ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ ਰਿਕਾਰਡ ਗਿਰਾਵਟ

ਮੁੰਬਈ, 26 ਸਤੰਬਰ – ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਅੱਜ ਰਿਕਾਰਡ ਪੱਧਰ ’ਤੇ ਹੇਠਾਂ ਡਿੱਗ ਗਿਆ। ਇਹ 58 ਪੈਸੇ ਹੇਠਾਂ ਡਿੱਗ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 (ਆਰਜ਼ੀ) ਉਤੇ ਪਹੁੰਚ ਗਿਆ। ਇਸ ਦਾ ਕਾਰਨ ਡਾਲਰ ਦਾ ਆਲਮੀ ਪੱਧਰ ’ਤੇ ਮਜ਼ਬੂਤ ਹੋਣਾ ਤੇ ਨਿਵੇਸ਼ਕਾਂ ਵਿਚ ਜੋਖ਼ਮ ਨਾ ਲੈਣ ਦੀ ਭਾਵਨਾ ਪੈਦਾ ਹੋਣਾ ਹੈ। ਮੁਦਰਾ ਵਪਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਜੰਗ ਜਿਹੇ ਭੂਗੋਲਿਕ-ਸਿਆਸੀ ਖ਼ਤਰੇ ਦੇ ਵਧਣ, ਘਰੇਲੂ ਇਕੁਇਟੀ ਬਾਜ਼ਾਰ ਦੇ ਨਾਕਾਰਾਤਮਕ ਰੁਖ਼ ਤੇ ਵਿਦੇਸ਼ੀ ਫੰਡ ਦੀ ਜ਼ਿਆਦਾ ਨਿਕਾਸੀ ਕਾਰਨ ਨਿਵੇਸ਼ਕ ਠੰਢੇ ਪੈ ਗਏ ਹਨ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਤਬਾਦਲਾ ਬਾਜ਼ਾਰ ਵਿਚ ਰੁਪਿਆ ਅੱਜ ਡਾਲਰ ਦੇ ਮੁਕਾਬਲੇ 81.47 ’ਤੇ ਖੁੱਲ੍ਹਿਆ ਤੇ ਹੇਠਾਂ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.67 ’ਤੇ ਪਹੁੰਚ ਗਿਆ। ਸ਼ੁੱਕਰਵਾਰ ਡਾਲਰ ਦੇ ਮੁਕਾਬਲੇ ਰੁਪਿਆ 81.09 ’ਤੇ ਬੰਦ ਹੋਇਆ ਸੀ। ਰੁਪਿਆ ਲਗਾਤਾਰ ਚੌਥੀ ਵਾਰ ਡਿੱਗਿਆ ਹੈ ਤੇ ਹੁਣ ਤੱਕ ਡਾਲਰ ਦੇ ਮੁਕਾਬਲੇ 193 ਪੈਸੇ ਹੇਠਾਂ ਖ਼ਿਸਕ ਚੁੱਕਾ ਹੈ।