ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਸੈਕਰਾਮੈਂਟੋ, 16 ਨਵੰਬਰ – ਅਮਰੀਕੀ ਸਿਆਸਤ ਵਿੱਚ ਸਰਗਰਮ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ, ਵਾਈਸ ਮੇਅਰ ਸਟੀਵਨ ਡੈਟਰਿਕ ਅਤੇ ਕੌਂਸਲ ਮੈਂਬਰਾਂ ਡੈਰੇਨ ਸਿਊਨ, ਪੈਟ ਹਿਊਮ ਅਤੇ ਸਟੈਫਨੀ ਨਿਊਨ ਵੱਲੋਂ ਕੀਤੀ ਗਈ ਹੈ। ਸਮੂਹ ਕੌਂਸਲ ਨੇ ਸ. ਰੰਧਾਵਾ ਨੂੰ ਸਰਵਸੰਮਤੀ ਨਾਲ ਵੋਟਿੰਗ ਕਰਕੇ ਇਸ ਅਹੁਦੇ ਲਈ ਚੁਣਿਆ ਹੈ। ਇਹ ਕਮੇਟੀ ਐਲਕ ਗਰੋਵ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਲਈ ਉਪਰਾਲੇ ਕਰਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਜਤਿੰਦਰ ਸਿੰਘ ਰੰਧਾਵਾ ਮਲਟੀਕਲਚਰ ਕਮੇਟੀ ਦੇ ਕਮਿਸ਼ਨਰ ਅਤੇ ਡੈਮੋਕਰੇਟ ਪਾਰਟੀ ਦੇ ਨੈਸ਼ਨਲ ਡੈਲੀਗੇਟ ਦੀਆਂ ਚੋਣਾਂ ਵੀ ਜਿੱਤ ਚੁੱਕੇ ਹਨ।
ਸ. ਰੰਧਾਵਾ ਨੇ ਆਪਣੀ ਇਸ ਨਿਯੁਕਤੀ ‘ਤੇ ਸਮੂਹ ਕੌਂਸਲ ਮੈਂਬਰਾਂ ਅਤੇ ਮੇਅਰ ਸਟੀਵ ਲੀ ਦਾ ਧੰਨਵਾਦ ਕੀਤਾ ਹੈ ਅਤੇ ਯਕੀਨ ਦਿਵਾਇਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।