ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਵੱਲੋਂ ਪਹਾੜ ਚੜ੍ਹ ਕੇ ਇਤਿਹਾਸ ਸਿਰਜਣ ਵਾਲੀ ਦੋ ਸ਼ਖ਼ਸੀਅਤਾਂ ਸੁਖੀ ਬਲ (ਆਸਟਰੇਲੀਆ) ਅਤੇ ਸ. ਮਲਕੀਤ ਸਿੰਘ (ਨਿਊਜ਼ੀਲੈਂਡ) ਦਾ ਸਨਮਾਨ

ਆਕਲੈਂਡ, 23 ਜੁਲਾਈ – ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਵੱਲੋਂ ਇੰਡੀਅਨ ਐਕਸੈਂਟ, ਬੋਟਨੀ ਜੰਕਸ਼ਨ ਵਿਖੇ 21 ਜੁਲਾਈ ਨੂੰ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਦੀਆਂ ਦੋ ਅਜਿਹੀਆਂ ਵਿਲੱਖਣ ਸ਼ਖ਼ਸੀਅਤਾਂ ਆਸਟਰੇਲੀਆ ਰਹਿੰਦੀ ਸੁਖੀ ਬਲ ਅਤੇ ਨਿਊਜ਼ੀਲੈਂਡ ਰਹਿੰਦੇ ਸ. ਮਲਕੀਤ ਸਿੰਘ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਨੇ ਆਪਣੇ ਇਤਿਹਾਸਕ ਕਾਰਨਾਮਿਆਂ ਨਾਲ ਨਿਊਜ਼ੀਲੈਂਡ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਦੁਨੀਆ ਭਰ ਵਿੱਚ ਵਧਾਇਆ ਹੈ।
ਸਮਾਗਮ ਦੌਰਾਨ ਆਸਟਰੇਲੀਆ ਤੋਂ ਆਈ ਸੁਖੀ ਬਲ ਦਾ ਸਨਮਾਨ ਕੀਤਾ ਗਿਆ, ਜਿਸ ਨੇ ਸਮੁੰਦਰੀ ਤਲ ਤੋਂ 6,812 ਮੀਟਰ (22,349 ਫੁੱਟ) ਉੱਚੇ ਮਾਊਂਟ ਆਮਾ ਡਬਲਮ ਉੱਤੇ ਚੜ੍ਹਾਈ ਕਰਕੇ ਫ਼ਤਿਹ ਕੀਤਾ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਪੰਜਾਬੀ ਮਹਿਲਾ ਹੋਣ ਦਾ ਮਾਣ ਹਾਸਿਲ ਕਰਨ ਵਾਲੀ ਬਣੀ ਹੈ। ਇਸ ਇਤਿਹਾਸਕ ਕਾਰਨਾਮੇ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮਾਊਂਟ ਆਮਾ ਡਬਲਮ ਹਿਮਾਲਿਆ ਦੀਆਂ ਸਭ ਤੋਂ ਮੁਸ਼ਕਲ ਅਤੇ ਤਕਨੀਕੀ ਚੋਟੀਆਂ ਵਿੱਚੋਂ ਇੱਕ ਨੂੰ ਸਰ ਕਰਕੇ ਉਨ੍ਹਾਂ ਨੇ ਹੌਸਲੇ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਨੌਜਵਾਨ ਮੁਟਿਆਰਾਂ ਤੇ ਗੱਭਰੂਆਂ ਲਈ ਮਿਸਾਲ ਬਣੀ ਹੈ।
ਇਸ ਮੌਕੇ ਨਿਊਜ਼ੀਲੈਂਡ ਰਹਿੰਦੇ ਸ. ਮਲਕੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜੋ ਸਮੁੰਦਰੀ ਤਲ ਤੋਂ 8,848.86 ਮੀਟਰ (29,031.7 ਫੁੱਟ) ਉੱਚੇ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ਵਾਲੇ ਨਿਊਜ਼ੀਲੈਂਡ ਸਿੱਖ ਭਾਈਚਾਰੇ ਦੇ ਪਹਿਲੇ ਮੈਂਬਰ ਹਨ। ਉਨ੍ਹਾਂ ਨੇ ਐਵਰੈਸਟ ਦੀ ਚੋਟੀ ‘ਤੇ ਨਿਊਜ਼ੀਲੈਂਡ ਦਾ ਕੌਮੀ ਝੰਡਾ ਅਤੇ ਸਿੱਖ ਨਿਸ਼ਾਨ ਸਾਹਿਬ ਲਹਿਰਾ ਕੇ ਇਤਿਹਾਸ ਰਚਿਆ, ਜੋ ਸਿੱਖ ਕੌਮ ਦੀ ਸ਼ਾਨ, ਵਿਸ਼ਵਾਸ ਅਤੇ ਹਿੰਮਤ ਦਾ ਪ੍ਰਤੀਕ ਹੈ।
ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਵੱਲੋਂ ਦੋਵੇਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਯਾਦਗਾਰੀ ਟਰਾਫ਼ੀਆਂ ਭੇਂਟ ਕਰਕੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਸਲਾਮ ਕੀਤਾ ਗਿਆ। ਐਸੋਸੀਏਸ਼ਨ ਨੇ ਕਿਹਾ ਕਿ ਇਹ ਉਪਲਬਧੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹਨ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।
ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ ਪ੍ਰਮੁੱਖ ਮਹਿਮਾਨਾਂ, ਸਮਾਜ ਸੇਵਕਾਂ, ਕਮਿਊਨਿਟੀ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ‘ਇਹ ਸਿਰਫ਼ ਨਿੱਜੀ ਪ੍ਰਾਪਤੀਆਂ ਨਹੀਂ ਹਨ, ਸਗੋਂ ਹਰ ਪੰਜਾਬੀ ਅਤੇ ਹਰ ਨਿਊਜ਼ੀਲੈਂਡ ਤੇ ਆਸਟਰੇਲੀਆ ਵਾਸੀ ਲਈ ਮਾਣ ਵਾਲੇ ਪਲ ਹਨ। ਉਨ੍ਹਾਂ ਕਿਹਾ ਕਿ ਸੁਖੀ ਬਲ ਅਤੇ ਮਲਕੀਤ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਹੌਸਲੇ, ਲਗਨ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ’।
ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਸੰਸਥਾਪਕ ਗੁਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਦੀ ਸਥਾਪਨਾ ਦਾ ਉਦੇਸ਼ ਪੰਜਾਬ ਦੇ ਤਿੰਨਾਂ ਖ਼ਿੱਤਿਆਂ ਮਾਝਾ, ਮਾਲਵਾ ਅਤੇ ਦੁਆਬਾ ਦੇ ਲੋਕਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਾ, ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣਾ, ਆਪਸੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਮਾਜ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਹੈ।
ਇਹ ਸਮਾਗਮ ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਦੀ ਅਗਵਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਦੇ ਅਹੁਦੇਦਾਰਾਂ ਵਿੱਚ ਗੁਰਪਾਲ ਸਿੰਘ ਸਿੱਧੂ (ਸੰਸਥਾਪਕ), ਮਨਪ੍ਰੀਤ ਸਿੰਘ ਬਰਾੜ (ਪ੍ਰਧਾਨ), ਹਰਦੀਪ ਸਿੰਘ “ਹਾਰਡੀ” (ਸੀਨੀਅਰ ਉਪ ਪ੍ਰਧਾਨ), ਗੁਰਪ੍ਰੀਤ ਸਿੰਘ ਬੈਂਸ ਕਰਫ਼ੀ (ਜਨਰਲ ਸਕੱਤਰ), ਗੁਰਸ਼ਰਨ ਸਿੰਘ ਬਰਾੜ (ਖ਼ਜ਼ਾਨਚੀ), ਹਰਮਨ ਰੰਧਾਵਾ (ਮਾਝਾ ਪ੍ਰਧਾਨ), ਦਿਲਬਾਗ ਖੋਸਾ (ਮਾਲਵਾ ਪ੍ਰਧਾਨ), ਲਾਲੀ ਸੰਧੂ (ਦੁਆਬਾ ਪ੍ਰਧਾਨ), ਮਨਦੀਪ ਸਿੰਘ (ਕੋਰ ਕਮੇਟੀ ਮੈਂਬਰ) ਅਤੇ ਅੰਮ੍ਰਿਤ ਸਿੰਘ (ਮੀਡੀਆ ਕੋਆਰਡੀਨੇਟਰ) ਹਨ।
ਇਸ ਸਮਾਗਮ ਨੇ ਸਾਬਤ ਕੀਤਾ ਕਿ ਗ੍ਰੇਟ ਪੰਜਾਬ ਐਸੋਸੀਏਸ਼ਨ ਨਿਊਜ਼ੀਲੈਂਡ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ‘ਤੇ ਲਿਆਉਣ, ਪੰਜਾਬੀ ਵਿਰਾਸਤ ਨੂੰ ਸੰਭਾਲਣ, ਸਮਾਜ ਸੇਵਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰ ‘ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ। ਐਸੋਸੀਏਸ਼ਨ ਭਵਿੱਖ ਵਿੱਚ ਵੀ ਪੰਜਾਬੀ ਭਾਈਚਾਰੇ ਦੀ ਏਕਤਾ, ਸਭਿਆਚਾਰਕ ਮਾਣ ਅਤੇ ਸਮਾਜਿਕ ਸੇਵਾ ਲਈ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ।