ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਕੀਤਾ ਜਾਵੇਗਾ

ਨਵੀਂ ਦਿੱਲੀ, 28 ਅਗਸਤ – ਕਾਂਗਰਸ ਨੇ 17 ਅਕਤੂਬਰ ਨੂੰ ਪਾਰਟੀ ਪ੍ਰਧਾਨ ਦੀ ਚੋਣ ਕਰਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਦੀ ਚੋਣ ਜਿੱਤਣ ਵਾਲੇ ਬਾਰੇ ਐਲਾਨ ਦੋ ਦਿਨ ਬਾਅਦ 19 ਅਕਤੂਬਰ ਨੂੰ ਕੀਤਾ ਜਾਵੇਗਾ। ਕਾਂਗਰਸ ਨੇ ਨਾਲ ਹੀ ਕਿਹਾ ਕਿ ਉਹ ਮੁਲਕ ਵਿਚ ਅਜਿਹੀ ਇਕੱਲੀ ਪਾਰਟੀ ਹੈ ਜੋ ਇਸ ਤਰ੍ਹਾਂ ਦੀ ਲੋਕਤੰਤਰਿਕ ਪ੍ਰਕਿਰਿਆ ਦਾ ਪਾਲਣ ਕਰਦੀ ਹੈ। ਪਾਰਟੀ ਨੇ ਆਖ਼ਰੀ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਨਵੰਬਰ, 2000 ਵਿਚ ਕਰਵਾਈ ਸੀ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਪਾਰਟੀ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਹਨ ਤੇ 2017-19 ਦੇ ਸਮੇਂ ਨੂੰ ਛੱਡ ਕੇ 1998 ਤੋਂ ਇਸ ਅਹੁਦੇ ਉਤੇ ਹਨ। ਇਨ੍ਹਾਂ ਦੋ ਸਾਲਾਂ ਦੌਰਾਨ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਨੂੰ ਸੌਂਪੀ ਗਈ ਸੀ। ਜ਼ਿਕਰਯੋਗ ਹੈ ਕਿ ਭਾਜਪਾ ਵੰਸ਼ਵਾਦ ਦੀ ਰਾਜਨੀਤੀ ਦੇ ਮੁੱਦੇ ’ਤੇ ਕਾਂਗਰਸ ਨੂੰ ਵਾਰ-ਵਾਰ ਘੇਰਦੀ ਰਹੀ ਹੈ। ਸੱਤਾਧਾਰੀ ਪਾਰਟੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪਾਰਟੀ ਦੇ ਮਾਮਲਿਆਂ ’ਚ ਗਾਂਧੀ ਪਰਿਵਾਰ ਦਾ ਦਖ਼ਲ ਹੈ।
ਚੋਣ ਤਰੀਕਾਂ ਬਾਰੇ ਫ਼ੈਸਲਾ ਅੱਜ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੀਨੀਅਰ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਦਿੱਤੇ ਅਸਤੀਫ਼ੇ ਕਾਰਨ ਪਾਰਟੀ ਅੰਦਰ ਹਲਚਲ ਵੀ ਹੈ ਕਿਉਂਕਿ ਉਨ੍ਹਾਂ ਆਪਣੇ ਅਸਤੀਫ਼ੇ ਵਿਚ ਰਾਹੁਲ ਗਾਂਧੀ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਆਜ਼ਾਦ ਉਨ੍ਹਾਂ 23 ਆਗੂਆਂ ਦਾ ਵੀ ਹਿੱਸਾ ਸਨ ਜਿਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ 2020 ਵਿਚ ਵਿਆਪਕ ਜਥੇਬੰਦਕ ਸੁਧਾਰਾਂ ਲਈ ਪੱਤਰ ਲਿਖਿਆ ਸੀ। ਉਨ੍ਹਾਂ ਉਸ ਵੇਲੇ ਚੋਣਾਂ ਕਰਾਉਣ ਲਈ ਵੀ ਕਿਹਾ ਸੀ। ਸੀਡਬਲਿਊਸੀ ਦੀ ਮੀਟਿੰਗ ਅੱਜ ਆਨਲਾਈਨ ਹੋਈ। ਇਸ ਦੀ ਅਗਵਾਈ ਸੋਨੀਆ ਗਾਂਧੀ ਨੇ ਕੀਤੀ ਜੋ ਕਿ ਮੈਡੀਕਲ ਜਾਂਚ ਲਈ ਵਿਦੇਸ਼ ’ਚ ਹਨ। ਇਸ ਮੌਕੇ ਸੋਨੀਆ ਦੇ ਨਾਲ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੀ ਸਨ। ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਆਜ਼ਾਦ ਦੇ ਅਸਤੀਫ਼ੇ ਅਤੇ ਚੋਣ ਲਈ ਰਾਹੁਲ ਦੇ ਉਮੀਦਵਾਰ ਬਣਨ ਬਾਰੇ ਕੋਈ ਜ਼ਿਕਰ ਨਹੀਂ ਹੋਇਆ।
ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਚੋਣ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀਆਂ ਦਾ ਦੌਰ 24 ਸਤੰਬਰ ਨੂੰ ਸ਼ੁਰੂ ਹੋਵੇਗਾ। ਨਾਮਜ਼ਦਗੀਆਂ 30 ਸਤੰਬਰ ਤੱਕ ਦਿੱਤੀਆਂ ਜਾ ਸਕਣਗੀਆਂ। ਨਾਮਜ਼ਦਗੀਆਂ ਦੀ ਪੜਤਾਲ ਪਹਿਲੀ ਅਕਤੂਬਰ ਨੂੰ ਹੋਵੇਗੀ। ਅੱਠ ਅਕਤੂਬਰ ਤੱਕ ਇਹ ਵਾਪਸ ਲਈਆਂ ਜਾ ਸਕਣਗੀਆਂ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ ਚੋਣ 17 ਅਕਤੂਬਰ ਨੂੰ ਕਰਵਾਈ ਜਾਵੇਗੀ। ਜਦਕਿ ਜੇ ਲੋੜ ਪੈਂਦੀ ਹੈ ਤਾਂ ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ 19 ਅਕਤੂਬਰ ਨੂੰ ਕੀਤੇ ਜਾਣਗੇ।