ਸ. ਹਰਵਿੰਦਰ ਸਿੰਘ ਨੇ ਨਿਊਜ਼ੀਲੈਂਡ ‘ਚ ਹੋਈ ਮਾਸਟਰ ਵਰਲਡ ਕੱਪ ਤੇ ਮਾਸਟਰ ਕਾਮਨਵੈਲਥ ਵੇਟਲਿਫ਼ਟਿੰਗ ‘ਚ ਦੂਜਾ ਸਥਾਨ ਮਾਰਿਆ

ਆਕਲੈਂਡ, 8 ਮਾਰਚ – ਇੱਥੇ 3 ਮਾਰਚ ਤੋਂ 7 ਮਾਰਚ ਤੱਕ ਹੋਈਆਂ ‘ਮਾਸਟਰ ਵਰਲਡ ਕੱਪ ਤੇ ਮਾਸਟਰ ਕਾਮਨਵੈਲਥ ਵੇਟਲਿਫ਼ਟਿੰਗ 2023’ ਟੂਰਨਾਮੈਂਟ ਵਿੱਚ 102 ਬੋਡੀਵੇਟ ਕੈਟਾਗਰੀ (45 ਤੋਂ 49 ਉਮਰ) ਮੁਕਾਬਲਿਆਂ ਵਿੱਚ ਭਾਰਤ ਦੇ ਸ. ਹਰਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਜਦੋਂ ਕਿ ਪਹਿਲੇ ਸਥਾਨ ‘ਤੇ ਭਾਰਤ ਦੇ ਹੀ ਰਜੇਸ਼ ਬਤਰਾ ਰਹੇ।
ਇਹ ਟੂਰਨਾਮੈਂਟ ਓਸ਼ੀਅਨ ਅਤੇ ਕਾਮਨਵੈਲਥ ਮਾਸਟਰ ਚੈਂਪੀਅਨਸ਼ਿਪ ਦੇ ਨਾਂਅ ਤੇ ਹੋਈਆਂ ਜਿਸ ਦਾ ਆਯੋਜਨ ਓਸ਼ੀਅਨ ਅਤੇ ਕਾਮਨਵੈਲਥ ਵੇਟਲਿਫ਼ਟਿੰਗ ਫੈਡਰੇਸ਼ਨ ਤੇ ਵੇਟਲਿਫ਼ਟਿੰਗ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਆਕਲੈਂਡ ਸਿਟੀ ਦੇ ਗ੍ਰੈਂਡ ਮਿਲੀਅਨ ਹੋਟਲ ਵਿੱਚ ਕਰਵਾਈ ਗਈ। ਇਸ ਵਿੱਚ 35 ਤੋਂ 75 ਉਮਰ ਵਰਗ ਦੇ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਾਮਨਵੈਲਥ ਨਾਲ ਜੁੜੇ ਸਾਰੇ ਦੇਸ਼ਾਂ ਦੇ ਵੇਟਲਿਫ਼ਟਿੰਗ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।
ਸ. ਹਰਵਿੰਦਰ ਸਿੰਘ ਜੀ ਜੋ ਭਾਰਤ ਦੀ ਰਾਜਧਾਨੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਤੋਂ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਇਆ ਹੋਏ ਨੇ ਕੂਕ ਪੰਜਾਬੀ ਸਮਾਚਾਰ ਦੇ ਐਡੀਟਰ ਸ. ਅਮਰਜੀਤ ਸਿੰਘ ਨਾਲ ਗੱਲਬਾਤ ਕਰ ਦੇ ਹੋਏ ਦੱਸਿਆ ਕਿ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪਹਿਲੀ ਵਾਰੀ ਨਿਊਜ਼ੀਲੈਂਡ ਆਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਉਹ 2014 ਵਿੱਚ ਨਿਊਜ਼ੀਲੈਂਡ’ ਟੂਰਿਸਟ ਦੇ ਤੌਰ ‘ਤੇ ਹੋ ਕੇ ਗਏ ਸਨ। ਉਨ੍ਹਾਂ ਨੇ ਚੈਂਪੀਅਨਸ਼ਿਪ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਦੇ ਪ੍ਰਬੰਧ ਤੋਂ ਸੰਤੁਸ਼ਟੀ ਰਹੀ ਅਤੇ ਦਿੱਤੀਆਂ ਗਈਆਂ ਸਹੂਲਤਾਂ ਦਾ ਅਸੀਂ ਖਿਡਾਰੀਆਂ ਨੇ ਪੂਰਾ ਲਾਭ ਲਿਆ। ਮੁਕਾਬਲਿਆਂ ਦੌਰਾਨ ਸਮੇਂ ਦੀ ਪਾਬੰਦੀ ਅਤੇ ਸਲੀਕੇ ਵਾਰ ਮੁਕਾਬਲੇ ਸੰਪੂਰਣ ਹੋਏ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗਾ ਐਕਸਪੀਰੀਐਂਸ ਰਿਹਾ।
ਸ. ਹਰਵਿੰਦਰ ਸਿੰਘ ਜੀ ਨੇ ਆਪਣੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਲ 1993-94 ਤੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦੇਵ ਨਗਰ, ਨਵੀਂ ਦਿੱਲੀ ਤੋਂ ਵੇਟਲਿਫ਼ਟਿੰਗ ਦੀ ਟ੍ਰੇਨਿੰਗ ਵੇਟਲਿਫ਼ਟਿੰਗ ਕੋਚ ਬਲਦੇਵ ਰਾਜ ਸ਼ਰਮਾ ਦੀ ਸ਼ਾਗਿਰਦੀ ਵਿੱਚ ਆਰੰਭ ਕੀਤੀ। ਇਸ ਖੇਡ ਵਿੱਚ ਹਲਾਸ਼ੇਰੀ ਮੇਰੇ ਚਾਚਾ ਜੀ ਸ. ਭੁਪਿੰਦਰ ਸਿੰਘ ਬਾਵਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਲੱਬ ਦੇ ਮੈਂਬਰਾਂ ਸ. ਨਰਿੰਦਰਪਾਲ ਸਿੰਘ ਬਿੰਦਰਾ ਤੇ ਰਜਿੰਦਰ ਗੁਪਤਾ ਨੇ ਦਿੱਤੀ ਅਤੇ ਖੇਡ ਵਿੱਚ ਅੱਗੇ ਜਾਣ ਵਿੱਚ ਬਹੁਤ ਸਹਿਯੋਗ ਦਿੱਤਾ, ਜਿਸ ਦੇ ਕਰਕੇ ਮੈਂ ਅੱਜ ਇਸ ਮੁਕਾਮ ਉੱਤੇ ਪਹੁੰਚ ਸਕਿਆ ਹਾਂ।
ਵੇਟਲਿਫ਼ਟਿੰਗ ਵਿੱਚ ਖਿਡਾਰੀ ਦੇ ਤੌਰ ‘ਤੇ ਇੰਟਰ ਕਾਲਜ ਚੈਂਪੀਅਨ, ਇੰਟਰ ਯੂਨੀਵਰਸਿਟੀ, ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਨਵਾਂ ਰਿਕਾਰਡ ਕਾਇਮ ਕੀਤਾ ਅਤੇ ਸੀਨੀਅਰ ਚੈਂਪੀਅਨਸ਼ਿਪ ‘ਚ ਮੈਡਲ ਜਿੱਤੇ। ਆਖ਼ਰੀ ਚੈਂਪੀਅਨਸ਼ਿਪ ਮੁਕਾਬਲਾ ਸਾਲ 2000-2001 ਵਿੱਚ ‘ਦਿੱਲੀ ਸਟੇਟ ਚੈਂਪੀਅਨਸ਼ਿਪ’ ਵਿੱਚ ਲੜਿਆ ਅਤੇ ਇਸ ਵਿੱਚ ਕੁੱਲ ਭਾਰ 290 ਕਿੱਲੋ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ।
ਸ. ਹਰਵਿੰਦਰ ਸਿੰਘ ਜੀ ਦੱਸਿਆ ਕਿ 2001 ਤੋਂ ਬਾਅਦ ਐਕਸੀਡੈਂਟ ਦੀ ਵਜ੍ਹਾ ਨਾਲ ਵੇਟਲਿਫ਼ਟਿੰਗ ਤੋਂ ਲਗਭਗ 22 ਸਾਲ ਦੂਰ ਰਹਿਣਾ ਪਿਆ। ਪਹਿਲਾਂ ਮੁਕਾਬਲੇ ਦੌਰਾਨ ਕੂਹਣੀ ‘ਤੇ ਸੱਟ ਲੱਗੀ ਤੇ ਬਾਅਦ ਵਿੱਚ ਹੋਏ ਐਕਸੀਡੈਂਟ ‘ਚ ਗੋਡੇ ‘ਤੇ ਸੱਟ ਲੱਗੀ ਤੇ ਵੇਟਲਿਫ਼ਟਿੰਗ ਤੋਂ ਦੂਰ ਹੋਣਾ ਪਿਆ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ਖਿਡਾਰੀ ਦੇ ਅੰਦਰੋਂ ਖੇਡ ਕਦੀ ਕੱਢੀ ਨਹੀਂ ਜਾ ਸਕਦੀ ਤੇ ਹੁਣ ਮੁੜ 2023 ‘ਚ ਮਾਸਟਰਜ਼ ਚੈਂਪੀਅਨਸ਼ਿਪ ਵਿੱਚ ਵਾਪਸੀ ਕੀਤੀ ਹੈ ਅਤੇ ਆਪਣੇ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਿਲ ਕੀਤਾ।
ਉਨ੍ਹਾਂ ਕਿਹਾ ਕਿ ਅੱਗੇ ਹੋਣ ਵਾਲੇ ਵਰਲਡ ਮਾਸਟਰ ਮੁਕਾਬਲਿਆਂ ਲਈ ਨਾਮਜ਼ਦਗੀਆਂ ਭਰ ਰਿਹਾ ਹਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਗ ਲਵਾਂਗਾ ਅਤੇ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਮੈਡਲ ਵੀ ਜਿੱਤਾਂਗਾ।
‘ਕੂਕ ਪੰਜਾਬੀ ਸਮਾਚਾਰ’ ਵੇਟਲਿਫ਼ਟਿੰਗ ਸ. ਹਰਵਿੰਦਰ ਸਿੰਘ ਜੀ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦਾ ਹੈ ਕਿ ਉਹ ਆਪਣੇ ਇਰਾਦਿਆਂ ਵਿੱਚ ਕਾਮਯਾਬ ਹੋਣ।