ਕਾਮਨਵੈਲਥ ਗੇਮਜ਼ 2022: ਹਾਕੀ ਫਾਈਨਲ ‘ਚ ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਹਾਰਇਆ

ਬਰਮਿੰਘਮ, 8 ਅਗਸਤ – ਕਾਮਨਵੈਲਥ ਗੇਮਜ਼ ’ਚ ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਹਾਰਇਆ, ਭਾਰਤ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਟੋਕੀਓ ਓਲੰਪਿਕਸ ’ਚ ਕਾਂਸੀ ਤਗਮਾ ਜੇਤੂ ਭਾਰਤੀ ਟੀਮ ਨੂੰ ਹਰ ਵਿਭਾਗ ਵਿੱਚ ਆਸਟਰੇਲੀਆ ਨੇ ਪਛਾੜ ਦਿੱਤਾ। ਇਸ ਮੈਚ ਦੇ ਨਤੀਜੇ ਨਾਲ ਹਾਕੀ ਪ੍ਰੇਮੀਆਂ ਦੀਆਂ ਦਿੱਲੀ ਕਾਮਨਵੈਲਥ ਗੇਮਜ਼ 2010 ਨਾਲ ਜੁੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ ਜਦੋਂ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ 8-0 ਨਾਲ ਹਰਾਇਆ ਸੀ।
ਲੀਗ ਗੇੜ ਵਿੱਚ ਜੇਤੂ ਤੇ ਪੂਲ ’ਚ ਸਿਖਰ ’ਤੇ ਰਹਿਣ ਵਾਲੀ ਭਾਰਤੀ ਟੀਮ ਫਾਈਨਲ ਵਿੱਚ ਬਿਲਕੁਲ ਫਾਰਮ ’ਚ ਦਿਖਾਈ ਨਹੀਂ ਦਿੱਤੀ। ਫਾਰਵਰਡ ਕਤਾਰ ਵਿੱਚ ਤਾਲਮੇਲ ਨਹੀਂ ਸੀ ਅਤੇ ਡਿਫੈਂਸ ਨੂੰ ਆਸਟਰੇਲੀਆ ਨੇ ਪੂਰੀ ਤਰ੍ਹਾਂ ਤੋੜ ਦਿੱਤਾ। ਇਸੇ ਦੌਰਾਨ ਕਪਤਾਨ ਮਨਪ੍ਰੀਤ ਸਿੰਘ ਨੂੰ ਮੋਢੇ ’ਤੇ ਲੱਗੀ ਸੱਟ ਨੇ ਭਾਰਤ ਦਾ ਪ੍ਰਦਰਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਆਸਟਰੇਲੀਆ ਲਈ ਬਲੈਕ ਗੋਵਰਸ (9ਵਾਂ ਮਿੰਟ), ਨਾਥਨ ਐਫਰਾਮਸ (14ਵਾਂ ਤੇ 42ਵਾਂ), ਜੈਕਬ ਐਂਡਰਸਨ (22ਵਾਂ ਤੇ 27ਵਾਂ), ਟੌਮ ਵਿਕਹੈਮ (26ਵਾਂ) ਅਤੇ ਫਿਨ ਓਗਿਲਵੀ (46ਵਾਂ) ਨੇ ਗੋਲ ਦਾਗੇ। ਕਾਮਨਵੈਲਥ ਗੇਮਜ਼ ’ਚ 1998 ’ਚ ਹਾਕੀ ਨੂੰ ਸ਼ਾਮਲ ਕੀਤੇ ਜਾਣ ਮਗਰੋਂ ਸਾਰੇ ਸੱਤ ਸੋਨ ਤਗ਼ਮੇ ਆਸਟਰੇਲੀਆ ਨੇ ਜਿੱਤੇ ਹਨ। ਭਾਰਤ ਨੇ 2010 ’ਚ ਦਿੱਲੀ ਅਤੇ 2014 ’ਚ ਗਲਾਸਗੋ ਕਾਮਨਵੈਲਥ ਗੇਮਜ਼ ’ਚ ਚਾਂਦੀ ਦਾ ਤਗ਼ਮਾ ਹੀ ਜਿੱਤਿਆ ਸੀ। ਆਸਟਰੇਲੀਆ ਦੇ ਜੌਹਾਨ ਡਸਟਰ ਨੇ 51ਵੇਂ ਮਿੰਟ ’ਚ ਗੋਲ ਦਾਗਿਆ ਪਰ ਭਾਰਤੀ ਟੀਮ ਰੈਫਰਲ ’ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ 2010 ਦਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਅ ਹੋ ਗਿਆ।