‘RRR’ (ਆਰਆਰਆਰ) ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, Best Original Song ਸ਼੍ਰੇਣੀ ‘ਚ ਜਿੱਤਿਆ ਐਵਾਰਡ

ਲਾਸ ਏਂਜਲਸ (ਅਮਰੀਕਾ), 13 ਮਾਰਚ – ਭਾਰਤੀ ਫਿਲਮ ‘ਆਰਆਰਆਰ’ ਦੇ ਤੇਲਗੂ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ਵਿੱਚ ਸਰਵੋਤਮ ਮੂਲ ਗੀਤ (Best Original Song) ਦੀ ਸ਼੍ਰੇਣੀ ਵਿੱਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਏ. ਆਰ. ਰਹਿਮਾਨ ਨੇ ਸਾਲ 2008 ਵਿੱਚ ਫਿਲਮ ‘ਸਲਮਡੌਗ ਮਿਲੀਅਨੇਅਰ’ ਦੇ ਗੀਤ ‘ਜੈ ਹੋ’ ਲਈ ਸਰਵੋਤਮ ਮੂਲ ਗੀਤ ਦਾ ਆਸਕਰ ਜਿੱਤਿਆ ਸੀ। ਭਾਰਤ ਨੂੰ ਇਹ ਪੁਰਸਕਾਰ 15 ਸਾਲਾਂ ਬਾਅਦ ਮਿਲਿਆ ਹੈ। ਇਸ ਸਾਲ ਭਾਰਤ ਨੂੰ ਕੁੱਲ 2 ਆਸਕਰ ਐਵਾਰਡ ਮਿਲੇ ਹਨ।
ਡਾਇਰੈਕਟਰ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦਾ ਇਹ ਗੀਤ ‘ਨਾਟੂ ਨਾਟੂ’ ਐੱਮਐੱਮ ਕੀਰਾਵਾਨੀ ਨੇ ਤਿਆਰ ਕੀਤਾ ਹੈ ਅਤੇ ਬੋਲ ਚੰਦਰਬੋਸ ਦੁਆਰਾ ਲਿਖੇ ਗਏ ਹਨ। ਇਸ ਨੂੰ ਕਾਲ ਭੈਰਵ ਅਤੇ ਰਾਹੁਲ ਸਿਪਲੀਗੁੰਜ ਨੇ ਗਾਇਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ‘ਤੇ ਇਹ ਫ਼ਿਲਮਾਇਆ ਗਿਆ ਹੈ।
ਦੱਸ ਦੇਈਏ ਕਿ ‘ਨਾਟੂ-ਨਾਟੂ’ ਆਸਕਰ ‘ਚ ਜਾਣ ਵਾਲਾ ਪਹਿਲਾ ਅਜਿਹਾ ਗੀਤ ਹੈ ਜੋ ਕਿਸੇ ਹਿੰਦੀ ਫਿਲਮ ਦਾ ਹੈ। ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਰਨ ‘ਤੇ ਪਿਕਚਰ ਕੀਤਾ ਗਿਆ ਸੀ, ਜਿਸ ਦਾ ਹੁੱਕ ਸਟੈੱਪ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਦੁਆਰਾ ਬਣਾਇਆ ਗਿਆ ਸੀ। ਇਸ ਗੀਤ ਨੂੰ ਪਹਿਲਾਂ ਹੀ ‘ਗੋਲਡਨ ਗਲੋਬ’ ਐਵਾਰਡ ਮਿਲ ਚੁੱਕਾ ਹੈ। ਇਹ ‘ਗੋਲਡਨ ਗਲੋਬ’ ਐਵਾਰਡ ਜਿੱਤਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਆਈ ਗੀਤ ਵੀ ਹੈ। ਇਸ ਗੀਤ ਨੂੰ ਬਣਾਉਣ ਅਤੇ ਬਣਨ ਦੀ ਕਹਾਣੀ ਬਹੁਤ ਦਿਲਚਸਪ ਹੈ। ਫਿਲਮ ਦਾ ਗੀਤ ‘ਨਾਟੂ ਨਾਟੂ’ ਦੋਸਤੀ ‘ਤੇ ਆਧਾਰਿਤ ਹੈ। ਇਸ ਗੀਤ ਨੂੰ ਬਣਾਉਣ ‘ਚ 19 ਮਹੀਨੇ ਲੱਗੇ ਹਨ। ਦੱਸਿਆ ਜਾਂਦਾ ਹੈ ਕਿ ਸੰਗੀਤਕਾਰ ਐੱਮਐੱਮ ਕੀਰਵਾਨੀ ਨੇ ਫਿਲਮ ਲਈ 20 ਗੀਤ ਲਿਖੇ ਸਨ, ਪਰ ਉਨ੍ਹਾਂ 20 ਵਿੱਚੋਂ ‘ਨਾਟੂ-ਨਾਟੂ’ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਫਿਲਮ ਮੇਕਿੰਗ ਨਾਲ ਜੁੜੇ ਲੋਕਾਂ ਦੀ ਵੋਟਿੰਗ ਦੇ ਆਧਾਰ ‘ਤੇ ਇਹ ਫ਼ੈਸਲਾ ਕੀਤਾ ਗਿਆ ਸੀ। ਗੀਤ ਦਾ 90% ਹਿੱਸਾ ਸਿਰਫ਼ ਅੱਧੇ ਦਿਨ ਵਿੱਚ ਪੂਰਾ ਹੋ ਗਿਆ ਸੀ, ਹਾਲਾਂਕਿ ਬਾਕੀ 10% ਨੂੰ ਪੂਰਾ ਕਰਨ ਵਿੱਚ 19 ਮਹੀਨੇ ਲੱਗ ਗਏ। ਕੋਰੀਓਗ੍ਰਾਫ਼ਰ ਨੇ ਗੀਤ ਦੇ ਹੁੱਕ ਸਟੈੱਪ ਨੂੰ ਬਣਾਉਣ ਲਈ 110 ਮੂਵ ਬਣਾਏ ਸਨ।