ਆਕਲੈਂਡ ਮੈਰਾਥਨ ਦੌੜ ‘ਚ ਹੌਲੀ-ਹੌਲੀ ਪੰਜਾਬੀਆਂ ਦੀ ਗਿਣਤੀ ਦੇ ਵਿੱਚ ਹੋਣ ਲੱਗਾ ਵਾਧਾ

ਗੁਰਜੋਤ ਸਿੰਘ ਸਮਰਾ 42 ਕਿੱਲੋਮੀਟਰ, ਸੰਨੀ ਸਿੰਘ ਅਤੇ ਸ. ਬਲਬੀਰ ਸਿੰਘ 21 ਕਿੱਲੋਮੀਟਰ ਦੌੜੇ
ਆਕਲੈਂਡ, 3 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) –
ਬੀਤੀ 1 ਨਵੰਬਰ ਨੂੰ ਆਕਲੈਂਡ ਮੈਰਾਥਨ ਦੌੜ ਦਾ ਆਯੋਜਨ ਡੈਵਨਪੋਰਟ ਤੋਂ ਵਿਕਟੋਰੀਆ ਪਾਰਕ ਆਕਲੈਂਡ ਤੱਕ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਕੌਮਾਂ ਦੇ ਵੱਖ-ਵੱਖ ਉਮਰ ਦੇ ਪੁਰਸ਼ ਅਤੇ ਮਹਿਲਾਵਾਂ ਨੇ ਮੈਰਾਥਨ ਵਿੱਚ ਭਾਗ ਲਿਆ। ਸਾਰੇ ਦੌੜਾਕਾਂ ਨੇ ਇਸ ਮੈਰਾਥਨ ਦੌੜ ਦੀ ਰਜਿਸਟ੍ਰੇਸ਼ਨ ਫ਼ੀਸ ਦੇ ਕੇ ਦਾਨੀ ਸੱਜਣਾ ਦਾ ਕੰਮ ਵੀ ਕੀਤਾ। ਇਹ ਦਾਨ ਰਾਸ਼ੀ ਮੈਂਟਲ ਹੈਲਥ ਫਾਊਂਡੇਸ਼ਨ ਨੂੰ ਗਈ ਹੈ। ਹਰ ਸਾਲ ਭਾਰਤੀ ਲੋਕ ਵੀ ਇਨ੍ਹਾਂ ਦੌੜਾਂ ਦੇ ਵਿੱਚ ਆਪਣੀ ਗਿਣਤੀ ਵਧਾ ਰਹੇ ਹਨ ਪਰ ਫਿਰ ਵੀ ਓਨੀ ਪ੍ਰਤੀਸ਼ਤ ਅਜੇ ਨਹੀਂ ਹੈ ਜਿੰਨੀ ਕਿ ਜਨਸੰਖਿਆ ਦੇ ਹਿਸਾਬ ਨਾਲ ਆਉਣੀ ਚਾਹੀਦੀ ਹੈ। ਇਹ ਮੰਨਣਾ ਹੈ ਮੌਜੂਦਾ ਦੌੜਾਕਾਂ ਦਾ। ਇਸ ਦੌੜ ਦੌਰਾਨ ਪੰਜਾਬੀ ਕਮਿਊਨਿਟੀ ਦੀ ਹਾਜ਼ਰੀ ਲਗਵਾਉਣ ਲਈ ਜਿੱਥੇ ਸ. ਬਲਬੀਰ ਸਿੰਘ ਬਸਰਾ ਹਰ ਵਾਰ ਸ਼ਾਮਿਲ ਹੁੰਦੇ ਹਨ ਉੱਥੇ ਬੀਤੇ 5-6 ਸਾਲਾਂ ਤੋਂ ਸ. ਗੁਰਜੋਤ ਸਿੰਘ ਸਮਰਾ ਅਤੇ ਸ. ਸੰਨੀ ਸਿੰਘ ਵੀ ਖ਼ੂਬ ਤਿਆਰੀ ਕਰਕੇ ਪਹੁੰਚ ਜਾਂਦੇ ਹਨ। ਇਸ ਵਾਰ ਗੁਰਜੋਤ ਸਿੰਘ ਸਮਰਾ (ਪਿੰਡ ਭਤੀਜਾ ਰੰਧਾਵਾ) ਨੇ ਫੁੱਲ ਮੈਰਾਥਨ (42 ਕਿੱਲੋਮੀਟਰ) ਦੇ ਵਿੱਚ ਭਾਗ ਲਿਆ ਜਦ ਕਿ ਸ. ਬਲਬੀਰ ਸਿੰਘ ਬਸਰਾ ਅਤੇ ਸ. ਸੰਨੀ ਸਿੰਘ ਨੇ ਹਾਫ਼ ਮੈਰਾਥਨ (21 ਕਿੱਲੋਮੀਟਰ) ਦੌੜ ਦੇ ਵਿੱਚ ਭਾਗ ਲਿਆ। ਇਸ ਤੋਂ ਪਹਿਲਾਂ ਵੀ ਸੰਨੀ ਸਿੰਘ ਫੁੱਲ ਮੈਰਾਥਨ ਦੌੜ ਅਤੇ ਹਾਫ਼ ਮੈਰਾਥਨ ਦੌੜ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਸਤਨਾਮ ਸਿੰਘ, ਪ੍ਰਭਦੀਪ ਸਿੰਘ, ਪ੍ਰੀਤਿੰਦਰ ਸਿੰਘ, ਜਤਿੰਦਰ ਸਿੰਘ, ਵੇਦ ਪ੍ਰਕਾਸ਼ ਸਿੰਘ ਅਤੇ ਸ਼ਾਮ ਸਿੰਘ ਨੇ ਫੁੱਲ ਮੈਰਾਥਨ ਵਿੱਚ ਹਿੱਸਾ ਲਿਆ। ਹਾਫ਼ ਮੈਰਾਥਨ ਦੌੜ ਦੇ ਵਿੱਚ ਇਸ ਵਾਰ ਕੁਲਦੀਪ ਸਿੰਘ, ਪ੍ਰਭਜੋਤ ਸਿੰਘ, ਜਤਿੰਦਰ ਸਿੰਘ, ਪ੍ਰਭਜੋਤ ਸਿੰਘ, ਬਲਬੀਰ ਸਿੰਘ, ਕਮਲਪ੍ਰੀਤ ਸਿੰਘ, ਸਟੀਵਨ ਸਿੰਘ, ਨਵਜੋਤ ਸਿੰਘ, ਲਵਲੀਨ ਸਿੰਘ, ਗੁਰਮਿੰਦਰ ਸਿੰਘ ਅਤੇ ਰਮਨਪ੍ਰੀਤ ਸਿੰਘ ਨੇ ਹਿੱਸਾ ਲਿਆ। ਦੌੜ ਦੇ ਜਜ਼ਬਾ ਪੇਸ਼ ਕਰਨ ਵਾਲਿਆਂ ਦੇ ਵਿੱਚ 80 ਤੋਂ 90 ਸਾਲ ਦੇ ਬਜ਼ੁਰਗ ਵੀ ਸ਼ਾਮਿਲ ਹੋਏ। ਇਨ੍ਹਾਂ ਦੌੜਾਕਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਵਾਰ ਕਾਫ਼ੀ ਪੰਜਾਬੀ ਭਾਈਚਾਰੇ ਦੇ ਲੋਕ ਮੈਰਾਥਨ ਦੌੜ ਦੇ ਵਿੱਚ ਦਿਸੇ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਸਾਰੇ ਦੌੜਨ ਵਾਲੇ ਹੋਣ ਪਰ ਹੌਂਸਲਾ ਅਫਜ਼ਾਈ ਕਰਨ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਹੋਣੇ ਚਾਹੀਦੇ ਹਨ।