ਅਮਰੀਕਾ ‘ਚ ਨਿਊਯਾਰਕ ਦੇ ਰਿਚਮੰਡ ਹਿਲਜ ਵਿੱਚ ਦੋ ਸਿੱਖਾਂ ‘ਤੇ ਹੋਇਆ ਹਮਲਾ ‘ਤੇ ਸਿੱਖ ਭਾਈਚਾਰੇ ਨੇ ਕੀਤੀ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ

ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ) – ਨਿਊਯਾਰਕ ਦੇ ਰਿਚਮੰਡ ਹਿਲਜ ਵਿੱਚ ਦੋ ਸਿੱਖਾਂ ਉੱਤੇ ਉਸ ਸਮੇਂ ਹਮਲਾ ਹੋਇਆ ਜਿਸ ਸਮੇਂ ਉਹ ਸਵੇਰੇ ਸੈਰ ਕਰ ਰਹੇ ਸੀ। ਇਹ ਘਟਨਾ ਉਸ ਜਗਾ ਤੇ ਘਟੀ ਜਿਸ ਜਗਾ ਤੇ 10 ਦਿਨ ਪਹਿਲਾਂ ਇੱਕ 74 ਸਾਲਾ ਬਜ਼ੁਰਗ ‘ਤੇ ਹਮਲਾ ਹੋਇਆ ਸੀ ਜਿਸ ਕਰਕੇ ਸਿੱਖ ਭਾਈਚਾਰੇ ਵਿੱਚ ਨਿਰਾਸ਼ਾ ਤੇ ਗ਼ੁੱਸਾ ਹੈ। ਇਸ ਨੂੰ ਨਫ਼ਰਤ ਤਹਿਤ ਨਿਸ਼ਾਨਾ ਬਣਾਉਣ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਇਸ ਘਟਨਾ ਦੌਰਾਨ ਦੋ ਸਿੱਖਾਂ ਦੀਆਂ ਪਹਿਲਾਂ ਪਗੜੀਆਂ ਉਤਾਰੀਆਂ ਫਿਰ ਉਨ੍ਹਾਂ ਨਾਲ ਨਸਲੀ ਕੁੱਟਮਾਰ ਕੀਤੀ। ਇਸ ਘਟਨਾ ਨੂੰ ਅੰਜਾਮ ਦੇਣ ਚ ਦੋ ਬੰਦੇ ਦੱਸੇ ਗਏ ਹਨ ਪਰ ਪੁਲੀਸ ਮੁਤਾਬਿਕ ਉਨ੍ਹਾਂ ਚੋਂ ਇੱਕ ਫੜਿਆ ਗਿਆ ਹੈ।
ਇਸ ਮਾਮਲੇ ਦੀ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਹੈ ਅਤੇ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲੀਸ ਨੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਦੂਸਰੇ ਪਾਸੇ ਭਾਰਤੀ ਦੂਤਾਵਾਸ ਨੇ ਵੀ ਇਸ ਘਟਨਾ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ ਹੈ। ਨਿਊਯਾਰਕ ਵਿੱਚ ਸਟੇਟ ਐਸੰਬਲੀ ਦੇ ਮੈਂਬਰ ਜੇਨੀਫਰ ਰਾਜਕੁਮਾਰ ਨੇ ਵੀ ਇਸ ਹਮਲੇ ‘ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ, ”ਨਿਊਯਾਰਕ ਸਟੇਟ ਆਫ਼ਿਸ ਵਿੱਚ ਚੁਣੀ ਗਈ ਮੈਂ ਪਹਿਲੀ ਪੰਜਾਬੀ ਅਮਰੀਕੀ ਹੋਣ ਦੇ ਨਾਤੇ ਮੈਂ ਸਾਫ਼ ਤੌਰ ‘ਤੇ ਕਹਿ ਸਕਦੀ ਹਾਂ ਨਿਊਯਾਰਕ ਵਿੱਚ ਸਿੱਖ ਅਮਰੀਕੀ ਭਾਈਚਾਰੇ ਨਾਲ ਨਫ਼ਰਤ ਭਰੀ ਹਿੰਸਾ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ”। ਉਸ ਨੇ ਕਿਹਾ ਕਿ ‘ਮੈਂ ਆਪਣੇ ਸਿੱਖ ਅਮਰੀਕੀ ਭਾਈਚਾਰੇ ਦੇ ਖ਼ਿਲਾਫ਼ ਇਸ ਹਫ਼ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਿਊਯਾਰਕ ਪੁਲਿਸ ਨਾਲ ਗੱਲ ਕੀਤੀ ਹੈ। ਮੈਂ ਦੋਵਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਕੜੀ ਸਜ਼ਾ ਦਿੱਤੀ ਜਾਵੇਗੀ’। ਉਸ ਨੇ ਕਿਹਾ ਕਿ, ‘ਅਸੀਂ ਸਿੱਖਾਂ ਦੇ ਸੱਭਿਆਚਾਰ ਦੀ ਜਾਣਕਾਰੀ ਲੋਕਾਂ ਨੂੰ ਦੇਵਾਂਗੇ ਤਾਂ ਜੋ ਅਮਰੀਕਨਾਂ ਨੂੰ ਪਤਾ ਚੱਲੇ ਕਿ ਸਿੱਖ ਉਦਾਰਤਾ ਤੇ ਦਇਆ ਵਾਲੀ ਕੌਮ ਹੈ’। ਇਸ ਘਟਨਾ ਤੇ ਸਥਾਨਕ ਸਿੱਖ ਭਾਈਚਾਰਾ ਪੀੜਤ ਹੈ ਤੇ ਵੱਖ ਵੱਖ ਸਥਾਨਕ ਸਿੱਖ ਜੱਥੇਬੰਦੀਆਂ ਇਨ੍ਹਾਂ ਸਿੱਖ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾਵਾਂ ਦਿਵਾਉਣ ਲਈ ਪ੍ਰਸ਼ਾਸਨ ਤੋਂ ਮੰਗ ਕਰ ਰਹੀਆਂ ਹਨ।