ਆਕਲੈਂਡ,25 ਮਈ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – 24 ਮਈ ਦੀ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਸੂਫ਼ੀ ਅਤੇ ਸਭਿਆਚਾਰਕ ਗੀਤਾਂ ਦੇ ਗਾਇਕ ਲਖਵਿੰਦਰ ਵਡਾਲੀ ਨੇ ਅਜਿਹਾ ਸਮਾਂ ਬੰਨ੍ਹਿਆ ਕਿ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇੱਥੇ ਦੇ ਡਿਊ ਡ੍ਰਾਪ ਈਵੈਂਟ ਸੈਂਟਰ, ਮੈਨੂਕਾਓ ਵਿਖੇ ਇਹ ਸੰਗੀਤ ਸ਼ਾਇਰਾਨਾ ਸ਼ਾਮ ਦੀ ਪੇਸ਼ਕਾਰੀ ਸ਼ਾਨ-ਏ-ਪੰਜਾਬ ਕਲੱਬ ਵੱਲੋਂ ਪਾਲ ਪ੍ਰੋਡਕਸ਼ਨ ਈਵੈਂਟ ਮੈਨੇਜਮੈਂਟ ਦੇ ਸਹਿਯੋਗ ਨਾਲ ਕਰਵਾਈ ਗਈ ਸੀ।
ਹਾਊਸ ਫੁੱਲ ਇਸ ਸੁਰਮਈ ਸ਼ਾਮ ਦੇ ਵਿੱਚ ਗਾਇਕ ਲਖਵਿੰਦਰ ਵਡਾਲੀ ਨੇ ਸੂਫ਼ੀਆਨਾ ਸ਼ਾਇਰੀ ਅਤੇ ਆਪਣੇ ਚਰਚਿਤ ਗੀਤਾਂ ਦੇ ਨਾਲ ਜਿੱਥੇ ਸ਼ਾਮ ਨੂੰ ਸੰਗੀਤਕ ਸੁਰਾਂ ਨਾਲ ਰੁਸ਼ਨਾ ਦਿੱਤਾ, ਉੱਥੇ ਹੀ ਸਰੋਤਿਆਂ ਨੂੰ ਝੂਮਣ ਲਈ ਲਾ ਦਿੱਤਾ। ਉਸ ਨੇ ਸ਼ੁਰੂ ਦੇ ਵਿੱਚ ਉਸ ਅੱਲਾਹ, ਰਾਮ ਅਤੇ ਵਾਹਿਗੁਰੂ ਨੂੰ ਸਮਰਪਿਤ ਕੱਵਾਲੀ ਪੇਸ਼ ਕਰਦਿਆਂ ‘ਤੇਰਾ ਨਾਮ ਤੇਰਾ ਨਾਮ’ ਦੀ ਸੁਰ ਅਲਾਪ ਕੇ ਸੰਗੀਤਕ ਸਟੇਜ ਨੂੰ ਅੱਗੇ ਤੋਰਿਆ। ਉਸ ਤੋਂ ਬਾਅਦ ‘ਆਂਖ ਸੇ ਆਂਖ ਮਿਲਾਓ ਤਾਂ ਕੋਈ ਬਾਤ ਬਣੇ’, ‘ਜੱਗ ਭਾਵੇਂ ਲੱਖ ਵੱਸਦਾ ਵੇ ਸਾਨੂੰ ਤੇਰੀ ਯਾਦ ਸਤਾਵੇ, ਕੋਈ ਐਸਾ ਥਾਂ ਦੱਸਦੇ ਜਿੱਥੇ ਯਾਦ ਤੇਰੀ ਨਾ ਆਵੇ’ ਨੇ ਗੀਤ ਨੇ ਸਾਰੇ ਦਰਸ਼ਕਾਂ ਨੂੰ ਤਾੜੀਆਂ ਮਾਰਨ ‘ਤੇ ਮਜਬੂਰ ਕਰ ਦਿੱਤਾ। ‘ਵੇ ਮਾਹੀਆ ਤੇਰੇ ਦੇਖਣ ਨੂੰ ਚੁੱਕ ਚਰਖਾਂ ਗਲੀ ਦੇ ਵਿੱਚ ਡਾਹਵਾਂ’,’ਨਿੱਤ ਖ਼ੈਰ ਮੰਗਾ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ’,’ ਆ ਜਾ ਵੇ ਤੈਨੂੰ ਅੱਖੀਆਂ ਉਡੀਕਦੀਆਂ’ ਸਮੇਤ ਆਪਣੇ ਸਾਰੇ ਚਰਚਿਤ ਗੀਤਾਂ ਨਾਲ ਖ਼ੂਬ ਰੌਣਕ ਲਾਈ।
ਇਸ ਮੌਕੇ ਸਟੇਜ ਦਾ ਸੰਚਾਲਨ ਲਵਲੀਨ ਕੌਰ ਅਤੇ ਰਾਜਨ ਰਾਂਝਾ ਨੇ ਕੀਤਾ। ਸਟੇਜ ਦੀ ਸੁੰਦਰਤਾ ਪਿੱਛੇ ਲੱਗੀਆਂ ਸੁੰਦਰ ਸਕਰੀਨਾਂ ਦੇ ਨਾਲ ਸੋਨੇ ‘ਤੇ ਸੁਹਾਗਾ ਹੋ ਰਿਹਾ ਸੀ। ਦਰਸ਼ਕਾਂ ਦੇ ਬੈਠਣ ਦਾ ਵਧੀਆ ਪ੍ਰਬੰਧ ਸੀ। ਗੋਲ ਟੇਬਲਾਂ ਉੱਤੇ ਸਪਾਂਸਰਜ਼ ਬੈਠੇ ਸਨ ਜਦੋਂ ਕਿ ਜਨਰਲ ਸ਼੍ਰੇਣੀ ਵਾਲੇ ਆਮ ਸੀਟਾਂ ਉੱਤੇ ਬੈਠ ਕੇ ਸ਼ੋਅ ਦਾ ਅਨੰਦ ਮਾਣ ਰਹੇ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਲਖਵਿੰਦਰ ਵਡਾਲੀ ਨੇ ਭੰਗੜੇ ਵਾਲੇ ਗੀਤ ਵੀ ਪੇਸ਼ ਕੀਤੇ ਅਤੇ ਸਾਰੇ ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤੀ।
Home Page ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਸੂਫ਼ੀ, ਸ਼ਾਇਰੀ ਅਤੇ ਚਰਚਿਤ ਗੀਤਾਂ ਨਾਲ ਸ਼ੋਅ...