15ਵੀਂ ਬਰਿਕਸ ਸਿਖਰ ਵਾਰਤਾ: ਬਰਿਕਸ ਦੇ ਵਿਸਥਾਰ ਲਈ ਭਾਰਤ ਦਾ ਸਮਰਥਨ – ਪ੍ਰਧਾਨ ਮੰਤਰੀ ਮੋਦੀ

ਜੋਹੈੱਨਸਬਰਗ, 23 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲਾਨਾ 15ਵੇਂ ਬਰਿਕਸ ਸਿਖਰ ਸੰਮੇਲਨ ’ਚ ਪੰਜ ਮੁਲਕੀ ਸਮੂਹ ਬਰਿਕਸ ਨੂੰ ‘ਭਵਿੱਖ ਲਈ ਤਿਆਰ-ਬਰ-ਤਿਆਰ’ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੈਂਬਰ ਮੁਲਕਾਂ ਦੇ ਸਮਾਜਾਂ ਨੂੰ ਭਵਿੱਖੀ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਹਿਮਤੀ ਨਾਲ ਸਮੂਹ ਦਾ ਘੇਰਾ ਵਧਾਉਣਾ ਹੋਵੇ ਤਾਂ ਭਾਰਤ ਇਸ ਦੀ ਪੂਰੀ ਹਮਾਇਤ ਕਰੇਗਾ। ਉਨ੍ਹਾਂ ਨੇ ਪੁਲਾੜ ਖੋਜ ਸਣੇ ਵੱਖ-ਵੱਖ ਖੇਤਰਾਂ ’ਚ ਗਰੁੱਪ ਮੈਂਬਰਾਂ ਵਿਚਾਲੇ ਸਹਿਯੋਗ ਦਾ ਘੇਰਾ ਹੋਰ ਵਧਾਉਣ ਲਈ ਪੰਜ ਸੁਝਾਅ ਵੀ ਦਿੱਤੇ।
ਗਰੁੱਪ ਦੇ ਸਾਲਾਨਾ ਸਿਖਰ ਸੰਮੇਲਨ ’ਚ ਬਰਿਕਸ ਦਾ ਵਿਸਥਾਰ ਮੁੱਖ ਵਿਸ਼ਾ ਹੈ ਕਿਉਂਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਰਜਨਟੀਨਾ ਸਣੇ ਲਗਪਗ 23 ਦੇਸ਼ਾਂ ਨੇ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ। ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ) ਆਗੂਆਂ, ਜਿਨ੍ਹਾਂ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਸਨ, ਦੀ ਸਾਲਾਨਾ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਸ ਜਤਾਈ ਕਿ ਅਫਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦੀ ਭਾਰਤ ਦੀ ਤਜਵੀਜ਼ ਦੀ ਬਰਿਕਸ ਮੈਂਬਰ ਮੁਲਕਾਂ ਵੱਲੋਂ ਹਮਾਇਤ ਕੀਤੀ ਜਾਵੇਗੀ।
ਸ੍ਰੀ ਮੋਦੀ ਨੇ ਕਿਹਾ, ‘‘ਬਰਿਕਸ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਸਾਨੂੰ ਆਪਣੇ ਸਮਾਜਾਂ ਨੂੰ ਭਵਿੱਖੀ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰਨਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੀ-20 ਦੀ ਆਪਣੀ ਪ੍ਰਧਾਨਗੀ ਹੇਠ ਆਲਮੀ ਦੱਖਣ ਦੇ ਮੁਲਕਾਂ ਨੂੰ ‘ਸਿਖਰਲੀ ਤਰਜੀਹ’ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਰਿਕਸ ਦਾ ਘੇਰਾ ਵਧਾਉਣ ਦੀ ਮੁਕੰਮਲ ਰੂਪ ਵਿੱਚ ਹਮਾਇਤ ਕਰੇਗਾ ਤੇ ਸਹਿਮਤੀ ਅਧਾਰਿਤ ਤਜਵੀਜ਼ ਨੂੰ ਅੱਗੇ ਲਿਜਾਣ ਦੀ ਇਸ ਪੇਸ਼ਕਦਮੀ ਦਾ ਸਵਾਗਤ ਕਰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਬਰਿਕਸ ਦਾ ਲੰਮਾ ਤੇ ਸ਼ਾਨਦਾਰ ਸਫ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਦਾ ਨਿਊ ਡਿਵੈਲਪਮੈਂਟ ਬੈਂਕ ਆਲਮੀ ਦੱਖਣ ਵਿੱਚ ਵਿਕਾਸ ਸਰਗਰਮੀਆਂ ਨੂੰ ਜਾਰੀ ਰੱਖਣ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਰੇਲਵੇ ਰਿਸਰਚ ਨੈੱਟਵਰਕ ਤੇ ਐੱਮਐੱਸਐੱਮਈ’ਜ਼ ਤੇ ਸਟਾਰਟ-ਅੱਪਸ ਵਿੱਚ ਸਹਿਯੋਗ ਜਿਹੇ ਖੇਤਰਾਂ ਵਿਚ ਉਪਰਾਲੇ ਸੁਝਾਏ ਹਨ ਤੇ ਇਨ੍ਹਾਂ ਖੇਤਰਾਂ ਵਿਚ ਅਹਿਮ ਤਰੱਕੀ ਹੋਈ ਹੈ।
ਸ੍ਰੀ ਮੋਦੀ, ਜੋ ਦੱਖਣੀ ਅਫ਼ਰੀਕਾ ਤੇ ਯੂਨਾਨ ਦੀ ਤਿੰਨ ਰੋਜ਼ਾ ਫੇਰੀ ’ਤੇ ਹਨ, ਰਾਸ਼ਟਰਪਤੀ ਰਾਮਫੋਸਾ ਦੇ ਸੱਦੇ ’ਤੇ 15ਵੀਂ ਬਰਿਕਸ ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਦੱਖਣੀ ਅਫ਼ਰੀਕਾ ਪੁੱਜੇ ਸਨ।
ਗਰੁੱਪ ਦੀ ਵਿਸਤਾਰ ਪ੍ਰਕਿਰਿਆ ਤੇਜ਼ ਕਰਨ ਦੀ ਲੋੜ: ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਲਮੀ ਸ਼ਾਸਨ ਨੂੰ ਹੋਰ ਬਰਾਬਰ ਬਣਾਉਣ ਲਈ ਬਰਿਕਸ ਦਾ ਘੇਰਾ ਤੇਜ਼ੀ ਨਾਲ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਬਰਿਕਸ ਪਰਿਵਾਰ ’ਚ ਹੋਰ ਦੇਸ਼ਾਂ ਨੂੰ ਬਰਿਕਸ ਦਾ ਘੇਰਾ ਵਧਾਉਣ ਦੀ ਪ੍ਰਕਿਰਿਆ ਤੇਜ਼ ਕਰਨ ਦੀ ਲੋੜ ਹੈ ਤਾਂ ਕਿ ਆਲਮੀ ਸ਼ਾਸਨ ਨੂੰ ਹੋਰ ਵੱਧ ਨਿਆਂਸੰਗਤ ਬਣਾਉਣ ਲਈ ਸਾਡੀ ਤਾਕਤ ਨੂੰ ਅਤੇ ਸਿਆਣਪ ਨੂੰ ੲਿੱਕਜੁਟ ਕੀਤਾ ਜਾ ਸਕੇ।’’
ਸਾਂਝੀ ਖੁਸ਼ਹਾਲੀ ਤੇ ਤਰੱਕੀ ਨੂੰ ਅੱਗੇ ਵਧਾਏਗਾ ਬਰਿਕਸ ਸੰਮੇਲਨ: ਰਾਮਫੋਸਾ
ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨੇ ਅੱਜ ਬਰਿਕਸ ਸੰਮੇਲਨ ਦੇ ਉਦਘਾਟਨ ਮੌਕੇ ਬਰਾਜ਼ੀਲ, ਰੂਸ, ਭਾਰਤ ਅਤੇ ਚੀਨ ਤੇ ਨੇਤਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਮੇਲਨ ਸਾਂਝੀ ਖੁਸ਼ਹਾਲੀ ਅਤੇ ਤਰੱਕੀ ਨੂੰ ਅੱਗੇ ਵਧਾਏਗਾ। ਰਾਮਫੋਸਾ ਨੇ ਆਖਿਆ ਕਿ ਚਾਰ ਮਹਾਂਦੀਪਾਂ ਅਤੇ ਪੰਜ ਦੇਸ਼ਾਂ ਵਿੱਚ ਫੈਲੀ ਬਰਿਕਸ ਭਾਈਵਾਲੀ ਦੀ ਪਿਛਲੇ ਦਹਾਕਿਆਂ ਵਿੱਚ ਆਲਮੀ ਵਿਕਾਸ, ਵਪਾਰ ਅਤੇ ਨਿਵੇਸ਼ ਵਰਗੇ ਖੇਤਰਾਂ ਵਿੱਚ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਯਕੀਨ ਹੈ ਕਿ ੲਿਹ 15ਵਾਂ ਬਰਿਕਸ ਸਿਖਰ ਸੰਮੇਲਨ ਸਾਂਝੀ ਖੁਸ਼ਹਾਲੀ ਅਤੇ ਤਰੱਕੀ ਨੂੰ ਹੋਰ ਅੱਗੇ ਲਿਜਾਵੇਗਾ।’’
ਪੂਤਿਨ ਨੇ ਭਾਸ਼ਣ ’ਚ ਪੱਛਮੀ ਮੁਲਕਾਂ ’ਤੇ ਨਿਸ਼ਾਨਾ ਸੇਧਿਆ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਬਰਿਕਸ ਸੰਮੇਲਨ ਵਿਚ ਰਿਕਾਰਡ ਕੀਤਾ ਭਾਸ਼ਣ ਦਿੰਦਿਆਂ ਪੱਛਮੀ ਮੁਲਕਾਂ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਰੂਸ ਉਤੇ ਲੱਗੀਆਂ ਪਾਬੰਦੀਆਂ ਨੂੰ ‘ਨਾਜਾਇਜ਼’ ਕਰਾਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਉਹ ਯੂਕਰੇਨ ਤੋਂ ਹੋਰਨਾਂ ਮੁਲਕਾਂ ਨੂੰ ਹੁੰਦੀ ਅਨਾਜ ਦੀ ਬਰਾਮਦ ਨੂੰ ਸਥਾਈ ਤੌਰ ਉਤੇ ਬੰਦ ਕਰਵਾ ਦੇਣਗੇ। ਜ਼ਿਕਰਯੋਗ ਹੈ ਕਿ ਪੂਤਿਨ ਵਿਰੁੱਧ ਕੌਮਾਂਤਰੀ ਅਪਰਾਧਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਹੈ। ਇਸ ਲਈ ਉਹ ਬਰਿਕਸ ਗਰੁੱਪ ਦੇ ਸੰਮੇਲਨ ਵਿਚ ਵਿਅਕਤੀਗਤ ਤੌਰ ਉਤੇ ਸ਼ਾਮਲ ਨਹੀਂ ਹੋਏ। ਪੂਤਿਨ ਦਾ 17 ਮਿੰਟ ਦਾ ਰਿਕਾਰਡ ਕੀਤਾ ਭਾਸ਼ਣ ਯੂਕਰੇਨ ਜੰਗ ਉਤੇ ਰੂਸ ਦੇ ਪੱਛਮ ਨਾਲ ਸਬੰਧਾਂ ਉਤੇ ਕੇਂਦਰਤ ਰਿਹਾ।
ਕਿੰਨੇ ਦੇਸ਼ਾਂ ਮੈਂਬਰਸ਼ਿਪ ਚਾਹੁੰਦੇ ਹਨ
ਚੀਨ ਦੇ ਵਣਜ ਮੰਤਰੀ ਵਾਂਗ ਵੇਨਤਾਓ ਨੇ ਦੱਖਣੀ ਅਫਰੀਕਾ ਵਿੱਚ ਬ੍ਰਿਕਸ ਸੰਮੇਲਨ ਦੀ ਸ਼ੁਰੂਆਤ ਵਿੱਚ ਰਾਸ਼ਟਰਪਤੀ ਜਿਨਪਿੰਗ ਦਾ ਭਾਸ਼ਣ ਪੜ੍ਹਿਆ। ਜਿਨਪਿੰਗ ਨੇ ਕਿਹਾ ਹੈ ਕਿ ਚੀਨ ਦੇ ਡੀਐਨਏ ਵਿੱਚ ਸਰਵਉੱਚਤਾ ਨਹੀਂ ਹੈ। ਚੀਨ ਅਤੇ ਰੂਸ ਨੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਬ੍ਰਿਕਸ ਦੀ ਮਹੱਤਤਾ ‘ਤੇ ਜ਼ੋਰ ਦੇਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਸ ਦੇ ਵਿਸਥਾਰ ਦੀ ਮੰਗ ਕੀਤੀ ਹੈ। 40 ਤੋਂ ਵੱਧ ਦੇਸ਼ਾਂ ਨੇ ਬ੍ਰਿਕਸ ਸਮੂਹ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। 23 ਦੇਸ਼ਾਂ ਨੇ ਰਸਮੀ ਤੌਰ ‘ਤੇ ਮੈਂਬਰਸ਼ਿਪ ਲਈ ਬੇਨਤੀ ਕੀਤੀ ਹੈ। ਇਨ੍ਹਾਂ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਮਿਸਰ ਅਤੇ ਈਰਾਨ ਵਰਗੇ ਵਿਰੋਧੀ ਸ਼ਾਮਲ ਹਨ। ਅਫਰੀਕਾ, ਦੱਖਣੀ ਅਮਰੀਕਾ ਅਤੇ ਏਸ਼ੀਆ ਦੇ ਕੁਝ ਦੇਸ਼ ਵੀ ਇਸ ਸੂਚੀ ਵਿੱਚ ਸ਼ਾਮਲ ਹਨ।