ਜੇ ਰੱਬ ਇੱਕ ਹੈ ਫਿਰ ਧਰਮ ਤਬਦੀਲੀਆਂ ਦੇ ਝਗੜੇ ਕਿਉਂ ?

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) ਪਿੰਨਕੋਡ -151501 ਮੋਬਾਇਲ - 0091 94170-23911 E-mail: harlajsingh7@gmail.com

ਧਰਮ ਕੀ ਹੈ, ਧਰਮ ਨੂੰ ਦਇਆ ਦਾ ਪੁੱਤ ਵੀ ਕਿਹਾ ਜਾਂਦਾ ਹੈ, ਕਿਸੇ ਤੇ ਦਇਆ ਕਰਨ, ਕਿਸੇ ਦਾ ਭਲਾ ਕਰਨ, ਪੁੰਨ ਦਾਨ ਕਰਨ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਚੰਗੇ ਕੰਮ ਕਰਨ ਨੂੰ ਧਰਮ ਦੇ ਕੰਮ ਕਿਹਾ ਜਾਂਦਾ ਹੈ, ਗੁਰਬਾਣੀ ਵਿੱਚ ਦਰਜ ਹੈ, ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ਨੰਬਰ 266) ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ ਕਿ ਹੇ ਮਨ ਪ੍ਰਭੂ ਦਾ ਨਾਮ ਜਪ ਤੇ ਪਵਿਤ੍ਰ ਆਚਰਣ ਬਣਾ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ। ਉਂਝ ਤਾਂ ਧਰਮ ਅਣਗਿਣਤ ਹੀ ਬਣ ਰਹੇ ਹਨ, ਪਰ ਜਿਆਦਾ ਤਰ ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਦੀ ਗੱਲ ਹੀ ਚੱਲਦੀ ਹੈ, ਕਹੇ ਜਾਂਦੇ ਇਹਨਾ ਸਾਰੇ ਧਰਮਾਂ ਵਿੱਚ ਅੰਧਵਿਸ਼ਵਾਸੀ ਅਤੇ ਗੱਪ ਕਹਾਣੀਆਂ ਦੀ ਬਹੁਤਾਂਤ ਹੁੰਦੀ ਹੈ, ਸਾਰੇ ਆਪਣੇ ਆਪ ਨੂੰ ਵਿਗਆਨਕ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵਗਿਆਨ ਦਾ ਵਿਰੋਧ ਵੀ ਕਰਦੇ ਹਨ। ਸਾਰੇ ਧਰਮਾ ਵਾਲੇ ਇਹ ਵੀ ਕਹਿੰਦੇ ਹਨ ਕਿ ਰੱਬ ਇੱਕ ਹੀ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਵੱਖਰੋ ਵੱਖਰੇ ਧਰਮਾਂ ਵੱਲੋਂ ਲਏ ਜਾਂਦੇ ਵੱਖੋ ਵੱਖਰੇ ਨਾਮ ਜਿਵੇਂ ਕਿ ਰਾਮ, ਅੱਲ੍ਹਾ, ਵਾਹਿਗੁਰੂ, ਗੌਡ ਆਦਿ ਇੱਕ ਹੀ ਹਨ ਅਤੇ ਇੱਕੋ ਹੀ ਰੱਬ ਦੇ ਨਾਮ ਹਨ, ਸਾਰੇ ਧਰਮਾਂ ਦੇ ਪ੍ਰਚਾਰਕ ਰੱਬ ਨੂੰ ਮੰਨਣ ਦੀ ਅਤੇ ਧਰਮ ਦੇ (ਚੰਗੇ) ਕੰਮ ਕਰਨ ਦੀ ਸਿੱਖਿਆ ਦਿੰਦੇ ਹਨ, ਸਾਰੇ ਹੀ ਇਹ ਪ੍ਰਚਾਰ ਕਰਦੇ ਹਨ ਕਿ ਨਸ਼ੇ ਨਾ ਕਰੋ, ਝੂਠ ਨਾ ਬੋਲੋ, ਕਿਸੇ ਦਾ ਹੱਕ ਨਾ ਮਾਰੋ, ਠੱਗੀ ਚੋਰੀ ਨਾ ਕਰੋ, ਮਾਂ ਪਿਉ ਦੀ ਸੇਵਾ ਕਰੋ ਆਦਿ, ਹਰ ਮਨੁੱਖ ਹੀ ਕਿਸੇ ਨਾ ਕਿਸੇ ਧਰਮ ਨੂੰ ਮੰਨਦਾ ਵੀ ਹੈ, ਕੁੱਝ ਗਿਣਤੀ ਦੇ ਲੋਕ ਹੋਣਗੇ ਜੋ ਕਹਿੰਦੇ ਹਨ ਕਿ ਅਸੀਂ ਕਿਸੇ ਰੱਬ ਜਾਂ ਧਰਮ ਨੂੰ ਨਹੀਂ ਮੰਨਦੇ, ਪਰ ਚੰਗੇ ਕੰਮ ਕਰਨ ਦੀ ਉਹ ਵੀ ਹਾਮੀ ਭਰਦੇ ਹਨ, ਫਿਰ ਸਵਾਲ ਪੈਦਾ ਹੁੰਦਾ ਕਿ ਮਾੜੇ ਕੰਮ ਕਰਨ ਵਾਲੇ ਕੌਣ ਹਨ ? ਇਹ ਲੋਕ ਕਿੱਥੋਂ ਆਏ ਹਨ, ਕਿਉਂਕਿ ਮਾੜੇ ਕੰਮ ਕਰਨ ਦੀ ਸਿੱਖਿਆ ਤਾਂ ਕੋਈ ਵੀ ਧਰਮ ਨਹੀਂ ਦੇ ਰਿਹਾ, ਫਿਰ ਇਹ ਵੀ ਮੰਨਣਾ ਪਵੇਗਾ ਕਿ ਮਾੜੇ ਲੋਕ ਵੀ ਸਾਡੇ ਕਹੇ ਜਾਂਦੇ ਧਰਮੀਆਂ ਦੇ ਵਿੱਚੋਂ ਹੀ ਹਨ। ਮੈਨੂੰ ਤਾਂ ਲੱਗਦਾ ਹੈ ਕਿ ਇਹ ਵੱਖੋ ਵੱਖਰੇ ਧਰਮਾਂ ਦੀਆਂ ਕਾਢਾਂ ਸਮੇਂ ਸਮੇਂ ਮਨੁੱਖਾਂ ਵੱਲੋਂ ਹੀ ਕੱਢੀਆਂ ਗਈਆਂ ਹਨ ਅਤੇ ਇਹ ਨਿਕਲੀਆਂ ਵੀ ਇੱਕ ਦੂਜੇ ਦੇ ਵਿਰੋਧ ਦੇ ਵਿੱਚੋਂ ਹੀ ਹਨ, ਜਦੋਂ ਕਿਸੇ ਨੂੰ ਪਹਿਲੇ ਕਿਸੇ ਧਰਮ ਦੀ ਗੱਲ ਚੰਗੀ ਨਾ ਲੱਗੀ ਤਾਂ ਉਸ ਨੇ ਆਪਣਾ ਵੱਖਰਾ ਰਾਹ ਚੁਣ ਲਿਆ, ਹੌਲੀ ਹੌਲੀ ਕੁੱਝ ਲੋਕ ਉਸ ਦੇ ਮਗਰ ਹੋ ਤੁਰੇ, ਉਹਨਾ ਨੇ ਉਸ ਨੂੰ ਆਪਣਾ ਧਰਮ ਗੁਰੂ ਮੰਨ ਲਿਆ, ਜਦੋਂ ਕਿਸੇ ਨੂੰ ਉਸ ਵਿੱਚ ਕੁੱਝ ਘਾਟ ਨਜ਼ਰ ਆਈ ਤਾਂ ਕਿਸੇ ਨੇ ਉਸ ਨੂੰ ਛੱਡ ਕੇ ਆਪਣਾ ਹੋਰ ਵੱਖਰਾ ਮੱਤ ਤੋਰ ਲਿਆ, ਇਸੇ ਤਰ੍ਹਾਂ ਧਰਮਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ। ਜਿਵੇਂ ਕਿ ਸਿੱਖ ਧਰਮ ਦੀ ਹੀ ਉਦਾਰਣ ਲੈ ਲਈਏ, ਤਾਂ ਨਿਰੰਕਾਰੀਏ, ਨਾਮਧਾਰੀਏ, ਬਿਆਸ ਵਾਲੇ ਆਦਿ ਸਾਰੇ ਸਿੱਖਾਂ ਵਿੱਚੋਂ ਹੀ ਵੱਖ ਹੋਏ ਹਨ, ਅੱਗੇ ਬਿਆਸ ਵਾਲਿਆਂ ਵਿੱਚੋਂ ਸਿਰਸੇ ਵਾਲਾ ਵੱਖ ਹੋ ਗਿਆ, ਸਿਰਸੇ ਡੇਰੇ ਵਿੱਚੋਂ ਵੀ ਇੱਕ ਹੋਰ ਬ੍ਰਾਂਚ ਬਣ ਗਈ ਹੈ, ਸਾਰਿਆਂ ਨੇ ਆਪਣੀ ਵੱਖੋ ਵੱਖਰੀ ਮਰਯਾਦਾ ਸ਼ੁਰੂ ਕਰ ਲਈ ਹੈ, ਚਲੋ ਇਹਨਾ ਨੂੰ ਤਾਂ ਅੱਜ ਸਿੱਖਾਂ ਦੇ ਵਿਰੋਧੀ ਮੰਨਿਆਂ ਜਾਂਦਾ ਹੈ, ਇਹਨਾ ਤੋਂ ਇਲਾਵਾ ਸਿੱਖ ਕਹਾਉਣ ਵਾਲਿਆਂ ਦੀਆਂ ਕਿੰਨੀਆਂ ਸੰਸਥਾਵਾਂ ਬਣ ਚੁੱਕੀਆਂ ਹਨ, ਸਾਰਿਆਂ ਦੀਆਂ ਆਪੋ ਆਪਣੀਆਂ ਰਹਿਤ ਮਰਿਯਾਦਾ ਹਨ, ਸਾਰੇ ਆਪਣੇ ਆਪ ਨੂੰ ਸਹੀ ਸਿੱਖ, ਪੰਥਕ ਅਤੇ ਦੂਜੇ ਨੂੰ ਪੰਥ ਦਾ ਵਿਰੋਧੀ ਸਮਝਦੇ ਹਨ, ਬੱਸ ਇਹੀ ਹਾਲ ਹੈ ਸਾਰੇ ਧਰਮਾਂ ਦਾ। ਅਸਲ ਵਿੱਚ ਕਹੇ ਜਾਂਦੇ ਧਰਮਾਂ ਨੇ ਜਿੱਥੇ ਇੱਕ ਰੱਬ ਪੈਦਾ ਕੀਤਾ ਹੈ ਉੱਥੇ ਇੱਕ ਰੱਬ ਦੇ ਪ੍ਰਚਾਰ ਦੇ ਨਾਮ ਹੇਠ ਰੱਬ ਨੂੰ ਵੰਡਣ ਵਾਲੇ ਵੀ ਇਹ ਧਰਮ ਹੀ ਹਨ। ਕਹਿਣ ਨੂੰ ਬੇਸ਼ੱਕ ਸਾਰੇ ਧਰਮ ਇੱਕੋ ਰੱਬ ਦੀ ਗੱਲ ਕਰਦੇ ਹਨ ਅਤੇ ਸਾਰੇ ਹੀ ਲੋਕ ਭਲਾਈ ਦੇ ਕੰਮ ਕਰਨ ਦੀ ਸੇਧ ਦਿੰਦੇ ਹਨ ਪਰ ਇਹਨਾ ਸਾਰਿਆਂ ਦੇ ਆਪੋ ਆਪਣੀ ਮੱਤ ਅਨੁਸਾਰ ਆਪਣੇ ਰੱਬ ਵੱਡੇ ਅਤੇ ਵੱਖਰੇ ਹਨ, ਇਹਨਾ ਦੇ ਆਪੋ ਆਪਣੇ ਰੱਬਾਂ ਨੂੰ ਖੁਸ਼ ਕਰਨ ਦੇ ਧਾਰਮਿਕ ਨਿਯਮ ਵੀ ਵੱਖੋ ਵੱਖ ਹਨ, ਜੇ ਰੱਬ ਇੱਕ ਹੈ ਤਾਂ ਉਸ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਂਦੀ ਸੀ, ਕਿਸੇ ਧਰਮ ਦੇ ਰੱਬ ਨੂੰ ਕੇਸ (ਵਾਲ਼) ਕੱਟਣ ਤੇ ਕੋਈ ਇਤਰਾਜ ਨਹੀਂ ਹੈ, ਕਿਸੇ ਧਰਮ ਵਿੱਚ ਕੇਸ ਕੱਟਣਾ ਜੁਰਮ ਹੈ, ਅਸਲ ਵਿੱਚ ਇਹ ਸਾਰੇ ਬਾਹਰੋਂ ਬਾਹਰੋਂ ਦੂਜੇ ਧਰਮਾਂ ਦਾ ਸਤਿਕਾਰ ਕਰਨ ਦੀਆਂ ਗੱਲਾਂ ਤਾਂ ਜਰੂਰ ਕਰਦੇ ਹਨ ਪਰ ਅੰਦਰੋਂ ਇੱਕ ਦੂਜੇ ਨੂੰ ਨਫਰਤ ਹੀ ਕਰਦੇ ਹਨ, ਨਫਰਤ ਵੀ ਇੰਨੀ ਹੈ ਕਿ ਇੱਕ ਦੂਜੇ ਨੂੰ ਖਤਮ ਕਰਕੇ ਸਿਰਫ ਆਪਣੇ ਧਰਮ ਨੂੰ ਹੀ ਵੇਖਣਾ ਪਸੰਦ ਕਰਦੇ ਹਨ, ਹਿੰਦੂ ਸੱਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਹਨ, ਮੁਸਲਿਮ ਸੱਭ ਨੂੰ ਮੁਸਲਿਮ, ਸਿੱਖ ਸੱਭ ਨੂੰ ਸਿੱਖ ਅਤੇ ਇਸਾਈ ਸੱਭ ਨੂੰ ਇਸਾਈ ਬਣਾਉਣਾ ਚਾਹੁੰਦੇ ਹਨ। ਪਰ ਇੰਨਾ ਵਿਰੋਧ ਹੋਣ ਦੇ ਵਾਬਜੂਦ ਇਹਨਾ ਸਾਰਿਆਂ ਦੀ ਇੱਕ ਗੱਲ ਸਾਂਝੀ ਵੀ ਹੈ, ਕਿ ਇਹ ਧਰਮ ਨੂੰ ਨਾ ਮੰਨਣ ਵਾਲਿਆਂ ਨੂੰ ਸੱਭ ਤੋਂ ਵੱਧ ਮਾੜਾ ਮੰਨਦੇ ਹਨ, ਇਸੇ ਲਈ ਇਹ ਇੱਕ ਗੱਲ ਜਰੂਰ ਕਹਿੰਦੇ ਹਨ ਕਿ ਮਨੁੱਖ ਨੂੰ ਧਰਮੀ ਬਣਨਾ ਚਾਹੀਦਾ ਹੈ, ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਮੰਨੋ ਪਰ ਮੰਨੋ ਜਰੂਰ, ਇਹ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਇਹਨਾ ਦੇ ਰੱਬ ਵਾਲੇ ਠੱਪੇ ਤੋਂ ਵਗੈਰ ਦਿਸੇ। ਇਹ ਵੀ ਕਿਹਾ ਜਾਂਦਾ ਹੈ ਕਿ ਹਿੰਦੂ ਸੱਚਾ ਹਿੰਦੂ ਬਣੇ, ਮੁਸਲਿਮ ਸੱਚਾ ਮੁਸਲਿਮ ਬਣੇ, ਸਿੱਖ ਸੱਚਾ ਸਿੱਖ ਬਣੇ ਜਾਂ ਇਸਾਈ ਸੱਚਾ ਇਸਾਈ ਬਣੇ, ਭਾਵ ਕਿ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋਂ ਉਸ ਨੂੰ ਸੱਚੇ ਮਨੋ ਮੰਨੋ, ਉਸ ਵਿੱਚ ਸ਼ਰਧਾ ਰੱਖੋ, ਉਸ ਦੀਆਂ ਧਾਰਨਾਵਾਂ ਤੇ ਕਿੰਤੂ ਨਾ ਕਰੋ, ਜੋ ਵੀ ਹੈ ਉਸ ਨੂੰ ਸੌ ਪ੍ਰਤੀਸ਼ਤ ਸਹੀ ਮੰਨੋ। ਜਦੋਂ ਰੱਬ ਇੱਕ ਹੈ ਸਾਰੇ ਧਰਮ ਇੱਕੋ ਰੱਬ ਦੀ ਗੱਲ ਕਰ ਰਹੇ ਹਨ, ਫਿਰ ਜਦੋਂ ਕੋਈ ਇੱਕ ਧਰਮ ਨੂੰ ਛੱਡ ਕੇ ਦੂਜੇ ਧਰਮ ਵਿੱਚ ਚਲਿਆ ਜਾਂਦਾ ਹੈ ਤਾਂ ਇਹਨਾ ਧਰਮੀਆਂ ਨੂੰ ਤਕਲੀਫ ਕਿਉਂ ਹੁੰਦੀ ਹੈ? ਫਿਰ ਇਹ ਕਿਉਂ ਨਹੀਂ ਕਹਿੰਦੇ ਕਿ ਕੋਈ ਗੱਲ ਨਹੀਂ ਹੈ ਰੱਬ ਤਾਂ ਇੱਕ ਹੀ ਹੈ ਸਾਰੇ ਧਰਮ ਇੱਕ ਰੱਬ ਦੀ ਹੀ ਸਿੱਖਿਆ ਦਿੰਦੇ ਹਨ, ਜੇ ਕੋਈ ਦੂਜੇ ਪਾਸੇ ਚਲਾ ਗਿਆ ਤਾਂ ਕੀ ਹੋ ਗਿਆ, ਉਹ ਵੀ ਆਪਣਾ ਹੀ ਭਰਾ ਹੈ, ਜਿਵੇਂ ਕਿ ਜੇ ਕੋਈ ਅੰਗਰੇਜ ਜਾਂ ਹਿੰਦੂ ਪਰਿਵਾਰ ਦਾ ਬੰਦਾ ਸਿੱਖ ਬਣ ਜਾਂਦਾ ਹੈ ਫਿਰ ਤਾਂ ਅਸੀਂ (ਸਿੱਖ) ਉਸ ਦੀ ਪ੍ਰਸੰਸਾਂ ਵਿੱਚ ਫੋਟੋਆਂ ਸ਼ੇਅਰ ਕਰਦੇ ਹਾਂ, ਪਰ ਜਦੋਂ ਕੋਈ ਸਿੱਖ ਧਰਮ ਨੂੰ ਛੱਡ ਕਿ ਇਸਾਈ ਬਣਦਾ ਹੈ ਫਿਰ ਹਾਹਾਕਾਰ ਮੱਚ ਜਾਂਦੀ ਹੈ, ਫਿਰ ਉਸ ਨੂੰ ਗਦਾਰ ਜਾਂ ਵਿਕੇ ਹੋਣ ਦਾ ਸਰਟੀਫਿਕੇਟ ਇੱਕ ਮਿੰਟ ਵਿੱਚ ਦੇ ਦਿੰਦੇ ਹਾਂ, ਭਾਰਤ ਵਿੱਚ ਹਿੰਦੂ ਧਰਮ ਦੇ ਲੋਕਾਂ ਵੱਲੋਂ ਮੁਸਲਿਮ ਧਰਮ ਦੇ ਲੋਕਾਂ ਨਾਲ ਹੱਦੋਂ ਵੱਧ ਨਫਰਤ ਕੀਤੀ ਜਾਂਦੀ ਹੈ, (ਇਸੇ ਤਰਾਂ ਪਾਕਿਸਤਨ ਵਿੱਚ ਦੂਜੇ ਧਰਮਾਂ ਦੇ ਲੋਕਾਂ ਨਾਲ ਕੀਤੀ ਜਾਂਦੀ ਹੋਣੀ ਜਾਂ ਕੀਤੀ ਜਾਂਦੀ ਹੈ) ਜੋ ਸ਼ੋਸਲ ਮੀਡੀਆ ਤੇ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ, ਕਿਵੇਂ ਮੁਸਲਿਮ ਕੁੜੀਆਂ ਉੱਤੇ ਰੰਗ ਪਾਏ ਜਾਂਦੇ ਹਨ, ਮੁਸਲਿਮ ਵਿਅਕਤੀਆਂ ਦੀ ਕੁੱਟ ਮਾਰ ਕਰਕੇ ਉਹਨਾ ਤੋਂ ਜੈ ਸ਼੍ਰੀ ਰਾਮ ਦੇ ਨਾਹਰੇ ਲਗਵਾਏ ਜਾਂਦੇ ਹਨ, ਜਦੋਂ ਰੱਬ ਇੱਕ ਹੈ ਫਿਰ ਹਿੰਦੂ ਲੋਕ ਮੁਸਲਮਾਨਾ ਨੂੰ ਇੱਕ ਰੱਬ ਦੇ ਬੱਚੇ ਮੰਨ ਕੇ ਪਿਆਰ ਕਿਉਂ ਨਹੀਂ ਕਰਦੇ? ਇਸਾਈ ਪ੍ਰਚਾਰਕ ਜੋ ਲੋਕਾਂ ਨੂੰ ਧਰਮ ਦੇ ਨਾਮ ਤੇ ਗੁਮਰਾਹ ਕਰਕੇ ਉਹਨਾ ਨੂੰ ਇਸਾਈ ਬਣਾਉਣ ਲੱਗੇ ਹੋਏ ਹਨ, ਅਜਿਹੇ ਧਰਮ ਬਦਲਣ ਵਾਲੇ ਲੋਕਾਂ ਦੀ ਉਹ ਆਰਥਿਕ ਤੌਰ ਤੇ ਸਹਾਇਤਾ ਵੀ ਕਰਦੇ ਹਨ, ਜੇ ਰੱਬ ਅਤੇ ਧਰਮ ਇੱਕ ਹੀ ਹੈ ਫਿਰ ਕਿਸੇ ਦੀ ਸਹਾਇਤਾ ਕਰਨ ਲਈ ਉਸ ਦਾ ਧਰਮ ਬਦਲਾਉਣ ਦੀ ਕੀ ਲੋੜ ਹੈ, ਕਿਸੇ ਵੀ ਲੋੜਬੰਦ ਦੀ ਮੱਦਦ ਉਸ ਦੇ ਹਿੰਦੂ, ਮੁਸਲਿਮ ਜਾਂ ਸਿੱਖ ਹੁੰਦੇ ਹੋਏ ਵੀ ਕੀਤੀ ਜਾ ਸਕਦੀ ਹੈ, ਕਿਉਂਕਿ ਸਾਰੇ ਮਨੁੱਖ ਇੱਕੋ ਰੱਬ ਦੀ ਸੰਤਾਨ ਤਾਂ ਹਨ, ਜਦੋਂ ਅਸੀਂ ਸਾਰੇ ਇੱਕ ਰੱਬ ਦੀ ਸੰਤਾਨ ਹਾਂ ਅਤੇ ਜੇ ਰੱਬ ਇੱਕ ਹੈ ਫਿਰ ਧਰਮ ਤਬਦੀਲੀਆਂ ਦੇ ਝਗੜੇ ਕਿਉਂ ? ਅਸਲ ਵਿੱਚ ਕਹਿਣ ਨੂੰ ਤਾਂ ਭਾਵੇਂ ਕੋਈ ਕੁੱਝ ਵੀ ਕਹੀਂ ਜਾਵੇ ਪਰ ਸਾਰੇ ਆਪੋ ਆਪਣੇ ਧਰਮ (ਫਿਰਕੇ) ਦੇ ਲੋਕਾਂ ਨੂੰ ਚੰਗੇ ਅਤੇ ਵਿਸ਼ੇਸ਼ ਸਮਝਦੇ ਹਨ, ਸਾਰੇ ਹੀ ਕਿਸੇ ਦਾ ਆਪਣੇ ਧਰਮ ਵਿੱਚ ਆਉਣ ਤੇ ਸਵਾਗਤ ਅਤੇ ਛੱਡ ਕੇ ਜਾਣ ਤੇ ਵਿਰੋਧ ਕਰਦੇ ਹਨ, ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਕਹੇ ਜਾਂਦੇ ਧਰਮੀਆਂ ਦਾ ਰੱਬ ਅਤੇ ਧਰਮ ਇੱਕ ਦੂਜੇ ਦਾ ਵਿਰੋਧੀ ਹੈ। ਇਹ ਕਹੇ ਜਾਂਦੇ ਸਾਰੇ ਧਰਮ (ਫਿਰਕੇ) ਸਿਆਸੀ ਪਾਰਟੀਆਂ ਵਾਂਗ ਹੀ ਹਨ, ਜਿਵੇਂ ਕਿਸੇ ਪਾਰਟੀ ਨੂੰ ਛੱਡ ਕੇ ਜਾਣ ਵਾਲਾ ਛੱਡੀ ਹੋਈ ਪਾਰਟੀ ਲਈ ਗਦਾਰ ਅਤੇ ਜਿਸ ਪਾਰਟੀ ਵਿੱਚ ਜਾਂਦਾ ਹੈ ਉਸ ਲਈ ਉਹ ਹੀਰਾ ਹੁੰਦਾ ਹੈ, ਨਵਾਂ ਧਰਮ ਨਵੀਂ ਪਾਰਟੀ (ਆਮ ਆਦਮੀ ਪਾਰਟੀ) ਵਾਂਗ ਹੁੰਦਾ ਹੈ, ਲੋਕ ਨਵੇਂ ਦੇ ਚਾਅ ਵਿੱਚ ਖਿਚੇ ਆਉਂਦੇ ਹਨ ਪਰ ਉਹ ਵੀ ਪਹਿਿਲਆਂ ਵਰਗਾ ਹੀ ਹੁੰਦਾ ਹੈ, ਇਸੇ ਤਰਾਂ ਨਵੇਂ ਧਰਮਾਂ (ਡੇਰਿਆਂ) ਵੱਲ ਲੋਕ ਖਿਚੇ ਤਾਂ ਆਉਂਦੇ ਹਨ ਪਰ ਉਹ ਵੀ ਪਹਿਿਲਆਂ ਵਿੱਚੋਂ ਆਇਆ ਹੋਣ ਕਾਰਨ ਉਹਨਾ ਵਰਗਾ ਹੀ ਹੁੰਦਾ ਹੈ, ਲੋਕਾਂ ਦੇ ਪੱਲੇ ਫਿਰ ਨਿਰਾਸ਼ਾ ਹੀ ਪੈਂਦੀ ਹੈ, ਪਰ ਸਾਡੇ ਅੰਧਵਿਸ਼ਵਾਸੀ ਹੋਣ ਦਾ ਫਾਇਦਾ ਉਠਾ ਕੇ ਉਹ ਸਥਾਪਤ ਹੋ ਜਾਂਦੇ ਹਨ। ਸਿੱਖ ਮੱਤ ਦੇ ਡੇਰਿਆਂ ਵਿੱਚੋਂ ਸਿੱਖਿਆ ਲੈ ਕੇ ਧਰਮੀ ਸਿੱਖ ਬਣੇ ਅਤੇ ਸਿੱਖ ਮੱਤ ਦੇ ਡੇਰਿਆਂ ਦੇ ਹੀ ਵਿਰੋਧ ਦਾ ਸ਼ਿਕਾਰ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਦਲੇ ਵਿਚਾਰਾਂ ਤੋਂ ਲੱਗਦਾ ਸੀ ਕਿ ਭਾਈ ਸਾਹਿਬ ਲੋਕਾਂ ਨੂੰ ਧਾਰਮਿਕ ਪਖੰਡਾਂ ਵਿੱਚੋਂ ਬਾਹਰ ਕੱਢਣ ਲਈ ਕੁੱਝ ਨਵਾਂ ਕਰਨਗੇ ਪਰ ਉਹ ਵੀ ਹੁਣ ਇਸਾਈ ਪ੍ਰਚਾਰਕਾਂ ਵੱਲੋਂ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਰੋਕ ਕੇ ਲੋਕਾਂ ਨੂੰ ਮੁੜ ਸਿੱਖ ਧਰਮ ਨਾਲ ਜੋੜਨ ਲਈ ਪ੍ਰਚਾਰ ਕਰਨਗੇ, ਭਾਵ ਕਿ ਲੋਕਾਂ ਨੂੰ ਸਿੱਖ ਧਰਮ ਵਾਲੇ ਰੱਬ ਨਾਲ ਜੋੜ ਕੇ ਧਰਮੀ ਬਣੇ ਰਹਿਣ ਲਈ ਪ੍ਰੇਰਣਾ ਦੇਣਗੇ, ਇਸ ਲਈ ਇੱਥੋਂ ਵੀ ਓਹੀ ਆਮ ਆਦਮੀ ਪਾਰਟੀ ਦੇ ਬਦਲਾਅ ਵਾਲੀ ਗੱਲ ਹੀ ਨਿਕਲੀ, ਕਿੰਨਾ ਚੰਗਾ ਹੁੰਦਾ ਜੇ ਭਾਈ ਸਾਹਿਬ ਮਨੁੱਖ ਦੇ ਮੋਢਿਆਂ ਤੋਂ ਧਰਮ ਦਾ ਭਾਰ ਬਦਲਣ ਦੀ ਥਾਂ ਮੋਢਿਆਂ ਨੂੰ ਧਰਮਾਂ ਦੇ ਭਾਰ ਤੋਂ ਮੁਕਤ ਕਰ ਕੇ ਮਨੁੱਖ ਨੂੰ ਠੱਪਿਆਂ ਵਾਲੇ ਧਰਮ ਤੋਂ ਮੁਕਤ ਕਰਕੇ ਸਿਰਫ ਮਨੁੱਖ ਬਣਨ ਦੀ ਪ੍ਰੇਰਨਾ ਦਿੰਦੇ, ਪਰ ਕੁੱਝ ਨਹੀਂ ਹੋਇਆ। ਮੈਨੂੰ ਤਾਂ ਇਹੀ ਲੱਗਦਾ ਹੈ ਕਿ ਬੰਦੇ ਨੂੰ ਕੁੱਝ ਵੀ ਬਣਨ ਦੀ ਲੋੜ ਨਹੀਂ ਹੈ, ਬੰਦੇ ਨੂੰ ਸਿਰਫ ਬੰਦਾ ਬਣ ਕੇ ਹੀ ਰਹਿਣਾ ਚਾਹੀਦਾ ਹੈ, ਜੇ ਅਸੀਂ ਸਾਰੇ ਧਰਮਾਂ ਨੂੰ ਤਿਆਗ ਕੇ ਸਿਰਫ ਬੰਦੇ (ਮਨੁੱਖ) ਬਣ ਜਾਈਏ ਤਾਂ ਸਾਡੇ ਵਿੱਚੋਂ ਧਾਰਮਿਕ ਵਖਰੇਵਿਆਂ ਵਾਲੀ ਨਫਰਤ ਖਤਮ ਹੋ ਸਕਦੀ ਹੈ। ਅਸੀਂ ਸਾਰੇ ਮਨੁੱਖ ਹੋ ਕੇ ਮਨੁੱਖਤਾ ਨੂੰ ਪਿਆਰ ਕਰੀਏ, ਅਸੀਂ ਸਾਰੇ ਬੰਦੇ ਇੱਕੋ ਜਿਹੇ ਹੀ ਹਾਂ, ਸਾਡੇ ਸਾਰਿਆਂ ਦੀਆਂ ਸਰੀਰਕ ਲੋੜਾਂ ਵੀ ਇੱਕ ਹੀ ਹਨ, ਸਾਰਿਆਂ ਦੇ ਦੁੱਖ ਸੱੁਖ ਵੀ ਇੱਕੋ ਜਿਹੇ ਹਨ, ਫਿਰ ਸਾਨੂੰ ਵੱਖੋ ਵੱਖਰੇ ਧਰਮ ਦੇ ਠੱਪਿਆਂ ਦੀ ਕੀ ਲੋੜ ਹੈ। ਪਰ ਪਤਾ ਨਹੀਂ ਅਸੀਂ ਬੰਦੇ (ਮਨੁੱਖ) ਹੋਣ ਤੇ ਸੰਤੁਸਟ ਕਿਉਂ ਨਹੀਂ ਹਾਂ, ਅਸੀਂ ਬੰਦੇ ਤੋਂ ਵੱਖਰਾ ਹੋਰ ਕੁੱਝ ਕਿਉਂ ਬਣਨਾ ਚਾਹੁੰਦੇ ਹਾਂ ਜਿਵੇਂ ਕਿ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ, ਅਸਲ ਵਿੱਚ ਕਿਸੇ ਵੀ ਧਰਮ ਦਾ ਆਸਰਾ ਲੈਣਾ ਜਿੱਥੇ ਆਮ ਮਨੁੱਖ ਦੀ ਮਾਨਸਿਕ ਕਮਜੋਰੀ ਹੈ, ਉੱਥੇ ਧਾਰਮਿਕ ਆਗੂਆਂ ਦਾ ਧਰਮ ਅਪਣਾ ਧੰਦਾ ਹੈ, ਧਰਮ ਦੇ ਪਰਦੇ ਹੇਠ ਬਹੁਤ ਗੁਨਾਹ ਛੁੱਪ ਜਾਂਦੇ ਹਨ, ਧਰਮ ਦੇ ਨਾਮ ਤੇ ਕੀਤੇ ਕਤਲ ਵੀ ਧਾਰਮਿਕ ਕਾਰਜ (ਸੇਵਾ) ਹੋ ਜਾਂਦੇ ਹਨ। ਕੀ ਕਿਸੇ ਬੰਦੇ ਦੇ ਹਿੰਦੂ ਮੁਸਲਿਮ ਸਿੱਖ ਜਾਂ ਇਸਾਈ ਬਣਨ ਨਾਲ ਉਸ ਦੀ ਕੋਈ ਬਿਮਾਰੀ ਠੀਕ ਹੋ ਜਾਂਦੀ ਹੈ ? ਜਾਂ ਉਹ ਕੁੱਝ ਖਾਣ ਪੀਣ ਤੋਂ ਵਗੈਰ ਜਿਉਂਦਾ ਰਹਿ ਸਕਦਾ ਹੈ ? ਜਾਂ ਕੋਈ ਐਸੀ ਦਵਾਈ ਹੋਵੇ ਜੋ ਵੱਖ ਵੱਖ ਧਰਮ ਵਾਲਿਆਂ ਤੇ ਵੱਖਰਾ ਵੱਖਰਾ ਅਸਰ ਕਰਦੀ ਹੋਵੇ, ਜਾਂ ਕਿਸੇ ਧਰਮ ਵਾਲੇ ਨੂੰ ਪਾਣੀ ਡੋਬਦਾ ਨਾ ਹੋਵੇ ਜਾਂ ਕਿਸੇ ਨੂੰ ਅੱਗ ਸਾੜਦੀ ਨਾ ਹੋਵੇ, ਜਾਂ ਕੋਈ ਆਕਸੀਜਨ ਤੋਂ ਵਗੈਰ ਵੀ ਸਾਂਹ ਲੈ ਸਕਦਾ ਹੋਵੇ, ਫਿਰ ਜਦੋਂ ਸਾਡੇ ਸਾਰਿਆਂ ਦੇ ਸਰੀਰਾਂ ਦੀ ਲੋੜ ਇੱਕੋ ਜਿਹੀ ਹੈ ਫਿਰ ਸਾਨੂੰ ਵੱਖੋ ਵੱਖਰੇ ਧਰਮਾਂ ਦੀ ਕੀ ਲੋੜ ਹੈ, ਨਾਲੇ ਸਾਰੇ ਧਰਮ ਇਹ ਵੀ ਕਹਿੰਦੇ ਹਨ ਕਿ ਬੰਦੇ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਕਿਸੇ ਵੀ ਧਰਮੀ ਨੂੰ ਉਹ ਸਾਰੇ ਚੰਗੇ ਕੰਮ ਕਰਨੇ ਜਰੂਰੀ ਹਨ ਜੋ ਹਰ ਇੱਕ ਬੰਦੇ ਲਈ ਜਰੂਰੀ ਹਨ, ਜੇ ਉਹ ਧਰਮੀ ਬਣ ਕੇ ਚੰਗੇ ਕਰਮ ਨਹੀਂ ਕਰਦਾ ਫਿਰ ਉਹ ਧਰਮੀ ਵੀ ਨਹੀਂ ਬਣ ਸਕਦਾ, ਜਾਂ ਕਹਿ ਲਓ ਕਿ ਧਰਮ ਵੀ ਉਸ ਨੂੰ ਪਾਰ ਨਹੀਂ ਲੰਘਾ ਸਕਦਾ, ਜਦੋਂ ਚੰਗੇ ਕਰਮਾਂ (ਕੰਮਾਂ) ਨਾਲ ਹੀ ਧਰਮੀ ਬਣਿਆ ਜਾ ਸਕਦਾ ਹੈ ਜਾਂ ਚੰਗੇ ਕੰਮਾਂ ਨੇ ਹੀ ਪਾਰ ਲੰਘਾਉਣਾ ਹੈ, ਕਿਉਂਕਿ ਮਾੜੇ ਕੰਮ ਕਰਨ ਵਾਲੇ ਨੂੰ ਤਾਂ ਕੋਈ ਵੀ ਧਰਮ ਪਾਰ ਨਹੀਂ ਲੰਘਾ ਸਕਦਾ, ਜਦੋਂ ਚੰਗੇ ਕੰਮਾਂ ਨੇ ਹੀ ਚੰਗਾ ਬਣਾਉਣਾ ਹੈ ਫਿਰ ਕਿਉਂ ਨਾ ਬੰਦਾ ਬਣਕੇ ਹੀ ਚੰਗੇ ਕੰਮ ਕੀਤੇ ਜਾਣ, ਕਿਸੇ ਧਰਮ ਦਾ ਠੱਪਾ ਲਵਾਉਣ ਦੀ ਕੀ ਲੋੜ ਹੈ, ਬੰਦੇ ਹੋਂ ਬੰਦੇ ਬਣ ਕੇ ਰਹੋ।
ਤਾਰੀਖ 15-06-2025