ਭੂਚਾਲ ਨੇ ਵੈਲਿੰਗਟਨ ਅਤੇ ਨੇੜਲੇ ਇਲਾਕੇ ਹਿਲਾਏ

ਵੈਲਿੰਗਟਨ, 22 ਜੁਲਾਈ – ਬੀਤੇ ਸ਼ੁੱਕਰਵਾਰ ਤੋਂ ਜਾਰੀ ਭੂਚਾਲ ਦੇ ਆ ਰਹੇ ਝਟਕਿਆਂ ਨੇ ਵੈਲਿੰਗਟਨ ਅਤੇ ਸਡਨ ਇਲਾਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਜੀਈਓ ਨੈੱਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ੧੯ ਜੁਲਾਈ ਦਿਨ ਸ਼ੁੱਕਰਵਾਰ ਦੀ ਸਵੇਰੇ ੯ ਵਜੇ ਪਹਿਲਾ ਝਟਕਾ 5.7 ਦੇ ਪੈਮਾਨੇ ਦਾ ਮਹਿਸੂਸ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਭੂਚਾਲ ਦੇ ਝਟਕੇ ਜਾਰੀ ਹਨ। 21 ਜੁਲਾਈ ਦਿਨ ਐਤਵਾਰ ਨੂੰ ਵੈਲਿੰਗਟਨ ਵਿੱਚ 6.5 ਪੈਮਾਨੇ ਦਾ ਸਭ ਨਾਲੋਂ ਵੱਡਾ ਝਟਕਾ ਸ਼ਾਮੀ 5.9 ਵਜੇ ਆਇਆ ਹੈ। ਜੀਐਨਐਸ ਸਾਇੰਸ ਮੁਤਾਬਕ ਹੁਣ ਤੱਕ ਵੈਲਿੰਗਟਨ, ਸਡਨ ਅਤੇ ਕੁਕ ਸਟੇਟ ਵਿੱਚ 230 ਛੋਟੇ ਵੱਡੇ ਝਟਕੇ ਆ ਚੁੱਕੇ ਹਨ ਅਤੇ ਅੱਗੇ ਵੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਨ੍ਹਾਂ ਵਿੱਚੋਂ 15 ਝਟਕੇ 4.15 ਪੈਮਾਨੇ ਦੇ ਲਾਗੇ ਦੇ ਹਨ। ਜੀਐਨਐਸ ਦੇ ਭੂਚਾਲ ਵਿਗਿਆਨੀ ਰਿਸਟੂਆ ਨੇ ਕਿਹਾ ਕਿ ਆਸਟਰੇਲੀਆ ਦੀ ਪੈਸਫਿਕ ਪਲੇਟ ਜੋ ਨਿਊਜ਼ੀਲੈਂਡ ਦੇ ਨਾਲ ਮਿਲਦੀਆਂ ਹਨ ਉਨ੍ਹਾਂ ਆਪਸ ਵਿੱਚ ਰਗੜ ਰਹੀਆਂ ਹਨ ਜਿਸ ਦੇ ਕਰਕੇ ਭੂਚਾਲ ਆ ਰਿਹਾ ਹੈ। ਵੈਲਿੰਗਟਨ ਅਤੇ ਸਡਨ ਵਿਖੇ ਭਾਰੀ ਨੁਕਸਾਨ ਹੋਇਆ, ਹਾਲੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਵਪਾਰਕ ਅਦਾਰਿਆਂ ਅਤੇ ਸੜਕੀਂ ਆਵਾਜਾਈ ਵਿੱਚ ਵਿਘਨ ਆਇਆ ਹੈ ਅਤੇ ਹਵਾਈ ਤੇ ਸਮੁੰਦਰੀ ਵਾਹਨ ਅਤੇ ਜੰਤਰ ਪ੍ਰਭਾਵਿਤ ਹੋਏ ਹਨ।