ਨਿਊਜ਼ੀਲੈਂਡ ‘ਚ ਲੈਵਲ 2 ਦੌਰਾਨ ਬਾਜ਼ਾਰਾਂ ‘ਚ ਪਰਤੀਆਂ ਰੌਣਕਾਂ, ਕਾਰ ਪਾਰਕਿੰਗ ਭਰੀਆਂ

ਆਕਲੈਂਡ, 14 ਮਈ – ਅੱਜ ਤੋਂ ਨਿਊਜ਼ੀਲੈਂਡ ‘ਚ ‘ਅਲਰਟ ਲੈਵਲ 2’ ਲਾਗੂ ਹੋ ਗਿਆ ਹੈ, ਦੇਸ਼ ਹੁਣ ਕੋਰੋਨਾਵਾਇਰਸ ਮਹਾਂਮਾਰੀ ਦੇ ਖ਼ਤਰੇ ਨੂੰ ਪਛਾੜਦੇ ਹੋਏ ਪਹਿਲਾਂ ‘ਲੈਵਲ 4’ ਤੋਂ ‘ਲੈਵਲ 3’ ਦੇ ਪੱਧਰ ਉੱਤੇ ਆਇਆ ਸੀ ਤੇ ਹੁਣ ‘ਲੈਵਲ 2’ ਉੱਤੇ ਆ ਗਿਆ ਹੈ।
ਲੋਕ ਅੱਜ ਲਗਭਗ ਡੇਢ ਮਹੀਨੇ ਬਾਅਦ ਘਰਾਂ ਤੋਂ ਬਾਹਰ ਨਿਕਲ ਬਜ਼ਾਰਾਂ ਦੇ ਵਿੱਚ ਪਹੁੰਚੇ। ਜਿਸ ਨਾਲ ਕਾਰ ਪਾਰਕਾਂ ਭਰ ਗਈਆਂ, ਸ਼ਾਪਿੰਗ ਮਾਲਾਂ ਦੇ ਵਿੱਚ ਖ਼ਰੀਦੋ-ਫਰੋਖਤ ਸ਼ੁਰੂ ਹੋ ਗਈ ਖ਼ਾਸ ਕਰਕੇ ਬਿਊਟੀ ਪਾਰਲਰਾਂ, ਮੈਨੀਕਿਉਰ ਪਾਰਲਰ ਅਤੇ ਹੇਅਰ ਸਲੂਨਾਂ ਦੇ ਵਿੱਚ ਲਾਈਨਾਂ ਲੱਗ ਗਈਆਂ। ਵੱਖ-ਵੱਖ ਨਗਰਾਂ ਦੀਆਂ ਸੜਕਾਂ ਉੱਤੇ ਰੌਣਕ ਦੁੱਗਣੀ ਹੋ ਗਈ। ਬੱਚਿਆਂ ਦੇ ਲਈ ਕੱਪੜੇ ਅਤੇ ਹੋਰ ਜ਼ਰੂਰੀ ਸਾਮਾਨ ਖ਼ਰੀਦਣ ਵਾਲਿਆਂ ਦੀ ਗਿਣਤੀ ਚੋਖੀ ਵੇਖੀ ਗਈ। ਕਈ ਵੱਡੇ ਸ਼ਾਪਿੰਗ ਮਾਲਾਂ ਦੇ ਵਿੱਚ ਸਵੇਰੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨ ਵੇਖੀਆਂ ਗਈਆਂ। ਕੌਫ਼ੀ ਸ਼ਾਪਾਂ ਉੱਤੇ ਲਾਈਨਾਂ ਲੱਗੀਆਂ ਰਹੀਆਂ।