ਜ਼ਰੂਰੀ ਹੈ ਨੌਜਵਾਨਾਂ ਦਾ ਆਰਥਿਕ ਪੱਖੋਂ ਸਵੈ ਨਿਰਭਰ ਹੋਣਾ

ਹਰਕੀਰਤ ਕੌਰ, 0091 9779118066

ਜਦੋਂ ਅਸੀਂ ਸਵੈ ਨਿਰਭਰ ਹੋਣ ਦੀ ਗੱਲ ਛੇੜਦੇ ਹਾਂ ਤਾਂ ਬਹੁਤਿਆਂ ਦੇ ਮਨ ਵਿੱਚ ਸਿਰਫ਼ ਇਹੀ ਵਿਚਾਰ ਆਉਂਦਾ ਹੈ ਕਿ ਸ਼ਾਇਦ ਇਹ ਸਿਰਫ਼ ਜਵਾਨ ਲੜਕਿਆਂ ਲਈ ਹੈ, ਪੁਰਸ਼ਾਂ ਲਈ ਹੈ। ਪਰ ਅਸਲ ਵਿੱਚ ਹਰ ਪ੍ਰਾਣੀ ਮਾਤਰ ਦਾ ਸਵੈ ਨਿਰਭਰ ਹੋਣਾ ਬਹੁਤ ਜਰੂਰੀ ਹੈ, ਚਾਹੇ ਉਹ ਲੜਕਾ ਹੋਵੇ ਲੜਕੀ ਹੋਵੇ, ਆਦਮੀ ਹੋਵੇ , ਔਰਤ ਹੋਵੇ ਜਾਂ ਫਿਰ ਬਾਲਗ ਬੱਚੇ ਹੋਣ। ਆਰਥਿਕ, ਸਰੀਰਕ ਅਤੇ ਮਾਨਸਿਕ ਪੱਖੋਂ ਸਾਡਾ ਸਾਰਿਆਂ ਦਾ ਸਵੈ ਨਿਰਭਰ ਹੋਣਾ ਬਹੁਤ ਜਰੂਰੀ ਹੈ। ਇਹ ਜੀਵਨ ਜਦੋਂ ਸਾਨੂੰ ਮਿਲਿਆ ਤਾਂ ਇਸਨੂੰ ਇੱਕ ਸਾਰਥਕ ਰਾਹ ਦਿਖਾਉਣ ਦੀ ਜਿੰਮੇਵਾਰੀ ਵੀ ਸਾਡੇ ਸਿਰ ਹੀ ਪਈ।
ਸਾਡੇ ਸਮਾਜ ਵਿੱਚ ਇਹ ਆਮ ਹੀ ਵੇਖਣ ਨੂੰ ਮਿਲਦਾ ਹੈ ਲੜਕੀਆਂ ਦੀ ਬਜਾਇ ਲੜਕਿਆਂ ਨੂੰ ਆਤਮ ਨਿਰਭਰ ਹੋਣ ਦੇ ਵੱਧ ਮੌਕੇ ਮਿਲਦੇ ਹਨ।ਮਾਪੇ ਹਮੇਸ਼ਾ ਆਪਣੀਆਂ ਬੱਚੀਆਂ ਨੂੰ ਇਸ ਲਈ ਆਤਮ ਨਿਰਭਰ ਨਹੀਂ ਹੋਣ ਦਿੰਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਲੜਕੀਆਂ ਨੇ ਆਪਣੇ ਸਹੁੱਰੇ ਘਰ ਚਲੇ ਜਾਣਾ ਹੈ, ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਦੀ ਜਿੰਮੇਵਾਰੀ ਉਹਨਾਂ ਦੇ ਪਤੀ ਦੀ ਹੋਵੇਗੀ, ਬੇਸ਼ਰਤੇ ਇੱਕ ਲੜਕੀ ਵਿਆਹ ਤੋਂ ਬਾਅਦ ਆਪਣੇ ਪਤੀ ਦੀ ਜਿੰਮੇਵਾਰੀ ਹੈ, ਪਰ ਲੜਕੀਆਂ ਦਾ ਖੁਦ ਦਾ ਵੀ ਇੱਕ ਵਜ਼ੂਦ ਹੈ ,ਉਹਨਾਂ ਨੂੰ ਵੀ ਆਪਣੀ ਇੱਕ ਪਹਿਚਾਣ ਬਣਾਉਣ ਦਾ ਪੂਰਾ ਹੱਕ ਹੈ। ਪਰ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਸਿਰਫ਼ ਆਪਣੇ ਘਰ ਦਾ ਚੁੱਲ੍ਹਾ ਚੌਕਾਂ ਸਾਂਭਣ ਤੱਕ ਹੀ ਸੀਮਤ ਰੱਖ ਦਿੱਤਾ ਜਾਂਦਾ ਹੈ , ਬਹੁਤ ਸਾਰੀਆਂ ਲੜਕੀਆਂ ਜੋ ਵਿਆਹ ਤੋਂ ਪਹਿਲਾਂ ਕੰਮ ਕਰਦੀਆਂ ਸਨ, ਵਿਆਹ ਤੋਂ ਮਗਰੋਂ ਘਰ ਦੀਆਂ ਜਿੰਮੇਵਾਰੀਆਂ ਹੇਠ ਦੱਬ ਕੇ ਰਹਿ ਜਾਂਦੀਆਂ ਹਨ, ਉਹਨਾਂ ਦਾ ਕਿੱਤਾ, ਹੁਨਰ, ਕਲਾ ਸਿਰਫ਼ ਸਮਾਜ ਦੀਆਂ ਕੋਝੀਆਂ ਰੀਤਾਂ ਹੇਠਾਂ ਦੱਬਿਆ ਘੁੱਟਿਆ ਜਾਂਦਾ ਹੈ। ਬੇਸ਼ਰਤੇ ਘਰ ਦੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਾ ਚਾਹੀਦਾ ਹੈ, ਪਰ ਇਹਨਾਂ ਜਿੰਮੇਵਾਰੀਆਂ ਦੇ ਚਲਦਿਆਂ ਲੜਕੀਆਂ ਕੋਲੋਂ ਉਹਨਾਂ ਦੇ ਉੱਡਣ ਲਈ ਅਸਮਾਨ ਨਹੀਂ ਖੋਹਣਾ ਚਾਹੀਦਾ। ਲੜਕੇ ਅਤੇ ਲੜਕੀਆਂ ਦੋਨਾਂ ਦਾ ਆਰਥਿਕ ਪੱਖੋਂ ਸਵੈ ਨਿਰਭਰ ਹੋਣਾ ਬਰਾਬਰ ਜਰੂਰੀ ਹੈ, ਜੋ ਅੱਜ ਕੱਲ ਲੜਕੀਆਂ ਨਾਲ ਹੁੰਦੀ ਘਰੇਲੂ ਹਿੰਸਾ ਦਾ ਰੁਝਾਨ ਚੱਲ ਰਿਹਾ ਹੈ ਉਸ ਕਰਕੇ ਲੜਕੀਆਂ ਦਾ ਆਰਥਿਕ ਪੱਖ ਤੇ ਮਜਬੂਤ ਹੋਣਾ ਹੋਰ ਵੀ ਜਰੂਰੀ ਹੁੰਦਾ ਹੈ।
ਜੇਕਰ ਲੜਕੀਆਂ ਆਰਥਿਕ ਪੱਖੋਂ, ਮਾਨਸਿਕ ਪੱਖ ਤੋਂ ਆਤਮ ਨਿਰਭਰ ਹੋਵੇਗੀ ਤਾਂ ਭਵਿੱਖ ਵਿੱਚ ਜੇਕਰ ਕਦੇ ਉਸਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਬਿਨਾਂ ਕਿਸੇ ਤਰ੍ਹਾਂ ਦਾ ਤੱਸ਼ਦਦ ਸਹੇ ਆਪਣੇ ਜੀਵਨ ਨੂੰ ਆਪ ਚਲਾ ਸਕਦੀ ਹੈ । ਇੱਕ ਸਰਵੇਖਣ ਦੇ ਅਨੁਸਾਰ ਭਾਰਤ ਦੀਆਂ 50% ਔਰਤਾਂ ਆਰਥਿਕ ਤੌਰ ਤੇ ਸਵੈ ਨਿਰਭਰ ਨਹੀਂ ਹਨ, ਇਸੇ ਲਈ ਇਹ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਇਸ ਵਿਰੁੱਧ ਕੋਈ ਅਵਾਜ਼ ਨਹੀਂ ਉਠਾਉਂਦੀਆਂ ,ਕਿਉਕਿ ਉਹ ਆਪਣੇ ਰੈਣ ਬਸੇਰੇ ਲਈ ਆਪਣੇ ਪਤੀ ਉੱਪਰ ਨਿਰਭਰ ਹੁੰਦੀਆਂ ਹਨ। ਇਸ ਲਈ ਇੱਥੇ ਉਹ ਮਾਪੇ ਬਿਲਕੁਲ ਗਲਤ ਸਾਬਿਤ ਹੁੰਦੇ ਹਨ ਜੋ ਆਪਣੀਆਂ ਬੱਚੀਆਂ ਨੂੰ ਸਵੈ ਨਿਰਭਰ ਹੋਣ ਦੇ ਮੌਕੇ ਨਹੀਂ ਦਿੰਦੇ। ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਜਿੱਥੇ ਉਹ ਲੋੜ ਪੈਣ ਤੇ ਬਿਨਾਂ ਕਿਸੇ ਦੇ ਅੱਗੇ ਹੱਥ ਫੈਲਾਏ ਆਪਣੀ ਜਿੰਦਗੀ ਦੀ ਗੱਡੀ ਆਪ ਤੋਰ ਸਕਦੀਆਂ ਹਨ ਉੱਥੇ ਉਹਨਾਂ ਦਾ ਖੁਦ ਦਾ ਆਤਮ ਵਿਸ਼ਵਾਸ ਵੱਧਦਾ ਹੈ, ਜੇਕਰ ਘਰ ਪਰਿਵਾਰ ਦੇ ਰਿਸ਼ਤਿਆਂ ਦੇ ਹਲਾਤ ਸੁਖਾਵੇ ਹਨ ਤਾਂ ਉਹ ਪਰਿਵਾਰ ਦੇ ਖਰਚਿਆਂ ਵਿੱਚ ਵੀ ਆਪਣੇ ਪਤੀ ਦੀ ਮਦਦ ਕਰ ਸਕਦੀਆਂ ਹਨ, ਆਪਣੇ ਬੱਚਿਆਂ ਦੀ ਪੜਾਈ ਦੀ ਫੀਸ ਵਿੱਚ ਮਦਦ ਕਰ ਸਕਦੀਆਂ ਹਨ। ਜਦੋਂ ਅਸੀਂ ਆਰਥਿਕ ਤੌਰ ਤੇ ਆਤਮ ਨਿਰਭਰ ਹੁੰਦੇ ਹਾਂ ਉਸ ਸਮੇਂ ਸਾਡੀ ਮਾਨਸਿਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਕਿਉਂਕਿ ਸਾਡੇ ਵਿੱਚ ਇਹ ਭਾਵਨਾ ਜਾਗਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤੋਰਨ ਲਈ ਆਪਣੇ ਹੱਥੀ ਆਪਣੇ ਲਈ ਕੁਝ ਕਰ ਰਹੇ ਹਾਂ, ਜਦੋਂ ਮਾਨਸਿਕ ਸਿਹਤ ਤੰਦਰੁਸਤ ਹੁੰਦੀ ਹੈ ਤਾਂ ਅਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹਾਂਗੇ।
ਜਦੋਂ ਅਸੀਂ ਆਰਥਿਕ ਪੱਖੋਂ ਸਵੈ ਨਿਰਭਰ ਹੁੰਦੇ ਹਾਂ ਤਾਂ ਸਾਡੇ ਵਿੱਚ ਆਤਮ ਵਿਸ਼ਵਾਸ ਬਹੁਤ ਵੱਧ ਜਾਂਦਾ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਬੋਝ ਨਹੀਂ ਸਮਝਦੇ ਬਲਕਿ ਸਾਡੇ ਵਿੱਚ ਜਿੰਦਗੀ ਨੂੰ ਜਿਊਣ ਦੀ ਤਾਂਘ ਹੋਰ ਵੱਧ ਜਾਂਦੀ ਹੈ। ਬੱਚਿਆਂ ਨੂੰ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਉਣ ਵਿੱਚ ਮਾਪੇ ਅਤੇ ਅਧਿਆਪਕ ਬਹੁਤ ਵਧੀਆ ਯੋਗਦਾਨ ਪਾ ਸਕਦੇ ਹਨ। ਹਰ ਮਾਪੇ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਬਚਪਨ ਤੋਂ ਹੀ ਬਚਤ ਕਰਨ ਦੀ ਆਦਤ ਪਾਉਣ ਅਤੇ ਉਸ ਬਚਤ ਨਾਲ ਆਪਣੇ ਛੋਟੇ ਮੋਟੇ ਖਰਚੇ ਆਪ ਪੂਰੇ ਕਰਨ ਦੀ ਸਿੱਖਿਆ ਦੇਣ। ਹੌਲੀ ਹੌਲੀ ਜਦੋਂ ਬੱਚੇ ਜਵਾਨ ਹੋਣ ਲੱਗਦੇ ਹਨ ਤਾਂ ਉਹਨਾਂ ਨੂੰ ਵਧੀਆ ਕਰੀਅਰ ਕੰਸਲਟੈਂਟ ਨਾਲ ਮਿਲਾਇਆ ਜਾ ਸਕਦਾ ਹੈ ਜੋ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਪਾਰਟ ਟਾਈਮ ਵਰਕ ਦੇ ਮੌਕਿਆਂ ਬਾਰੇ ਦੱਸ ਸਕਦੇ ਹਨ।
ਅਧਿਆਪਕ ਵੀ ਨੌਜਵਾਨ ਬੱਚਿਆਂ ਨੂੰ ਸਵੈ ਨਿਰਭਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ ਜਿਵੇਂ ਕਿ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਵੈ ਨਿਰਭਰ ਹੋਣ ਲਈ ਮੋਟੀਵੇਸ਼ਨ ਸੈਮੀਨਾਰ ਕਰਵਾਉਣਾ, ਕਿਹੜੇ ਕਿਹੜੇ ਸ਼ੋਸ਼ਲ ਮੀਡੀਆ ਪਲੇਟਫਾਰਮ ਪਾਰਟ ਟਾਈਮ ਵਰਕ ਦੀ ਸੁਵਿਧਾ ਦਿੰਦੇ ਹਨ ਉਹਨਾਂ ਦੀ ਸਹੀ ਜਾਣਕਾਰੀ ਦੇਣੀ।
ਕੋਵਿਡ 19 ਤੋਂ ਬਾਅਦ ਤਕਰੀਬਨ ਸਾਰੇ ਕੰਮ ਘਰ ਬੈਠ ਕੇ ਹੋਣ ਲੱਗੇ,
ਅੱਜ ਵੀ ਅਜਿਹੇ ਬਹੁਤ ਸਾਰੇ ਪਲੇਟਫਾਰਮ ਹਨ ਜੋ ਘਰ ਬੈਠ ਕੇ ਕੰਮ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ, ਜੇਕਰ ਨੌਜਵਾਨ ਲੜਕੇ ਲੜਕੀਆਂ ਆਪਣੀ ਪੜਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਕਰਦੇ ਹਨ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ, ਇੱਕ ਤਾਂ ਉਹ ਆਰਥਿਕ ਪੱਖ ਤੋਂ ਆਤਮ ਨਿਰਭਰ ਹੋਣਗੇ, ਉਹਨਾਂ ਦਾ ਆਤਮ ਵਿਸ਼ਵਾਸ ਵਧੇਗਾ, ਗਲਤ ਕੰਮਾਂ ਅਤੇ ਸੰਗਤ ਵੱਲੋਂ ਧਿਆਨ ਹਟੇਗਾ ਅਤੇ ਉਹ ਆਪਣੀ ਤਰੱਕੀ ਵੱਲ ਧਿਆਨ ਦੇਣਗੇ, ਮਾਪਿਆਂ ਦੀ ਮਦਦ ਹੋਵੇਗੀ ਅਤੇ ਉਹਨਾਂ ਦਾ ਬੋਝ ਘਟੇਗਾ। ਨੌਜਵਾਨ ਸਮੇਂ ਦੀ ਸਹੀ ਵਰਤੋਂ ਕਰਨਾ ਸਿੱਖਣਗੇ ਅਤੇ ਸਮੇਂ ਦੇ ਪਾਬੰਦ ਹੋਣਗੇ। ਇਸ ਤੋਂ ਇਲਾਵਾ ਇਹ ਨੌਜਵਾਨ ਦੇਸ਼ ਦੀ ਆਰਥਿਕ ਹਾਲਾਤ ਨੂੰ ਸੁਧਾਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ।
ਇਹਨਾਂ ਸਾਰੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਇੱਕ ਗੱਲ ਸਿੱਧ ਹੁੰਦੀ ਹੈ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਦੋਨਾਂ ਦਾ ਆਰਥਿਕ ਪੱਖ ਤੋਂ ਮਜ਼ਬੂਤ ਅਤੇ ਸਵੈ ਨਿਰਭਰ ਹੋਣਾ ਬਹੁਤ ਜਰੂਰੀ ਹੈ। ਇਹ ਨੌਜਵਾਨ ਹੀ ਸਾਡੇ ਸਮਾਜ ਦਾ ਭਵਿੱਖ ਹਨ ਅਤੇ ਇਹਨਾਂ ਦਾ ਸਹੀ ਦਿਸ਼ਾ ਤੇ ਚੱਲਣਾ, ਸਮਝਦਾਰ ਅਤੇ ਜਿੰਮੇਵਾਰ ਹੋਣਾ ਬਹੁਤ ਜਰੂਰੀ ਹੈ। ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਬੱਚੇ ਬੱਚੀਆਂ ਨੂੰ ਆਤਮ ਨਿਰਭਰ ਹੋਣ ਲਈ ਵੱਧ ਤੋਂ ਵੱਧ ਅਗਵਾਈ ਕਰਨ, ਸਾਥ ਦੇਣ, ਜਾਣਕਾਰੀ ਦੇਣ। ਮਾਪੇ ਆਪਣੀਆਂ ਬੱਚੀਆਂ ਨੂੰ ਆਰਥਿਕ ਪੱਖੋਂ ਸਵੈ ਨਿਰਭਰ ਹੋਣ ਦੇ ਮੌਕੇ ਪਹਿਲ ਦੇ ਆਧਾਰ ਤੇ ਦੇਣ ਤਾਂ ਜੋ ਉਹਨਾਂ ਦੀਆਂ ਬੱਚੀਆਂ ਕਦੇ ਕਿਸੇ ਉੱਪਰ ਬੋਝ ਨਾ ਬਨਣ ਸਕਣ ਨਾ ਮਾਪਿਆਂ ਉੱਪਰ ਨਾ ਪਤੀ ਉੱਪਰ, ਉਹ ਆਪਣੀ ਜ਼ਿੰਦਗੀ ਦੀਆਂ ਆਪ ਕਲਾਕਾਰ ਹੋਣ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਮਨਪਸੰਦ ਦੇ ਰੰਗਾਂ ਵਿੱਚ ਰੰਗ ਸਕਣ। ਇੱਕ ਚੰਗੀ ਅਰਾਮਦਾਇਕ ਅਤੇ ਆਪਣੇ ਸੁਪਨਿਆਂ ਦਾ ਜੀਵਨ ਬਤੀਤ ਕਰਨ ਲਈ ਸਭ ਤੋਂ ਪਹਿਲਾਂ ਸਾਡਾ ਸਾਰਿਆਂ ਦਾ ਆਰਥਿਕ ਪੱਖ ਤੋਂ ਆਤਮ ਨਿਰਭਰ ਅਤੇ ਮਜ਼ਬੂਤ ਹੋਣਾ ਲਾਜਮੀ ਹੈ ਤਾਂ ਹੀ ਅਸੀਂ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨੇ ਸਕਾਰ ਕਰ ਸਕਦੇ ਹਾਂ।
ਹਰਕੀਰਤ ਕੌਰ, 0091 9779118066