ਅਮਰੀਕਾ ਦੇ 12 ਤੋਂ ਵਧ ਰਾਜਾਂ ਨੇ ‘ਸਟੇਅ ਐਟ ਹੋਮ’ ਦੇ ਹੁਕਮ ਵਾਪਸ ਲਏ, ਕੋਰੋਨਾਵਾਇਰਸ ਨਾਲ 1,894 ਹੋਰ ਮੌਤਾਂ – ਕੁਲ ਮੌਤਾਂ 83,425

ਵਾਸ਼ਿੰਗਟਨ, 13 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1,894 ਹੋਰ ਮੌਤਾਂ ਹੋਈਆਂ ਹਨ ਜਿਨ੍ਹਾਂ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 83,425 ਹੋ ਗਈ ਹੈ। ਨਵੇਂ ਮਰੀਜ਼ ਆਉਣ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਜਾਰੀ ਹੈ ਤੇ 22,802 ਨਵੇਂ ਮਰੀਜ਼ ਸਾਹਮਣੇ ਆਏ ਹਨ। ਮਰੀਜ਼ਾਂ ਦੀ ਕੁੱਲ ਗਿਣਤੀ 14,08,636 ਹੋ ਗਈ ਹੈ। ਇਹ ਇੱਕ ਰਾਹਤ ਦੇਣ ਵਾਲੀ ਖ਼ਬਰ ਹੈ ਕਿ ਮੌਤ ਦਰ ਨਿਰੰਤਰ ਘਟ ਰਹੀ ਹੈ ਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਰਹੀ ਹੈ। ਕੁੱਲ 3,80,171 ਮਰੀਜ਼ਾਂ ਵਿਚੋਂ 2,96,746 ਮਰੀਜ਼ ਠੀਕ ਹੋਏ ਹਨ ਜਿਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਠੀਕ ਹੋਣ ਦੀ ਦਰ 78% ਹੈ ਜਦੋਂ ਕਿ ਮੌਤ ਦਰ 22% ਹੈ। ਇਸੇ ਦੌਰਾਨ ‘ਸਟੇਅ ਐਟ ਹੋਮ’ ਦੇ ਹੁਕਮਾਂ ਵਿੱਚ ਢਿੱਲ ਦੇਣ ਦਾ ਅਮਲ ਜਾਰੀ ਹੈ ਤੇ 12 ਤੋਂ ਵਧ ਰਾਜ ਇਹ ਹੁਕਮ ਵਾਪਸ ਲੈ ਚੁੱਕੇ ਹਨ।
ਵੈਕਸੀਨ ਦੀ ਖੋਜ਼ ਸੰਭਵ – ਚੋਟੀ ਦੇ ਸਿਹਤ ਅਧਿਕਾਰੀ ਡਾ. ਐਨਥਨੀ ਫੌਕੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਵੈਕਸੀਨ ਦੀ ਖੋਜ਼ ਸੰਭਵ ਹੈ ਪਰ ਇਹ ਖੋਜ਼ ਅਗਸਤ ਵਿੱਚ ਸਕੂਲ ਖੁੱਲਣ ਤੋਂ ਪਹਿਲਾਂ ਸੰਭਵ ਨਹੀਂ ਹੈ। ਸੈਨੇਟ ਦੇ ਇੱਕ ਪੈਨਲ ਨੂੰ ਡਾ. ਫੌਕੀ ਨੇ ਕਿਹਾ ਕਿ ‘ਸਟੇਅ ਐਟ ਹੋਮ’ ਪਾਬੰਦੀਆਂ ਵਿੱਚ ਢਿੱਲ ਬਹੁਤ ਹੀ ਸੋਚ ਸਮਝ ਕੇ ਦੇਣੀ ਪਵੇਗੀ ਐਲਰਜੀ ਤੇ ਲਾਗ ਦੀਆਂ ਬਿਮਾਰੀਆਂ ਬਾਰੇ ਕੇਂਦਰ ਦੇ ਮੁੱਖੀ ਡਾ. ਫੌਕੀ ਚੋਟੀ ਦੇ ਉਨ੍ਹਾਂ 4 ਸਿਹਤ ਅਧਿਕਾਰੀਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਸਿਹਤ, ਸਿੱਖਿਆ ਤੇ ਲੇਬਰ ਲਈ ਅਰਥਵਿਵਸਥਾ ਖੋਲ੍ਹਣ ਬਾਰੇ ਦਿਸ਼ਾ-ਨਿਰਦੇਸ਼ ਤੈਅ ਕੀਤੇ ਸਨ। ਉਨ੍ਹਾਂ ਕਿਹਾ ਕਿ ਸੰਘੀ ਦਿਸ਼ਾ ਨਿਰਦੇਸ਼ਾਂ ‘ਤੇ ਚਲਦਿਆਂ ਲੋਕਾਂ ਦੇ ਟੈੱਸਟ ਕਰਨ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣ ਨਾਲ ਕੁੱਝ ਦੁੱਖ ਝੱਲਣਾ ਪੈ ਸਕਦਾ ਹੈ ਪਰ ਇਸ ਨਾਲ ਮੌਤਾਂ ਰੋਕੀਆਂ ਜਾ ਸਕਦੀਆਂ ਹਨ।
ਦਰਜਨ ਤੋਂ ਵਧ ਰਾਜਾਂ ਨੇ ਪਾਬੰਦੀਆਂ ਹਟਾਈਆਂ – ਦਰਜਨ ਤੋਂ ਵਧ ਰਾਜਾਂ ਦੇ ਗਵਰਨਰਾਂ ਨੇ ਅਰਥਵਿਵਸਥਾ ਉੱਪਰ ਲੱਗੀਆਂ ਪਾਬੰਦੀਆਂ ਹਟਾ ਲਈਆਂ ਹਨ ਤੇ ਕਾਰੋਬਾਰਾਂ ਨੂੰ ਆਮ ਵਾਂਗ ਕਰਨ ਦੇ ਯਤਨ ਹੋ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ‘ਸਟੇਅ ਐਟ ਹੋਮ’ ਦੇ ਹੁਕਮ ਵਾਪਸ ਲੈ ਲਏ ਗਏ ਹਨ। ਹਾਲਾਂਕਿ ਨਿਊਯਾਰਕ ਵਰਗੇ ਰਾਜ ਜਿੱਥੇ ਸਭ ਤੋਂ ਵਧ ਮੌਤਾਂ ਹੋਈਆਂ ਹਨ, ਵਿੱਚ ਪਾਬੰਦੀਆਂ ਹਟਾਉਣ ਨੂੰ ਲੈ ਕੇ ਚੋਟੀ ਦੇ ਸਿਹਤ ਅਧਿਕਾਰੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਪਰ ਉੱਥੇ ਵੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਅਰਕਾਨਸਸ, ਲੋਵਾ, ਨੈਬਰਸਕਾ, ਉੱਤਰੀ ਡਕੋਤਾ ਤੇ ਦੱਖਣੀ ਡਕੋਤਾ ਅਜਿਹੇ 5 ਰਾਜ ਹਨ ਜਿੱਥੇ ਨਾ ਰਾਜ ਪੱਧਰ ਤੇ ਨਾ ਸਥਾਨਕ ਪੱਧਰ ਉੱਪਰ ਪਾਬੰਦੀਆਂ ਲਾਈਆਂ ਗਈਆਂ ਸਨ। ਇਨ੍ਹਾਂ ਰਾਜਾਂ ਵਿੱਚ ਕਾਰੋਬਾਰੀ ਗਤੀਵਿਧੀਆਂ ਤੇ ਲੋਕਾਂ ਦੀ ਆਵਾਜਾਈ ਆਮ ਵਾਂਗ ਜਾਰੀ ਰਹੀ ਹੈ। ਜਿਨ੍ਹਾਂ ਰਾਜਾਂ ਵਿੱਚ ਪਾਬੰਦੀਆਂ ਵਾਪਸ ਲਈਆਂ ਗਈਆਂ ਹਨ ਉਨ੍ਹਾਂ ਵਿੱਚ ਅਲਾਬਮਾ, ਅਲਾਸਕਾ, ਫਲੋਰੀਡਾ, ਜਾਰਜੀਆ, ਇੰਡਿਆਨਾ, ਕਨਸਾਸਾ, ਮਿਸੀਸਿਪੀ, ਮਿਸੋਰੀ, ਮੋਨਟਾਨਾ, ਸਾਊਥ ਕੈਰੋਲੀਨਾ, ਟੈਨੇਸੀ, ਟੈਕਸਾਸ, ਤੇ ਉਟਾਹ ਸ਼ਾਮਿਲ ਹਨ।