ਏਸੀਸੀ ਟੀ-20 ਚੈਂਪੀਅਨਸ਼ਿਪ: ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਕੋਈ ਬਦਲਾਅ ਨਹੀਂ

ਨਵੀਂ ਦਿੱਲੀ, 23 ਸਤੰਬਰ – ਬੰਗਲਾਦੇਸ਼ ਵਿੱਚ 1 ਤੋਂ 15 ਅਕਤੂਬਰ ਤੱਕ ਹੋਣ ਵਾਲੀ ਏਸੀਸੀ ਟੀ-20 ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਬੀਸੀਸੀਆਈ ਨੇ ਉਸੇ 15 ਮੈਂਬਰੀ ਟੀਮ ’ਤੇ ਭਰੋਸਾ ਕੀਤਾ ਹੈ ਜੋ ਟੂਰਨਾਮੈਂਟ ਲਈ ਇੰਗਲੈਂਡ ਖ਼ਿਲਾਫ਼ ਹਾਲੀਆ ਟੀ-20 ਸੀਰੀਜ਼ ’ਚ ਸ਼ਾਮਲ ਸੀ। ਤਾਨੀਆ ਭਾਟੀਆ ਅਤੇ ਸਿਮਰਨ ਬਹਾਦੁਰ ਨੂੰ ਟੀਮ ਵਿੱਚ ਸਟੈਂਡਬਾਏ ਖਿਡਾਰੀਆਂ ਵਜੋਂ ਰੱਖਿਆ ਗਿਆ ਹੈ। ਇਹ ਦੋਵੇਂ ਖਿਡਾਰੀ ਇੰਗਲੈਂਡ ਦੌਰੇ ’ਤੇ ਗਈ 17 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਪਲੇਇੰਗ ਇਲੈਵਨ ’ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਛੇ ਵਾਰ ਦੀ ਚੈਂਪੀਅਨ ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ ਸ੍ਰੀਲੰਕਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ 7 ਅਕਤੂਬਰ ਨੂੰ ਪਾਕਿਸਤਾਨ ਨਾਲ ਭਿੜੇਗੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਦੀਪਤੀ ਸ਼ਰਮਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਡਾਇਲਨ ਹੇਮਲਤਾ, ਮੇਘਨਾ ਸਿੰਘ, ਰੇਣੂਕਾ ਠਾਕੁਰ, ਪੂਜਾ ਵਸਤਰਕਰ, ਰਾਜੇਸ਼ਵਰੀ ਗਾਇਕਵਾੜ, ਰਾਧਾ ਯਾਦਵ ਤੇ ਕੇ.ਪੀ. ਨਵਗਿਰੀ ਸ਼ਾਮਲ ਹਨ।