇ ਕੁਝ ਦਿਨਾਂ ਦੌਰਾਨ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਨਾ ਸਮਝਣ ਵਾਲੇ ਕੁਝ ਲੋਕਾਂ ਨੇ ਸਿੱਖਾਂ ਦੇ ਖ਼ਿਲਾਫ਼ ਇਕ ਕੂੜ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਬੇਲੋੜਾ ਪੰਜਾਬ ਵਿੱਚ ਅਤਿਵਾਦ ਪਰਤਣ ਦਾ ਡਰ ਖੜਾ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਐਸੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਣ ਦੀ ਜੋ ਕਿ ਦੇਸ਼ ਕੌਮ ਵਾਸਤੇ ਕੁਰਬਾਨੀਆਂ ਤੋਂ ਭਰਿਆ ਪਇਆ ਹੈ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਪਰਿਵਾਰਿਕ ਖੁਸ਼ੀਆਂ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਹੋਰ ਕੰਮਾਂ ਦੇ ਨਾਲ ਗੁਰੂ ਘਰ ਵਿਚ ਲੋੜਵੰਦਾਂ ਦੇ ਵਾਸਤੇ ਚਲ ਰਹੀ “ਰਸਦ ਸਕੀਮ” ਵਾਸਤੇ ਰਸਦ ਆਦਿਕ ਭੇਜਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਗਿਆਨੀ ਰਜਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ ਵਲੋਂ ਕੀਤੇ ਗਏ ਸਹਿਜ ਪਾਠ ਦੀ ਸੀ. ਡੀ. ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇਵ ਨਗਰ ਦੀ ਸਾਬਕਾ ਵਾਈਸ ਪ੍ਰਿੰਸੀਪਲ ਡਾ. ਹਰਬੰਸ ਕੌਰ ਸੱਗੂ ਵਲੋਂ ਕੌਮ ਦੇ ਮੰਨੇ-ਪ੍ਰਮੰਨੇ ਲਿਖਾਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਬਾਰੇ ਲਿਖੇ ਗਏ ਲੇਖਾਂ ਨੂੰ ਇਕੱਠਾ ਕਰਕੇ ਬਨਾਈ ਗਈ ਕਿਤਾਬ “ਗੁਰੂ ਗ੍ਰੰਥ ਸਾਹਿਬ ਦਾ ਸਮਾਜਿਕ ਸਰੋਕਾਰ” ਨੂੰ ਸੰਗਤਾਂ ਵਾਸਤੇ ਮਨਜੀਤ ਸਿੰਘ ਜੀ. ਕੇ., ਮਨਜਿੰਦਰ ਸਿੰਘ ਸਿਰਸਾ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਮੈਂਬਰ ਕੁਲਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ, ਗੁਰਬਚਨ ਸਿੰਘ ਚੀਮਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਸ਼ਾਹਪੁਰਾ, ਐਮ. ਪੀ. ਐਸ. ਚੱਡਾ, ਜੀਤ ਸਿੰਘ, ਇੰਦਰਜੀਤ ਸਿੰਘ ਮੌਂਟੀ ਸਮਰਦੀਪ ਸਿੰਘ ਸੰਨੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਲਾਜਪਤ ਨਗਰ, ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਜਾਰੀ ਕੀਤਾ। ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸਟੇਜ ਦੀ ਸੇਵਾ ਬਖ਼ੂਬੀ ਨਿਭਾਉਂਦੇ ਹੋਏ ਕਮੇਟੀ ਅਧੀਨ ਚਲਦੇ ਸਕੂਲਾਂ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।