ਸਿੰਘ ਸਾਹਿਬਾਨ ਨੇ ਕਿਹਾ ਢੱਡਰੀਆਂਵਾਲੇ ਦੇ ਸਮਾਗਮ ਨਾ ਕਰਾਓ ਅਤੇ ਉਸ ਦੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ

ਅੰਮ੍ਰਿਤਸਰ, 26 ਅਗਸਤ – 24 ਅਗਸਤ ਨੂੰ ਅਕਾਲ ਤਖ਼ਤ ਸਾਹਿਬ ‘ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸ਼ਾਮਿਲ ਹੋਏ। ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿੱਚੋਂ ਘਟੇ 267 ਪਾਵਨ ਸਰੂਪਾਂ ਦੀ ਜਾਂਚ ਰਿਪੋਰਟ ‘ਤੇ ਵਿਚਾਰ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਫ਼ਤੇ ਵਿੱਚ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਜਾਂਚ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਹਦਾਇਤ ਕੀਤੀ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 267 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੀਤੀ ਗਈ ਜਾਂਚ ਦੌਰਾਨ ਵੱਡੇ ਪੱਧਰ ‘ਤੇ ਲਾਪਰਵਾਹੀ ਅਤੇ ਖ਼ਾਮੀਆਂ ਸਾਹਮਣੇ ਆਈਆਂ ਹਨ। ਰਿਕਾਰਡ ਵਿੱਚ ਘੱਟ ਪਾਏ ਪਾਵਨ ਸਰੂਪਾਂ ਦੀ ਗਿਣਤੀ 267 ਤੋਂ ਵੱਧ ਹੈ ਅਤੇ ਲਗਪਗ 328 ਪਾਵਨ ਸਰੂਪ ਘੱਟ ਪਾਏ ਗਏ ਹਨ। ਉਨ੍ਹਾਂ ਨੇ 19 ਮਈ 2016 ਨੂੰ ਗੁਰਦੁਆਰਾ ਰਾਮਸਰ ਵਿਖੇ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਅੱਗ ਲੱਗਣ ਕਾਰਨ ਨੁਕਸਾਨੇ ਗਏ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੁਣ ਤੱਕ ਪਸ਼ਚਾਤਾਪ ਨਾ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵੇਲੇ ਦੀ ਅੰਤ੍ਰਿੰਗ ਕਮੇਟੀ ਅਤੇ ਚੀਫ਼ ਸਕੱਤਰ ਨੂੰ ਦਸ ਦਿਨਾਂ ਵਿੱਚ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ।
ਪੰਜ ਸਿੰਘ ਸਾਹਿਬਾਨ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਘੋਖਣ ਮਗਰੋਂ ਕਿਹਾ ਕਿ ਢੱਡਰੀਆਂਵਾਲਾ ਆਪਣੀ ਗ਼ਲਤ ਬਿਆਨੀ ਲਈ ਜਦੋਂ ਤੱਕ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਮਾਫ਼ੀ ਨਹੀਂ ਮੰਗਦਾ, ਉਸ ਵੇਲੇ ਤੱਕ ਸਿੱਖ ਸੰਗਤ ਉਸ ਦੇ ਸਮਾਗਮ ਨਾ ਕਰਾਏ ਅਤੇ ਉਸ ਦੇ ਪ੍ਰਚਾਰ ਨੂੰ ਨਾ ਸੁਣਿਆ ਜਾਵੇ।
ਕੈਨੇਡਾ ਵਿੱਚ ਆਪਣੇ ਪੱਧਰ ‘ਤੇ ਬਿਨਾਂ ਪ੍ਰਵਾਨਗੀ ਪਾਵਨ ਸਰੂਪ ਛਾਪਣ ਦੇ ਮਾਮਲੇ ਵਿੱਚ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਇਕ ਮਹੀਨੇ ਵਿੱਚ ਸ੍ਰੀ ਅਕਾਲ ਤਖ਼ਤ ‘ਤੇ ਆਪਣਾ ਸਪਸ਼ਟੀਕਰਨ ਦੇਣ ਲਈ ਆਦੇਸ਼ ਦਿੱਤਾ ਹੈ। ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਦੇ ਮਾਮਲੇ ਵਿੱਚ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ 18 ਸਤੰਬਰ ਨੂੰ ਅਕਾਲ ਤਖ਼ਤ ਵਿਖੇ ਇਸ ਸਬੰਧੀ ਜਾਣਕਾਰੀ ਲੈ ਕੇ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਹੈ। ਸੁੱਚਾ ਸਿੰਘ ਲੰਗਾਹ ਬਾਰੇ ਆਖਿਆ ਗਿਆ ਕਿ ਉਸ ਨੂੰ ਹੁਣ ਤੱਕ ਮਾਫ਼ੀ ਨਹੀਂ ਦਿੱਤੀ ਗਈ ਹੈ, ਇਸ ਲਈ ਸੰਗਤ ਉਸ ਨਾਲ ਮਿਲਵਰਤਣ ਨਾ ਰੱਖਣ।