ਛੇਹਰਟਾ, 9 ਜੂਨ (ਰਾਜ-ਤਾਜ ਰੰਧਾਵਾ) – ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ, ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ‘ਬਾਬਾ ਸਹਾਰੀ ਗੁਰੂ ਕਾ ਹਾਲੀ’, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ 5 ਜੂਨ ਨੂੰ ਬਾਬਾ ਸੱਚਨ ਸੱਚ ਜੀ ਦੀ ਅੰਸ਼ ਬੰਸ਼ ਭਾਈ ਸ਼ਮਸ਼ੇਰ ਸਿੰਘ (12ਵੀਂ ਪੀੜ੍ਹੀ), ਭਾਈ ਅਮ੍ਰਿੰਤਪਾਲ ਸਿੰਘ ਅਤੇ ਭਾਈ ਪਰਮਵੀਰ ਸਿੰਘ (13ਵੀਂ ਪੀੜ੍ਹੀ) ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ ਜੋ ਇਕ ਮਹੀਨਾ ਲੰਡਨ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦੇ ਦਰਸ਼ਨ ਕਰਵਾਕੇ ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਅੰਮ੍ਰਿਤਸਰ ਪਹੁੰਚੇ ਸਨ।
ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਅਸਥਾਨ ਪਿੰਡ ਬਾਸਰਕੀ ਗਿਲਾਂ (ਛੇਹਰਟਾ ਤੋਂ ਲਗਭਗ ਚਾਰ ਕਿਲੋਮੀਟਰ) ਦੀਆਂ ਸੰਗਤਾਂ ਦੀ ਬੇਨਤੀ ‘ਤੇ ਸੱਚਨ ਸੱਚ ਦੀ ਅੰਸ਼ ਨੇ ਤੀਸਰੇ ਪਾਤਸ਼ਾਹ ਜੀ ਦੇ ਜਨਮ ਅਸਥਾਨ ਵਿਖੇ ਹਜ਼ਾਰਾਂ ਸੰਗਤਾਂ ਨੂੰ ਜੋੜੇ ਦੇ ਦਰਸ਼ਨ ਕਰਵਾਏ ਜੋ ਬਾਸਰਕੀ ਗਿਲਾਂ ਤੋਂ ਇਲਾਵਾ ਲਾਗਲੇ ਪਿੰਡਾਂ ਖਾਪੜਖੇੜੀ, ਰਾਮੂਵਾਲ, ਧੱਤਲ, ਕੋਟਲੀਆਂ, ਗੁਰੂ ਕੀ ਵਡਾਲੀ, ਛੇਹਰਟਾ ਆਦਿ ਤੋਂ ਪਹੁੰਚੀਆਂ ਸਨ। ਸੰਗਤਾਂ ਨੇ ਗੁਰੂ ਜੀ ਜੋੜੇ ਨੂੰ ਆਪਣੇ ਮਸਤਕ ‘ਤੇ ਲਗਵਾਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਗੁਰੂ ਜੀ ਦੇ ਜੋੜੇ ਦਾ ਇਤਿਹਾਸ -ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪੈਰ ਦਾ ਇਹ ਜੋੜਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰੋਜ਼ਾਨਾ ਲੰਗਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਵਾਲੇ ਆਪਣੇ ਪਰਮ ਸੇਵਕ ਬਾਬਾ ਸੱਚਨ ਸੱਚ ਨੂੰ ਦੇਂਦੇ ਹੋਏ ਕਿਹਾ ਸੀ ਕਿ ਜੰਗਵਿੱਚ ਉਨ੍ਹਾਂ ਦੇ ਹੀ ਬਚਨਾਂ ਨਾਲ ਸੰਕੇਤ ਮੰਡੀ ਦੇ ਰਾਜੇ ਹਰੀ ਸੇਨ ਦੀ ਝੱਲੀ ਹੋਈ ਰਾਣੀ ਦੇ ਮੱਥੇ ‘ਤੇ ਲਾ ਦੇਣਾ ਤਾਂ ਕਿ ਉਸ ਦਾ ਝੱਲ ਠੀਕ ਹੋ ਜਾਵੇ। ਬਾਬਾ ਸਚਨ ਸੱਚ ਨੇ ਜਦ ਝੱਲੀ ਹੋਈ ਰਾਣੀ ਦੇ ਮੱਥੇ ‘ਤੇ ਗੁਰੂ ਜੀ ਦਾ ਜੋੜਾ ਛੁਹਾਇਆ ਤਾਂ ਰਾਣੀ ਬਿਲਕੁਲ ਠੀਕ ਹੋਕੇ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਲਈ ਦਰਬਾਰ ਵਿੱਚ ਆ ਗਈ ਸੀ। ਬਾਬਾ ਸੱਚਨ ਸੱਚ ਨੂੰ ਤੀਸਰੇ ਪਾਤਸ਼ਾਹ ਜੀ ਨੇ ਆਪਣੇ ਹੀ ਮੁਖਾਰਬਿੰਦ ਤੋਂ ਹੋਏ ਰਾਣੀ ਬਾਬਤ ਅਚਾਨਕ ਹੋਏ ਬਚਨਾਂ ਬਾਰੇ ਦੱਸਿਆ ਕਿ ਇਕ ਵਾਰ ਸਕੇਤ ਮੰਡੀ ਦਾ ਰਾਜਾ ਹਰੀ ਸੇਨ ਗੋਇੰਦਵਾਲ ਸਾਹਿਬ ਆਪਣੀਆਂ ਕਈ ਰਾਣੀਆਂ ਸਮੇਤ ਆਇਆ ਸੀ ਪਰ ਇਸ ਰਾਣੀ ਨੇ ਸੰਗਤਾਂ ਵਿਚ ਘੁੰਡ ਕੱਢ ਲਿਆ ਤਾਂ ਸਾਡੇ ਕੋਲੋਂ ਹੀ ਇਹ ਬਚਨ ਨਿਕਲ਼ ਗਿਆ ਕਿ ਝੱਲੀਏ ਸੰਗਤਾਂ ਵਿੱਚ ਘੁੰਢ ਨਹੀਂ ਕੱਢੀਦਾ ਤਾਂ ਇਹ ਓਸੇ ਵੇਲੇ ਝੱਲੀ ਹੋਕੇ ਜੰਗਲ ਵੱਲ ਭੱਜ ਗਈ ਸੀ।
ਸੱਚਨ ਸੱਚ ਦੀ ਅਣਥੱਕ ਸੇਵਾ ਤੋਂ ਖੁਸ਼ ਹੋਕੇ ਤੀਸਰੇ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਮੰਜੀ ਸੌਂਪਕੇ ਸਿੱਖੀ ਦਾ ਪ੍ਰਚਾਰਕ ਵੀ ਥਾਪਿਆ ਸੀ । ਸੱਚਨ ਸੱਚ ਦੀ ਅੰਸ਼ ਕੋਲ ਗੁਰੂ ਜੀ ਵਲੋਂ ਬਖਸ਼ਿਆ ਹੋਇਆ ਓਹੀ ਇਤਿਹਾਸਕ ਜੋੜਾ ਹੈ ਜਿਸ ਨੂੰ ਤੀਸਰੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ਕਿ “ਇਹ ਜੋੜਾ ਜਿਸ ਦੇ ਮੱਥੇ ‘ਤੇ ਲੱਗ ਜਾਵੇਗਾ ਓਸ ਦੇ ਕਈ ਰੋਗ ਠੀਕ ਹੋ ਜਾਇਆ ਕਰਨਗੇ”। ਇਸ ਜੋੜੇ ਦੀ ਪੀੜ੍ਹੀ ਦਰ ਪੀੜ੍ਹੀ ਸਾਂਭ ਸੰਭਾਲ ਅਤੇ ਸੰਗਤਾਂ ਦੇ ਮੱਥੇ ਨੂੰ ਲਾਉਣ ਦੀ ਸੇਵਾ ਨਿਭਾਉਣ ਵਾਲੇ ਭਾਈ ਸ਼ਮਸ਼ੇਰ ਸਿੰਘ ਦਾ ਨਗਰ ਪਿਪਲ ਥੇਹ, ਨਰਵਾਨਾ (ਹਰਿਆਣਾ) ਸੰਗਰੂਰ ਨੇੜੇ ਹੈ ।
Home Page ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੇ ਬਾਬਾ ਸੱਚਨ ਸੱਚ...