ਅਮਰੀਕਾ ਵਿੱਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 90,000 ਤੋਂ ਪਾਰ, ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਟੱਪੀ

ਅਮਰੀਕਾ ਹਰ ਹਾਲਤ ਵਿੱਚ ਮੁੜ ਖੁੱਲ੍ਹੇਗਾ – ਰਾਸ਼ਟਰਪਤੀ ਟਰੰਪ
* ਮਹਿਫ਼ਲਾਂ ਸਜਾਉਣ ਵਾਲਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ -ਮਾਹਿਰ
ਵਾਸ਼ਿੰਗਟਨ 17 ਮਈ (ਹੁਸਨ ਲੜੋਆ ਬੰਗਾ) –
ਅਮਰੀਕਾ ਵਿੱਚ ਨਿਰੰਤਰ ਹੋ ਰਹੀਆਂ ਮੌਤਾਂ ਤੇ ਵਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵੈਕਸੀਨ ਹੋਵੇ ਜਾਂ ਨਾ ਹੋਵੇ, ਅਮਰੀਕਾ ਮੁੜ ਖੁੱਲ੍ਹੇਗਾ। ਵਾਈਟ ਹਾਊਸ ਰੋਜ਼ ਗਾਰਡਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀਆਂ ਨੂੰ ਹਰ ਹਾਲਤ ਵਿੱਚ ਆਮ ਵਾਂਗ ਜੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਸਾਲ ਦੇ ਅੰਤ ਵਿੱਚ ਕੋਰੋਨਾਵਾਇਰਸ ਵੈਕਸੀਨ ਦੀ ਖੋਜ਼ ਕਰ ਲੈਣ ਦੀ ਸੰਭਾਵਨਾ ਪ੍ਰਗਟਾਈ ਸੀ। ਉਨ੍ਹਾਂ ਦੀ ਇਸ ਸੰਭਾਵਨਾ ਉੱਪਰ ਬਹੁਤ ਸਾਰੇ ਮਾਹਿਰਾਂ ਨੇ ਸ਼ੰਕਾ ਪ੍ਰਗਟਾਈ ਹੈ। ਚੋਟੀ ਦੇ ਮਾਹਿਰ ਡਾ. ਐਨਥਨੀ ਫੌਕੀ ਤੇ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਵਿਕਸਤ ਕਰਨ ਵਿੱਚ ਘੱਟੋ ਘਟ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ।
1606 ਹੋਰਨਾਂ ਨੇ ਦਮ ਤੋੜਿਆ – ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 1606 ਕੋਰੋਨਾ ਪੀੜਤ ਅਮਰੀਕੀਆਂ ਦੇ ਦਮ ਤੋੜ ਜਾਣ ਨਾਲ ਮੌਤਾਂ ਦੀ ਗਿਣਤੀ 90,113 ਹੋ ਗਈ ਹੈ। ਨਵੇਂ ਮਰੀਜ਼ ਆਉਣ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ। 23488 ਹੋਰ ਅਮਰੀਕੀ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਨਾਲ ਪੀੜਤਾਂ ਦੀ ਕੁੱਲ ਗਿਣਤੀ 15,07,773 ਹੋ ਗਈ ਹੈ। ਕੁੱਲ 4,29,345 ਮਰੀਜ਼ਾਂ ਵਿਚੋਂ 3,39,232 ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਮੌਤ ਦਰ 21% ਹੈ ਜਦੋਂ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 79% ਹੈ।
ਮਹਿਫ਼ਲਾਂ ਸਜਾਉਣ ਵਾਲਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ – ਕੋਰੋਨਾ ਮਹਾਂਮਾਰੀ ਦਰਮਿਆਨ ਖੁੱਲ ਰਹੇ ਕਾਰੋਬਾਰ ਤੇ ਬਜ਼ਾਰ ਆਮ ਲੋਕਾਂ ਲਈ ਇਕ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਹੈ ਪਰ ਇਸ ਦੇ ਨਾਲ ਹੀ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਨਵੇਂ ਮਹੌਲ ਵਿੱਚ ਕਿਸ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਖ਼ਤਰਾ ਹੋਵੇਗਾ ਜਾਂ ਕਿਸ ਤਰਾਂ ਦਾ ਪਰਹੇਜ਼ ਵਰਤਣਾ ਪਵੇਗਾ? ਇਸ ਸਵਾਲ ਦਾ ਜਵਾਬ 4 ਮਾਹਿਰਾਂ ਨੇ ਦਿੱਤਾ ਹੈ। ਇਨ੍ਹਾਂ ਵਿੱਚ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਮਾਹਿਰ ਟਿਮ ਲੰਟ ਤੇ ਜੋਸ਼ੂਆ ਲਾਬਰ ਜੋ ਇਸ ਸਮੇਂ ਐਰੀਜ਼ੋਨਾ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਢੰਗ-ਤਰੀਕੇ ਖੋਜਣ ਦਾ ਕੰਮ ਕਰ ਰਹੇ ਹਨ, ਸ਼ਿਕਾਗੋ ਯੂਨੀਵਰਸਿਟੀ ਦੇ ਡੈਵਿਨ ਜੀ ਪੋਪ ਜਿਨ੍ਹਾਂ ਨੇ ਰੈਸਟੋਰੈਂਟਾਂ ਵਿੱਚ ਵਾਇਰਸ ਫੈਲਣ ਬਾਰੇ ਅਧਿਐਨ ਕੀਤਾ ਹੈ ਤੇ ਡਾ. ਪੀਟਰ ਐਲਪਰਿਨ ਟੈਲੀਮੈਡੀਸਨ ਮਾਹਿਰ ਸ਼ਾਮਿਲ ਹਨ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਫੈਲਣ ਦੀ ਸੰਭਾਵਨਾ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਤੁਸੀਂ ਰੈਸਟੋਰੈਂਟ ਜਾਂ ਹੋਰ ਜਨਤਿਕ ਥਾਵਾਂ ਵਿੱਚ ਕਿੰਨਾ ਸਮਾਂ ਬਿਤਾਇਆ ਹੈ, ਉੱਥੇ ਕਿੰਨੇ ਲੋਕਾਂ ਨੂੰ ਮਿਲੇ ਹੋ। ਜੇਕਰ ਤੁਸੀਂ ਕਈ ਲੋਕਾਂ ਨਾਲ ਬੈਠਕੇ ਖਾਣਾ ਖਾਧਾ ਹੈ ਤਾਂ ਤੁਹਾਡੇ ਪ੍ਰਭਾਵਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ। ਬਾਰ ਜਾਂ ਰੈਸਟੋਰੈਂਟ ਵਿੱਚ ਕੋਰੋਨਾ ਦਾ ਫੈਲਣਾ ਇਸ ਤੱਥ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਲੋਕ ਹੋ। ਉਦਾਹਰਣ ਵਜੋਂ 4 ਲੋਕਾਂ ਦੀ ਮਹਿਫ਼ਲ ਦੀ ਤੁਲਨਾ ‘ਚ 8 ਲੋਕਾਂ ਦੀ ਮਹਿਫ਼ਲ ਵਿੱਚ ਕੋਰੋਨਾ ਫੈਲਣ ਦਾ ਜ਼ਿਆਦਾ ਖ਼ਤਰਾ ਹੈ। ਬਾਹਰ ਜਾਣ ਲਈ ਕਿਹੜੀ ਜਗਾ ਸੁਰੱਖਿਅਤ ਹੈ? ਇਸ ਸਵਾਲ ਦੇ ਜਵਾਬ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਘਰ ਤੋਂ ਬਾਹਰ ਕੋਈ ਵੀ ਜਗਾ ਸੁਰੱਖਿਅਤ ਨਹੀਂ ਹੈ। ਮਾਹਿਰਾਂ ਅਨੁਸਾਰ ਘਰੋਂ ਬਾਹਰ ਇਕ ਦੂਸਰੇ ਤੋਂ ਦੂਰੀ ਰੱਖਣ ਦੇ ਨਾਲ ਨਾਲ ਨਿਰੰਤਰ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਕੇਵਲ ਖਾਣ ਜਾਂ ਪੀਣ ਸਮੇਂ ਹੀ ਮਾਸਕ ਉਤਾਰੋ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਹਰ ਤੀਸਰੇ ਦਿਨ ਬਾਅਦ ਟੈੱਸਟ ਹੋਵੇ ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜਾਗਰੂਕਤਾ ਤੇ ਬਿਹਤਰੀਨ ਟੈਸਟਿੰਗ ਦਾ ਸੁਮੇਲ ਕੋਰੋਨਾ ਨੂੰ ਫੈਲਣ ਤੋਂ ਰੋਕ ਸਕਦਾ ਹੈ।