ਆਖ਼ਰਕਾਰ ਪਾ ਹੀ ਲਿਆ ਰਾਸ਼ਟਰਪਤੀ ਟਰੰਪ ਨੇ ਜਨਤਿਕ ਤੌਰ ‘ਤੇ ਮਾਸਕ

ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਨਜ਼ਰ ਆ ਰਹੇ ਰਾਸ਼ਟਰਪਤੀ ਟਰੰਪ ਹੋਰ ਅਧਿਕਾਰੀਆਂ ਨਾਲ

ਵਾਸ਼ਿੰਗਟਨ 12 ਜੁਲਾਈ (ਹੁਸਨ ਲੜੋਆ ਬੰਗਾ) – ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 33,55,0000 ਤੋਂ ਪਾਰ ਹੋ ਜਾਣ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫ਼ੌਜੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਿਕ ਤੌਰ ‘ਤੇ ਮਾਸਕ ਪਾਇਆ। ਰਾਸ਼ਟਰਪਤੀ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਜ਼ਖਮੀ ਸੈਨਿਕਾਂ ਤੇ ਕੋਰੋਨਾਵਾਇਰਸ ਨਾਲ ਮੋਹਰਲੀ ਕਤਾਰ ਵਿੱਚ ਲੜ ਰਹੇ ਮੈਡੀਕਲ ਵਰਕਰਾਂ ਦਾ ਹਾਲ ਚਾਲ ਪੁੱਛਣ ਲਈ ਗਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈ ਕਦੀ ਵੀ ਮਾਸਕ ਪਾਉਣ ਦੇ ਵਿਰੁੱਧ ਨਹੀਂ ਰਿਹਾ ਪਰੰਤੂ ਮੇਰਾ ਵਿਸ਼ਵਾਸ ਹੈ ਕਿ ਮਾਸਕ ਪਾਉਣ ਲਈ ਉਚਿੱਤ ਜਗਾ ਤੇ ਸਮਾਂ ਹੋਣਾ ਜ਼ਰੂਰੀ ਹੈ। ਘੰਟੇ ਤੋਂ ਵੀ ਘੱਟ ਸਮੇਂ ਦੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਨੀਲੇ ਰੰਗ ਦਾ ਮਾਸਕ ਪਹਿਨਿਆ। ਉਨ੍ਹਾਂ ਨਾਲ ਗਏ ਵਾਈਟ ਹਾਊਸ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ ਤੇ ਸੀਕਰਟ ਸਰਵਿਸ ਦੇ ਅਧਿਕਾਰੀਆਂ ਨੇ ਵੀ ਮਾਸਕ ਪਾਏ ਹੋਏ ਸਨ।
ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ
ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਪੀੜਤਾਂ ਦੀ ਕੁਲ ਗਿਣਤੀ 33,55,646 ਹੋ ਗਈ ਹੈ ਜਦ ਕਿ ਹੁਣ ਤੱਕ 14,90,446 ਮਰੀਜ਼ ਠੀਕ ਹੋ ਚੁੱਕੇ ਹਨ। 1,37,403 ਮਰੀਜ਼ ਦਮ ਤੋੜ ਚੁੱਕੇ ਹਨ। ਹਾਲਾਂ ਕਿ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ ਪਰ ਇਹ ਰਿਪੋਰਟ ਰਾਹਤ ਦੇਣ ਵਾਲੀ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92% ਹੋ ਗਈ ਹੈ।