ਵਾਸ਼ਿੰਗਟਨ, 22 ਜੂਨ – ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਖ਼ਿਲਾਫ਼ ਵਿੱਢੀ ਲੜਾਈ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ B6 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ‘ਪੂਰੀ ਤਰ੍ਹਾਂ ਨਾਲ ਤਬਾਹ’ ਕਰ ਦਿੱਤਾ ਹੈ। ਅਮਰੀਕੀ ਸਦਰ ਨੇ ਤਹਿਰਾਨ ਨੂੰ ਜਵਾਬੀ ਕਾਰਵਾਈ ਖਿਲਾਫ਼ ਚੇਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਨੂੰ ‘ਸ਼ਾਂਤੀ ਜਾਂ ਦੁਖਾਂਤ’ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।
ਉਧਰ ਇਰਾਨ ਦੀ ਪ੍ਰਮਾਣੂ ਏਜੰਸੀ ਨੇ ਅਮਰੀਕਾ ਵੱਲੋਂ ਉਸ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਇਸਫਹਾਨ ਤੇ ਨਾਤਨਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਤਹਿਰਾਨ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਉਸ ਦਾ ਕੰਮ ਨਹੀਂ ਰੁਕੇਗਾ। ਇਰਾਨ ਨੇ ਕਿਹਾ ਕਿ ਇਸਫਹਾਨ, ਫੋਰਡੋ, ਨਤਾਨਜ਼ ਅਤੇ ਹੋਰ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ‘ਰੇਡੀਏਸ਼ਨ ਦੇ ਰਿਸਾਅ ਦੇ ਕੋਈ ਸੰਕੇਤ’ ਨਹੀਂ ਹਨ। ਅਮਰੀਕੀ ਹਮਲੇ ਮਗਰੋਂ ਇਜ਼ਰਾਈਲ ਨੇ ਇਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਟਰੰਪ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਨਤਾਨਜ਼ ਅਤੇ ਇਸਫਾਹਨ ’ਤੇ ਕੀਤੇ ਹਮਲੇ ਵਿਚ ਸਫ਼ਲ ਰਹੇ ਹਾਂ। ਸਾਰੇ ਅਮਰੀਕੀ ਜਹਾਜ਼ ਹੁਣ ਇਰਾਨ ਦੇ ਹਵਾਈ ਖੇਤਰ ’ਚੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫੋਰਡੋ ’ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣੇ ’ਤੇ ਵਾਪਸ ਜਾ ਰਹੇ ਹਨ”।
ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਹਮਲਾ ਕਰਨ ਦੇ ਫੈਸਲੇ ਲਈ ਅਮਰੀਦੀ ਸਦਰ ਦੀ ਤਾਰੀਫ਼ ਕੀਤੀ ਹੈ। ਨੇਤਨਯਾਹੂ ਨੇ ਕਿਹਾ, ‘‘ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਤੁਹਾਡਾ ਦਲੇਰਾਨਾ ਫੈਸਲਾ ਇਤਿਹਾਸ ਬਦਲ ਦੇਵੇਗਾ”। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ‘ਉਹ ਕੀਤਾ ਹੈ ਜੋ ਧਰਤੀ ’ਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਸੀ”।
ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਬੁੱਧਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਲਾਮਿਕ ਗਣਰਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੇ ਨਤੀਜੇ ਵਜੋਂ ‘ਉਸ ਨੂੰ ਕਦੇ ਵੀ ਪੂਰਾ ਨਾ ਹੋਣ ਨੁਕਸਾਨ ਝੱਲਣਾ ਹੋਵੇਗਾ।’ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਐਲਾਨ ਕੀਤਾ ਕਿ ‘ਅਮਰੀਕਾ ਦੀ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਖੇਤਰ ਵਿੱਚ ਮੁਕੰਮਲ ਜੰਗ ਦਾ ਸੱਦਾ ਹੋਵੇਗੀ’।
ਸੰਯੁਕਤ ਰਾਸ਼ਟਰ ਵੱਲੋਂ ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਿਖੇਧੀ
ਅਮਰੀਕਾ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਵਾਈ ਹਮਲਿਆਂ ਮਗਰੋਂ ਕੌਮਾਂਤਰੀ ਪੱਧਰ ’ਤੇ ਤਣਾਅ ਵਧ ਗਿਆ ਹੈ। ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੱਡਾ ਫ਼ਿਕਰ ਜਤਾਉਂਦਿਆਂ ਇਸ ਨੂੰ ‘ਸੰਭਾਵੀ ਤਬਾਹਕੁਨ ਨਤੀਜਿਆਂ’ ਵਾਲੀ ਪੇਸ਼ਕਦਮੀ ਦੱਸਿਆ ਹੈ। ਗੁਟੇਰੇਜ਼ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ, ‘‘ਇਸ ਗੱਲ ਦਾ ਵੱਡਾ ਜੋਖ਼ਮ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸ ਦੇ ਨਾਗਰਿਕਾਂ, ਖਿੱਤੇ ਤੇ ਕੁੱਲ ਆਲਮ ਲਈ ਤਬਾਹਕੁਨ ਨਤੀਜੇ ਹੋ ਸਕਦੇ ਹਨ।’’ ਗੁਟੇਰੇਜ਼ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਕ ਹੱਲ ਵੱਲ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇਸ ਨਾਜ਼ੁਕ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਫੜਾ-ਦਫੜੀ ਦੇ ਚੱਕਰ ਤੋਂ ਬਚੀਏ’।
Home Page ਇਜ਼ਰਾਈਲ-ਇਰਾਨ ਜੰਗ: ਅਮਰੀਕਾ ਵੱਲੋਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ







