ਅਹਿਮਦਾਬਾਦ, 12 ਜੂਨ – ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਇੱਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 241 ਯਾਤਰੀਆਂ ਦੀ ਦੁਖਦਾਈ ਮੌਤ ਹੋ ਗਈ। ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਸੀ ਜਦੋਂ ਇਹ ਹਾਦਸਾ ਮੇਘਾਨੀਨਗਰ ਇਲਾਕੇ ਦੇ ਨੇੜੇ ਵਾਪਰਿਆ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ, ਜੋ ਜਹਾਜ਼ ਵਿੱਚ ਸਵਾਰ ਸਨ, ਦੀ ਵੀ ਮੌਤ ਹੋ ਗਈ ਹੈ। ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ, ਜਿਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਗਈ ਹੈ। ਰਮੇਸ਼ ਵਿਸ਼ਵਾਸ ਕੁਮਾਰ ਨਾਮ ਦਾ ਇੱਕ ਵਿਅਕਤੀ ਇਸ ਹਾਦਸੇ ਵਿੱਚ ਬਚ ਗਿਆ। ਇਸ ਨੂੰ ਭਗਵਾਨ ਦਾ ਚਮਤਕਾਰ ਮੰਨਿਆ ਜਾ ਰਿਹਾ ਹੈ।
ਇੱਥੋਂ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਬੋਇੰਗ 787 ਡਰੀਮਲਾਈਨਰ (ਏਆਈ171) ਜਹਾਜ਼ ਨੇ ਲੰਡਨ ਲਈ ਉਡਾਣ ਭਰੀ, ਪਰ ਉਡਾਣ ਭਰਨ ਦੇ 55 ਸੈਕਿੰਡਾਂ ਬਾਅਦ ਹੀ ਮੈਡੀਕਲ ਕਾਲਜ ਕੰਪਲੈਕਸ ਦੀ ਇਮਾਰਤ ਉੱਤੇ ਡਿੱਗ ਕੇੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ’ਚ ਸਵਾਰ 242 ’ਚੋਂ 241 ਵਿਅਕਤੀਆਂ ਦੀ ਮੌਤ ਹੋ ਗਈ। ਕਿਹਾ ਜਾਂਦਾ ਹੈ ਕਿ ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ। ਮਰਨ ਵਾਲਿਆਂ ’ਚ ਮੈਡੀਕਲ ਕਾਲਜ ਕੰਪਲੈਕਸ ‘ਚ ਸਥਿਤ ਵਿਦਿਆਰਥੀ ਅਤੇ ਰਿਹਾਇਸ਼ੀ ਇਲਾਕਿਆਂ ਵਾਲੇ ਲੋਕ ਵੀ ਸ਼ਾਮਲ ਹਨ। ਹਾਦਸੇ ’ਚ ਇੱਕ ਭਾਰਤੀ ਮੂਲ ਦਾ ਬ੍ਰਿਟਸ਼ ਨਾਗਰਿਕ ਰਮੇਸ਼ ਵਿਸ਼ਵਾਸ ਵਾਲ ਵਾਲ ਬਚ ਗਿਆ ਹੈ। ਏਅਰ ਇੰਡੀਆ ਮੁਤਾਬਕ ਜਹਾਜ਼ ’ਚ 169 ਭਾਰਤੀ, 53 ਬਰਤਾਨਵੀ, 7 ਪੁਰਤਗਾਲੀ ਅਤੇ 1 ਕੈਨੇਡੀਅਨ ਵਿਅਕਤੀ ਸਵਾਰ ਸਨ। ਉਨ੍ਹਾਂ ਤੋਂ ਇਲਾਵਾ 2 ਪਾਇਲਟ ਅਤੇ ਅਮਲੇ ਦੇ 10 ਮੈਂਬਰ ਵੀ ਜਹਾਜ਼ ’ਚ ਸਨ।
ਉਧਰ ਖ਼ਬਰ ਏਜੰਸੀ ਰਾਇਟਰਜ਼ ਨੇ ਇਕ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜਹਾਜ਼ ਹਾਦਸੇ ’ਚ 294 ਲੋਕ ਮਾਰੇ ਗਏ ਹਨ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਰਵਾਨਾ ਹੋਏ ਜਹਾਜ਼ ਦੇ ਮੈਡੀਕਲ ਕਲਾਜ ਹੋਸਟਲ ਦੀ ਇਮਾਰਤ ਨਾਲ ਟਕਰਾਉਣ ਕਾਰਨ ਉਥੇ ਮੌਜੂਦ ਕੁੱਝ ਵਿਿਦਆਰਥੀਆਂ ਦੀ ਵੀ ਜਾਨ ਗਈ ਹੈ ਅਤੇ ਕਈ ਜ਼ਫ਼ਮੀ ਹੋਏ ਹਨ। ਮ੍ਰਿਤਕਾਂ ਦੀ ਪਛਾਣ ਲਈ ਗੁਜਰਾਤ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਵੱਲੋਂ ਪੀੜਤਾਂ ਦੇ ਡੀਐੱਨਏ ਟੈੱਸਟ ਕੀਤੇ ਜਾਣਗੇ।
ਖ਼ਬਰਾਂ ਮੁਤਾਬਿਕ ਅਹਿਮਦਾਬਾਦ ’ਚ ਏਅਰ ਟਰੈਫਿਕ ਕੰਟਰੋਲ ਨੇ ਕਿਹਾ ਕਿ ਦੋ ਇੰਜਣਾਂ ਵਾਲੇ ਜਹਾਜ਼ ਦੇ ਪਾਇਲਟ ਨੇ ਉਡਾਣ ਭਰਨ ਸਾਰ ਹੀ ਦੁਪਹਿਰ 1.39 ਵਜੇ ਹੰਗਾਮੀ ਹਾਲਾਤ (ਮੇਅਡੇਅ) ਹੋਣ ਬਾਰੇ ਤਿੰਨ ਵਾਰ ਸੂਚਨਾ ਜਾਰੀ ਕਰਦਿਆਂ ਸਹਾਇਤਾ ਦੀ ਮੰਗ ਕੀਤੀ ਸੀ। ਜਹਾਜ਼ ਦੇ ਬਲੈਕ ਬਾਕਸ (ਫਲਾਈਟ ਡੇਟਾ ਰਿਕਾਰਡਰ ਅਤੇ ਕੌਕਪਿਟ ਵੁਆਇਸ ਰਿਕਾਰਡ) ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਹਾਦਸੇ ਤੋਂ ਐਨ ਪਹਿਲਾਂ ਕੀ ਕੱੁਝ ਵਾਪਰਿਆ ਸੀ। ਗਿਆਰਾਂ ਸਾਲ ਪੁਰਾਣੇ ਜਹਾਜ਼ ਨੂੰ ਦੂਰ ਤੋਂ ਹੀ ਤੇਜ਼ੀ ਨਾਲ ਹੇਠਾਂ ਵੱਲ ਜਾਂਦੇ ਅਤੇ ਫਿਰ ਅੱਗ ਦੇ ਗੋਲੇ ’ਚ ਤਬਦੀਲ ਹੁੰਦਿਆਂ ਦੇਖਿਆ ਜਾ ਸਕਦਾ ਸੀ। ਇਸ ਮਗਰੋਂ ਆਸਮਾਨ ’ਚ ਸੰਘਣਾ ਧੂੰਆਂ ਫੈਲ ਗਿਆ।
ਖ਼ਬਰ ਮੁਤਾਬਿਕ ਏਵੀਏਸ਼ਨ ਸੂਤਰਾਂ ਨੇ ਕਿਹਾ ਕਿ ਜਹਾਜ਼ ਉਡਾਣ ਭਰਦੇ ਸਾਰ ਹੀ ਕਰੀਬ 600-800 ਫੁੱਟ ਦੀ ਉਚਾਈ ’ਤੇ ਗਿਆ ਸੀ ਕਿ ਤੁਰੰਤ ਹੀ ਉਹ ਧਰਤੀ ਵੱਲ ਪਰਤਣ ਲੱਗ ਪਿਆ। ਚਸ਼ਮਦੀਦਾਂ ਮੁਤਾਬਕ ਜਹਾਜ਼ ਨੂੰ ਅੱਗ ਇੰਨੀ ਤੇਜ਼ ਸੀ ਕਿ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਅੱਗ ਲੱਗ ਗਈ, ਦਰੱਖਤ ਝੁਲਸ ਗਏ ਅਤੇ ਕਾਰਾਂ ਨੁਕਸਾਨੀਆਂ ਗਈਆਂ। ਬੋਇੰਗ ਡਰੀਮਲਾਈਨਰ ਨਾਲ ਇਹ ਪਹਿਲਾ ਹਾਦਸਾ ਹੈ।
ਕੈਪਟਨ ਸਭਰਵਾਲ ਨੂੰ 8,200 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਸੀ
ਜਹਾਜ਼ ਦੀ ਕਮਾਂਡ ਕੈਪਟਨ ਸੁਮਿਤ ਸਭਰਵਾਲ ਅਤੇ ਫਸਟ ਆਫ਼ੀਸਰ ਕਲਾਈਵ ਕੁੰਦਰ ਸੰਭਾਲ ਰਹੇ ਸਨ। ਡੀਜੀਸੀਏ ਨੇ ਇੱਕ ਬਿਆਨ ’ਚ ਕਿਹਾ ਕਿ ਸਭਰਵਾਲ ਨੂੰ 8,200 ਘੰਟੇ ਅਤੇ ਕੁੰਦਰ ਨੂੰ 1,100 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਸੀ।
Home Page ਅਹਿਮਦਾਬਾਦ ਤੋਂ ਲੰਡਨ ਜਾ ਰਹੇ ਜਹਾਜ਼ ਹਾਦਸੇ ‘ਚ 241 ਯਾਤਰੀਆਂ ਦੀ ਮੌਤ,...