ਭਾਰਤੀ ਮੂਲ ਦੀ ਕੀਵੀ ਪੰਜਾਬੀ ਕੁਸ਼ਤੀ ਖਿਡਾਰਨ ਏਕਮ ਕੌਰ ਨੇ 2026 ਦੀਆਂ ਓਸ਼ੇਨੀਆ ਰੈਸਲਿੰਗ ਚੈਂਪੀਅਨਸ਼ਿਪ ‘ਚ ਨਿਊਜ਼ੀਲੈਂਡ ਲਈ ਸੋਨੇ ਦਾ ਤਮਗ਼ਾ ਜਿੱਤ ਕੇ ਇਤਿਹਾਸ ਸਿਰਜਿਆ

ਆਕਲੈਂਡ, 25 ਮਾਰਚ 2026 – ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਕੀਵੀ ਪੰਜਾਬੀ ਕੁਸ਼ਤੀ ਖਿਡਾਰਨ ਏਕਮ ਕੌਰ ਨੇ 2026 ਦੀਆਂ ਓਸ਼ੇਨੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਸੋਨੇ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ 2026 ਦੀ ਓਸ਼ੇਨੀਆ ਰੈਸਲਿੰਗ ਚੈਂਪੀਅਨਸ਼ਿਪ 20 ਤੋਂ 22 ਮਾਰਚ ਤੱਕ ਸਮੋਆ ਦੇ ਅਪੀਆ ਸ਼ਹਿਰ ਦੇ ਫਲੇਟਾ ਸਪੋਰਟਸ ਕੰਪਲੈਕਸ ਵਿੱਚ ਹੋਈਆਂ, ਜਿਸ ਦੇ ਅੰਡਰ-17 ਉਮਰ ਵਰਗ ਦੇ 65 ਕਿੱਲੋ ਭਾਰ ਵਰਗ ‘ਚ ਕੀਵੀ ਪੰਜਾਬੀ ਰੈਸਲਰ ਏਕਮ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਕੀਵੀ ਖਿਡਾਰਨ ਏਕਮ ਕੌਰ ਓਸ਼ੇਨੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਕੀਵੀ-ਇੰਡਿਅਨ ਬਣ ਗਈ ਹੈ, ਜੋ ਕਿ ਸਮੂਹ ਭਾਰਤੀ ਤੇ ਪੰਜਾਬੀ ਕਮਿਊਨਿਟੀ ਲਈ ਮਾਣ ਵਾਲੀ ਗੱਲ ਹੈ। ਇਸ ਚੈਂਪੀਅਨਸ਼ਿਪ ਦੇ ਅੰਡਰ-17 ਉਮਰ ਵਰਗ ਦੇ 65 ਕਿੱਲੋ ਭਾਰ ਵਰਗ ਵਿੱਚ ਕੁੱਲ 14 ਦੇਸ਼ਾਂ ਦੀਆਂ ਰੈਸਲਰ ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚ ਏਕਮ ਕੌਰ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਮੁਕਾਬਲੇ ਜਿੱਤ ਕੇ ਸੋਨੇ ਦਾ ਤਮਗ਼ਾ ਆਪਣੇ ਨਾਮ ਕੀਤਾ।
ਕੀਵੀ ਪੰਜਾਬਣ ਖਿਡਾਰਨ ਏਕਮ ਕੌਰ ਪਿਛਲੇ 7 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਕੁਸ਼ਤੀ ਦੇ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਹੈ ਅਤੇ ਉਸ ਨੇ ਨੈਸ਼ਨਲ ਲੈਵਲ ਦੇ ਕਈ ਤਗਮੇ ਜਿੱਤੇ ਪਰ ਇਹ ਏਕਮ ਦਾ ਪਹਿਲਾ ਇੰਟਰਨੈਸ਼ਨਲ ਮੁਕਾਬਲਾ ਸੀ, ਜਿਸ ਵਿੱਚ ਰੈਸਲਰ ਏਕਮ ਕੌਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਨਿਊਜ਼ੀਲੈਂਡ ਲਈ ਸੋਨ ਤਮਗ਼ਾ ਜਿੱਤਿਆ।
ਖ਼ਾਸ ਗੱਲ ਇਹ ਵੀ ਹੈ ਕਿ ਏਕਮ ਕੌਰ ਪਿਛਲੇ 2 ਮਹੀਨਿਆਂ ਤੋਂ ਭਾਰਤ ਦੇ ਹਰਿਆਣਾ ਸਟੇਟ ਦੇ ਸ਼ਹਿਰ ਸੋਨੀਪਤ ਵਿੱਚ ਸਥਿਤ ਯੁੱਧਵੀਰ ਰੈਸਲਿੰਗ ਸੈਂਟਰ ਵਿੱਚ ਪ੍ਰੈਕਟਿਸ ਕਰ ਰਹੀ ਹੈ, ਜਿੱਥੇ ਉਹ ਆਪਣੇ ਕੋਚਾਂ ਦੀ ਦੇਖ-ਰੇਖ ਹੇਠ ਭਵਿੱਖ ‘ਚ ਆਉਣ ਵਾਲੇ ਰੈਸਲਿੰਗ ਮੁਕਾਬਲਿਆਂ ਲਈ ਤਿਆਰੀ ਕਰ ਰਹੀ ਹੈ।
ਖਿਡਾਰਨ ਏਕਮ ਕੌਰ ਦਾ ਅਗਲਾ ਟੀਚਾ ਅਗਲੇ ਸਾਲ (2027) ਹੋਣ ਵਾਲੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਅਤੇ ਨਿਊਜ਼ੀਲੈਂਡ ਲਈ ਤਮਗ਼ਾ ਹਾਸਿਲ ਕਰਨ ਦੀ ਇੱਛਾ ਹੈ।
ਕੀਵੀ ਖਿਡਾਰਨ ਏਕਮ ਕੌਰ ਦੀ ਇਸ ਉਪਲਬਧੀ ਨਾਲ ਉਸ ਦੇ ਪਰਿਵਾਰ, ਕੋਚਾਂ ਅਤੇ ਸਮੂਹ ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੇ ਨਾਲ ਆਸ ਜਾਗੀ ਹੈ ਕਿ ਰੈਸਲਰ ਏਕਮ ਕੌਰ ਭਵਿੱਖ ‘ਚ ਜ਼ਰੂਰ ਕੋਈ ਨਾ ਕੋਈ ਮੁਕਾਮ ਹਾਸਿਲ ਕਰੇਗੀ। ਕੀਵੀ ਖਿਡਾਰਨ ਏਕਮ ਕੌਰ ਦੇ ਸਫਲਤਾ ਪਿੱਛੇ ਉਨ੍ਹਾਂ ਦੇ ਪਿਤਾ ਗੁਰਧਿਆਨ ਸਿੰਘ ਜੀ ਦੀ ਵੀ ਮਿਹਨਤ ਅਤੇ ਲਗਨ ਹੈ ਜੋ ਕਿ ਆਪ ਵੀ ਪੰਜਾਬ ਦੇ ਇੱਕ ਚੰਗੇ ਪੱਧਰ ਦੇ ਕੁਸ਼ਤੀ ਖਿਡਾਰੀ ਰਹੇ ਹਨ।
ਕੀਵੀ ਖਿਡਾਰਨ ਏਕਮ ਕੌਰ ਦੇ ਓਸ਼ੇਨੀਆ ਰੈਸਲਿੰਗ ਚੈਂਪੀਅਨਸ਼ਿਪ 2026 ਵਿੱਚ ਸੋਨ ਤਮਗ਼ਾ ਜਿੱਤਣ ਲਈ ‘ਕੂਕ ਪੰਜਾਬੀ ਸਮਾਚਾਰ’ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਭਵਿੱਖੀ ਸ਼ੁੱਭਕਾਮਨਾਵਾਂ ਹਨ।