1 ਮਈ ਤੋਂ ਪੰਜਾਬ ਵਿੱਚ ਝੋਨੇ ਦੀ ਪਨੀਰੀ ਬੀਜਣ ਦੀ ਆਗਿਆ

ਪਟਿਆਲਾ – ਪੰਜਾਬ ਸਰਕਾਰ ਨੇ ਕਿਸਾਨਾਂ ਦੇ ਪੱਖ ਵਿੱਚ ਖਾਸ ਫੈਸਲਾ ਲੈਂਦੇ ਹੋਏ ਸੂਬੇ ਅੰਦਰ ਝੋਨੇ ਦੀ ਪਨੀਰੀ ਬੀਜਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਪਰ ਬਿਜਾਈ ਪਹਿਲੇ ਵਾਲਾ ਸਮਾਂ ਹੀ ਰਹੇਗਾ। ਇਹ ਤਬਦੀਲੀ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਤੇ ਕਈ ਖੇਤਰਾਂ ਦੇ ਕਿਸਾਨਾਂ ਦੀ ਮੰਗ ‘ਤੇ ਕੀਤੀ ਗਈ ਹੈ। ਪੰਜਾਬ ‘ਚ ਸਰਕਾਰ ਨੇ ਹੁਣ ਤਾਜ਼ਾ ਜਾਰੀ ਕੀਤੀ ਅਧਿਸੂਚਨਾ ਮੁਤਾਬਿਕ ਝੋਨੇ ਦੀ ਪਨੀਰੀ 10 ਮਈ ਦੀ ਥਾਂ 1 ਮਈ ਤੋਂ ਹੀ ਬੀਜਣ ਦੀ ਇਜਾਜ਼ਤ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਪੰਜਾਬ ਦੇ ਵਿੱਤ ਕਮਿਸ਼ਨਰ ਵਿਕਾਸ ਵਲੋਂ ਜਾਰੀ ਕੀਤੀ ਅਧਿਸੂਚਨਾ ਮੁਤਾਬਿਕ ਸਰਕਾਰ ਨੇ ਭੂਮੀ ਹੇਠਲੇ ਪਾਣੀ ਐਕਟ 2009 ਤਹਿਤ ਇਹ ਨਵੇਂ ਬਦਲਵੇਂ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਕਾਸ਼ਤ ਸਬੰਧੀ ਸਖ਼ਤੀ ਵਰਤਦਿਆਂ ਪੰਜਾਬ ‘ਚ ਕਾਨੂੰਨ ਪਾਸ ਕਰ ਦਿੱਤਾ ਸੀ ਕਿ ਪੰਜਾਬ ‘ਚ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ ਅਤੇ ਪਨੀਰੀ ਵੀ 10 ਮਈ ਤੋਂ ਪਹਿਲਾਂ ਨਹੀਂ ਲਾਈ ਜਾਵੇਗੀ। ਸਰਕਾਰ ਦੀ ਤਾਜ਼ਾ ਅਧਿਸੂਚਨਾ ‘ਚ ਸਿਰਫ਼ ਪਨੀਰੀ ਬੀਜਣ ਦੀ ਤਾਰੀਖ਼ ਹੀ ਬਦਲੀ ਗਈ ਹੈ, ਪ੍ਰੰਤੂ ਝੋਨੇ ਦੀ ਬਿਜਾਈ 10 ਜੂਨ ਤੋਂ ਹੀ ਹੋਵੇਗੀ। ਭਾਵ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਿਸੇ ਵੀ ਕੀਮਤ ‘ਤੇ ਨਹੀਂ ਕਰਨ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਿਕ ਇਸ ਸਬੰਧ ‘ਚ ਜਿੱਥੇ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਸੀ ਕਿ ਪਨੀਰੀ ਲਈ ਸਮਾਂ ਵਧਾਇਆ ਜਾਵੇ, ਉੱਥੇ ਕਿਸਾਨਾਂ ਦੀ ਵੀ ਮੰਗ ਸੀ, ਕਿਉਂਕਿ ਸਰਕਾਰ ਵਲੋਂ ਨਿਰਧਾਰਿਤ ਕੀਤਾ ਸਮਾਂ ਪਨੀਰੀ ਲਈ ਪੂਰਾ ਨਹੀਂ ਸੀ। ਮਾਹਿਰਾਂ ਦੀ ਰਾਇ ਸੀ ਕਿ 30 ਦਿਨ ਦੀ ਪਨੀਰੀ ਵਾਲਾ ਬੂਟਾ ਕੱਦ ਵਿੱਚ ਛੋਟਾ ਰਹਿ ਜਾਂਦਾ ਹੈ, ਜਿਸ ਨੂੰ ਪੁੱਟ ਕੇ ਮੁੜ ਲਗਾਉਣ ਸਮੇਂ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ। ਪਨੀਰੀ ਲਈ 35 ਤੋਂ 40 ਦਿਨਾਂ ਦੀ ਜ਼ਰੂਰਤ ਹੈ। ਜੇਕਰ ਪਨੀਰੀ 10 ਮਈ ਤੋਂ ਬੀਜੀ ਜਾਵੇਗੀ ਤਾਂ 10 ਜੂਨ ਤੱਕ ਇਕ ਮਹੀਨਾ ਹੀ ਬਣਦਾ ਹੈ। ਸਰਕਾਰ ਨੇ ਇਸ ਦੀ ਤਬਦੀਲੀ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।