10 ਤੇ 11 ਜਨਵਰੀ ਨੂੰ ਹੋ ਰਿਹਾ ਐਨ.ਆਰ.ਆਈ. ਸੰਮੇਲਨ

ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਵੈਬ-ਪੋਰਟਲ ਦਾ ਉਦਘਾਟਨ, ਆਨਲਾਈਨ ਹੋਵੇਗਾ ਸ਼ਿਕਾਇਤਾਂ ਦਾ ਹੱਲ
ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਵਿਦੇਸ਼ੀ ਵੱਸਦੇ ਪੰਜਾਬੀਆਂ ਨਾਲ ਸਾਂਝ ਹੋਰ ਪੀਡੀ ਕਰਨ ਤੇ ਉਨ੍ਹਾਂ ਨੂੰ ਪੰਜਾਬ ਦੀ ਤਰੱਕੀ ਵਿਚ ਭਾਗੀਦਾਰੀ ਬਣਾਉਣ ਲਈ ਪ੍ਰਵਾਸੀ ਭਾਰਤੀ ਸੰਮੇਲਨ-2014 ਇਸ ਵਾਰ 10 ਤੇ 11 ਜਨਵਰੀ ਨੂੰ ਅਨੰਦਪੁਰ ਅਤੇ ਜਲੰਧਰ ਦੇ ਬਾਠ ਕੈਂਸਲ ਵਿਖੇ ਕਰਵਾਇਆ ਜਾ ਰਿਹਾ ਹੈ।
ਇੱਥੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਨਾਲ ਇਸ ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪਹਿਲੇ ਦਿਨ 10 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ- ਏ-ਖਾਲਸਾ ਵਿਖੇ ਸੰਮੇਲਨ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਸਾਰੇ ਮਹਾਂਦੀਪਾਂ ਤੋਂ ਚੁਣੋ ਹੋਏ ਪੰਜਾਬੀ ਮੂਲ ਦੇ ਪ੍ਰਤੀਨਿਧੀ ਭਾਗ ਲੈਣਗੇ। ਜਿਸ ਵਿੱਚ ਮੁੱਖ ਤੌਰ ‘ਤੇ 3 ਕੇਂਦਰੀ ਮੰਤਰੀ, 15 ਸਾਂਸਦ, 7 ਵਿਧਾਇਕ, ਮੇਅਰ ਤੇ 32 ਪੱਤਰਕਾਰਾਂ ਤੋਂ ਇਲਾਵਾ ਕੌਂਸਲਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁਖੀ ਤੇ ਪ੍ਰਤੀਨਿਧੀ ਸ਼ਾਮਿਲ ਹੋ ਰਹੇ ਹਨ। ਇਸੇ ਦਿਨ ਪ੍ਰਵਾਸੀ ਪੰਜਾਬੀਆਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ………. ਪੰਜਾਬ ਦੀ ਤਰੱਕੀ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਸੰਮੇਲਨ ਦੌਰਾਨ 32 ਤੋਂ ਵੱਧ ਅਖ਼ਬਾਰਾਂ, ਰੇਡੀਉ ਚੈਨਲਾਂ ਆਦਿ ਦੇ ਸੰਪਾਦਕ ਤੇ ਹੋਰ ਪ੍ਰਤੀਨਿਧੀ ਭਾਗ ਲੈਣਗੇ। ਸ. ਬਾਦਲ ਨੇ ਨਾਲ ਹੀ ਦੱਸਿਆ ਕਿ ਦੂਜੇ ਦਿਨ ਖੁੱਲ੍ਹਾ ਸੈਸ਼ਨ ਜਲੰਧਰ ਵਿਖੇ ਬਾਠ ਕੈਂਸਲ ਵਿਖੇ ਹੋਵੇਗਾ।
ਐਨ. ਆਰ. ਆਈ. ਸੰਮੇਲਨ ਨੂੰ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਸ. ਬਾਦਲ ਨੇ ਐਨ. ਆਰ. ਆਈ. ਮਾਮਲੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪਿੱਠ ਥਾਪੜਦਿਆਂ ਸ. ਬਾਦਲ ਨੇ ਦੱਸਿਆ ਕਿ ਇਸ ਵਾਰ ਭਾਗ ਲੈਣ ਵਾਲੇ ਚੁਣੋ ਹੋਏ ਪ੍ਰਤੀਨਿਧੀਆਂ ਦੀ ਗਿਣਤੀ ੩ ਗੁਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸੰਮੇਲਨ ਕੇਂਦਰ ਸਰਕਾਰ ਵਲੋਂ ਕਰਵਾਏ ਜਾਂਦੇ ਸੰਮੇਲਨ ਤੋਂ ਗਿਣਤੀ ਤੇ ਗੁਣਵੱਤਾ ਪੱਖੋਂ ਹਜ਼ਾਰ ਦਰਜੇ ਬਿਹਤਰ ਸਾਬਤ ਹੋਵੇਗਾ।
ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਜਲਦ ਹੱਲ ਲਈ ਪੁਲਿਸ ਦੀ ਤਰਜ਼ ‘ਤੇ ਵੱਖਰੀ ਵਿਵਸਥਾ ਕਾਇਮ ਕਰਨ ਦਾ ਐਲਾਨ ਕਰਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਨ. ਆਰ. ਆਈ. ਥਾਣਿਆਂ ਆਦਿ ਨੂੰ ਦੂਜੀ ਪੁਲੀਸਿੰਗ ਤੋਂ ਪੂਰੀ ਤਰ੍ਹਾਂ ਵੱਖ ਤੇ ਆਜ਼ਾਦ ਕਰਨ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ 20122012 ਨਾਲੋਂ 2013 ਦੌਰਾਨ ਕੇਸ 1200 ਤੋਂ ਵੱਧ ਕੇ 3000 ਹੋ ਗਈ ਹੈ, ਜਿਸ ਵਿਚੋਂ 2100 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿਵਲ ਕੇਸਾਂ ਲਈ ਬਿਲਕੁਲ ਵੱਖਰੀ ਵਿਵਸਥਾ ਕਾਇਮ ਕੀਤੀ ਜਾਵੇਗੀ। ਵਿਸ਼ੇਸ਼ ਐਨ. ਆਰ. ਆਈ. ਅਦਾਲਤਾਂ ਦੀ ਸਥਾਪਨਾ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਲਈ ਅਗਲੀ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾ ਰਿਹਾ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜਸਟਿਸ ਨੂੰ ਵੀ ਬੇਨਤੀ ਕੀਤੀ ਗਈ ਹੈ।
ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਐਨ. ਆਰ. ਪੀ. (ਪ੍ਰਵਿਲਜ਼ ਕਾਰਡ) ਧਾਰਕਾਂ ਦਾ ੫ ਲੱਖ ਰੂਪੈ ਤੱਕ ਦਾ ਮੁਫ਼ਤ ਬੀਮਾ ਵੀ ਕੀਤਾ ਜਾ ਰਿਹਾ ਹੈ ਅਤੇ ਹਵਾਈ ਅੱਡਿਆਂ ਦੇ ਲਾਂਜ ‘ਤੇ ਵੀ ਇਸ ਨੂੰ ਵਰਤਿਆ ਜਾ ਸਕੇਗਾ। ਇਸ ਤੋਂ ਇਲਾਵਾ ਪੈਸਕੋ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਪੰਜਾਬ ਪੁਲਿਸ ਨਾਲ ਤਾਲਮੇਲ ਰੱਖਣਗੇ।
ਸ. ਬਾਦਲ ਨੇ ਐਨ. ਆਰ. ਆਈ. ਸੰਮੇਲਨ 2013 ਦੌਰਾਨ ਪ੍ਰਵਾਸੀ ਭਾਰਤੀਆਂ ਵੱਲੋਂ ਉਠਾਈਆਂ ਮੰਗਾਂ ਦੇ ਮੱਦੇਨਜ਼ਰ ਤਿਆਰ ਕੀਤੇ ਇਕ ਵੈੱਬ ਪੋਰਟਲ ਦਾ ਵੀ ਉਦਘਾਟਨ ਕੀਤਾ ਜਿਸ ਨੂੰ ਵਾਈਬਰੈਂਟ ਗੁਜਰਾਤ ਵੈੱਬ ਪੋਰਟਲ ਬਣਾਉਣ ਵਾਲੀ ਕੰਪਨੀ ਨੇ ਬਣਾਇਆ ਹੈ। ਵੈੱਬਸਾਈਟ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਪੋਰਟਲ ਰਾਹੀਂ ਜਿੱਥੇ ਪ੍ਰਵਾਸੀ ਭਾਰਤੀ ਆਪਣੀਆਂ ਆਨ ਲਾਇਨ ਸ਼ਿਕਾਇਤਾਂ ਦਰਜ ਕਰਵਾ ਸਕਣਗੇ ਉੱਥੇ ਉਨ੍ਹਾਂ ਨੂੰ ਪੰਜਾਬ ਦੇ ਭੂਗੋਲ, ਇਤਿਹਾਸ, ਸੈਰ ਸਪਾਟੇ, ਸਭਿਆਚਾਰ, ਜ਼ਿਲ੍ਹਾਵਾਰ ਜਾਣਕਾਰੀ, ਸਰਕਾਰੀ ਵਿਭਾਗਾਂ, ਤਿਉਹਾਰਾਂ, ਵਪਾਰ, ਚੱਲ ਰਹੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਪੋਰਟਲ ਰਾਹੀਂ ਵੀਡੀਓ ਕਾਨਫ਼ਰੰਸ ਤੇ ਮੋਬਾਈਲ ਰਾਹੀਂ ਗੱਲਬਾਤ ਦੀ ਵੀ ਸਹੂਲਤ ਦੇਣ ਤੋਂ ਇਲਾਵਾ ਫ਼ੋਟੋ ਗੈਲਰੀ ਤੇ ਵੀਡੀਓ ਗੈਲਰੀ ਵੀ ਬਣਾਈ ਗਈ ਹੈ। ਪੋਰਟਲ ਨੂੰ ਹੋਰਨਾਂ ਵਿਭਾਗਾਂ ਦੀ ਵੈੱਬਸਾਈਟਾਂ ਨਾਲ ਵੀ ਜੋੜਿਆ ਗਿਆ ਹੈ। ਪ੍ਰਵਿਲਜ਼ ਕਾਰਡ ਲਈ ਵੀ ਵੈੱਬ ਪੋਰਟਲ ‘ਤੇ ਅਪਲਾਈ ਕੀਤਾ ਜਾ ਸਕਦਾ ਹੈ।
ਪ੍ਰਵਾਸੀ ਪੰਜਾਬੀਆਂ ਵੱਲੋਂ ਆਪਣੇ ਪਿੰਡਾਂ ਜਾਂ ਸ਼ਹਿਰਾਂ ਦੇ ਵਿਕਾਸ ਲਈ ਯੋਗਦਾਨ ਨੂੰ ਹੋਰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦੀ ਸਹੂਲਤ ਲਈ  ‘ਮੇਰਾ ਪਿੰਡ, ਮੇਰਾ ਸ਼ਹਿਰ’ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਵੱਲੋਂ ਕਿਸੇ ਵੀ ਵਿਕਾਸ ਕੰਮ ਲਈ ਦਿੱਤੀ ਜਾਣ ਵਾਲੀ ਮੈਚਿੰਗ ਗਰਾਂਟ ਨੂੰ 50 ਫੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤਾ ਗਿਆ ਹੈ। ਬਾਕੀ 75 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਵੈੱਬ ਪੋਰਟਲ ਤੋਂ ਇਲਾਵਾ ਇਕ ਕਾਲ ਸੈਂਟਰ ਨੰਬਰ 0172-6672301 ਵੀ ਪ੍ਰਵਾਸੀ ਭਾਰਤੀਆਂ ਲਈ ਜਾਰੀ ਕੀਤਾ ਗਿਆ, ਜੋ ਕਿ 24 ਘੰਟੇ ਕੰਮ ਕਰੇਗਾ।
ਇਸ ਮੌਕੇ ਮੁੱਖ ਤੌਰ ‘ਤੇ ਸਪੀਕਰ ਚਰਨਜੀਤ ਸਿੰਘ ਅਟਵਾਲ , ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ, ਸਰਵਣ ਸਿੰਘ ਫਿਲੌਰ,  ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਤੇ ਵਿਧਾਇਕ ਤੋਤਾ ਸਿੰਘ ਤੇ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ , ਵਿਧਾਇਕ ਪਰਗਟ ਸਿੰਘ, ਗੁਰਪ੍ਰਤਾਪ ਸਿੰਘ ਵਡਾਲਾ ਤੇ ਵਿੱਤ ਕਮਿਸ਼ਨਰ ਮਾਲ ਐਨ. ਐੱਸ. ਕੰਗ, ਪ੍ਰਮੁੱਖ ਸਕੱਤਰ ਐਨ. ਆਰ. ਆਈ. ਮਾਮਲੇ, ਐੱਸ. ਐੱਸ. ਚੰਨੀ ,ਪ੍ਰਮੁੱਖ ਸਕੱਤਰ ਗ੍ਰਹਿ ਡੀ. ਐੱਸ. ਬੈਂਸ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਆਦਿ ਹਾਜ਼ਰ ਸਨ।