ਅਮਰੀਕੀ ਸਦਨ ਵਿੱਚ ਅਰਦਾਸ ਕਰਨ ਲਈ ਸੱਦੇ ਸਿੱਖ ਗ੍ਰੰਥੀ ਨੂੰ ਮੁਸਲਮਾਨ ਸਮਝ ਕੇ ਸਾਂਸੰਦ ਮਿਲਰ ਨੇ ਕੀਤਾ ਵਿਰੋਧ, ਚਾਰੇ ਪਾਸਿਉਂ ਨਿੰਦਾ ਹੋਣ ‘ਤੇ ਪੋਸਟ ਹਟਾਈ

ਸੈਕਰਾਮੈਂਟੋ,ਕੈਲੀਫੋਰਨੀਆ, 11 ਜੂਨ (ਹੁਸਨ ਲੜੋਆ ਬੰਗਾ) – ਸਾਂਸੰਦ ਮੈਰੀ ਮਿਲਰ ਵੱਲੋਂ ਇਕ ਸਿੱਖ ਗ੍ਰੰਥੀ ਜਿਸ ਨੂੰ ਹਾਲ ਹੀ ਵਿੱਚ ਕਾਂਗਰਸ ਸਦਨ ਵਿੱਚ ਅਰਦਾਸ ਕਰਨ ਲਈ ਸੱਦਿਆ ਗਿਆ ਸੀ, ਨੂੰ ਮੁਸਲਮਾਨ ਸਮਝ ਕੇ ਉਸ ਦਾ ਵਿਰੋਧ ਕੀਤਾ ਗਿਆ। ਮੈਰੀ ਮਿਲਰ ਨੇ ਪਾਈ ਇਕ ਪੋਸਟ ਵਿੱਚ ਲਿਖਿਆ ਕਿ ਅਮਰੀਕੀ ਸੰਸਦ ‘ਚ ਇਕ ਮੌਲਵੀ ਦਾ ਕੀ ਕੰਮ ਹੈ ਮੈ ਇਸ ਦੀ ਨਿੰਦਾ ਕਰਦੀ ਹਾਂ। ਇਸ ਪੋਸਟ ਤੋਂ ਬਾਅਦ ਰਿਪਬਲੀਕਨ ਤੇ ਡੈਮੋਕਰੈਟਿਕ ਸੰਸਦ ਮੈਂਬਰਾਂ ਨੇ ਮਿਲਰ ਦੀ ਰਜ ਕੇ ਨਿੰਦਾ ਕੀਤੀ ਜਿਸ ਤੋਂ ਬਾਅਦ ਮਿਲਰ ਨੇ ਪਹਿਲਾਂ ਪੋਸਟ ਵਿੱਚ ਮੁਸਲਮਾਨ ਦੀ ਜਗਾ ਸਿੱਖ ਸ਼ਬਦ ਲਿੱਖ ਦਿੱਤਾ ਤੇ ਬਾਅਦ ਵਿੱਚ ਪੂਰੀ ਪੋਸਟ ਹਟਾ ਦਿੱਤੀ।
ਦੱਖਣੀ ਨਿਊ ਜਰਸੀ ਤੋਂ ਗਿਆਨੀ ਸਿੰਘ ਗ੍ਰੰਥੀ ਨੂੰ ਸਦਨ ਦੇ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਅਰਦਾਸ ਕਰਨ ਵਾਸਤੇ ਸੱਦਿਆ ਗਿਆ ਸੀ। ਅਰਦਾਸ ਤੋਂ ਬਾਅਦ ਮਿਲਰ ਨੇ ਐਕਸ ਉਪਰ ਲਿੱਖਿਆ ” ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਅੱਜ ਸਵੇਰੇ ਇਕ ਮੁਸਲਮਾਨ ਨੂੰ ਪ੍ਰਤੀਨਿੱਧ ਸਦਨ ਵਿੱਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ।” ਮਿਲਰ ਦੇ ਦਫਤਰ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਪ੍ਰਤੀਨਿੱਧ ਜੈਫ ਵੈਨ ਡਰੀਊ ਜਿਸ ਨੇ ਗਿਆਨੀ ਸਿੰਘ ਨੂੰ ਅਰਦਾਸ ਲਈ ਸੱਦਿਆ ਸੀ, ਨੇ ਮਿਲਰ ਦੀ ਪੋਸਟ ਦਾ ਜਬਰਦਸਤ ਵਿਰੋਧ ਕਰਦੇ ਹੋਏ ਕਿਹਾ ਕਿ ਇਕ ਕੈਥੋਲਿਕ ਹੋਣ ਵਜੋਂ ਮੈ ਆਪਣੇ ਵਿਸ਼ਵਾਸ਼ ਨੂੰ ਗੰਭੀਰਤਾ ਨਾਲ ਲੈਂਦਾ ਹਾਂ ਪਰੰਤੂ ਇਕ ਅਮਰੀਕੀ ਨਾਗਰਿਕ ਹੋਣ ਦੇ ਨਾਤੇ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰਦਾ ਹਾਂ।